ਨਵੀਂ ਦਿੱਲੀ- ਦਿੱਲੀ ਪੁਲਸ ਨੇ ਉੱਤਰ ਪ੍ਰਦੇਸ਼ ਦੇ ਇਕ 29 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਪੰਜਾਬ ਦੇ 2 ਯਾਤਰੀਆਂ ਨੂੰ ਰੋਮ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਸਵੀਡਨ ਦੀ ਯਾਤਰਾ ਕਰਨ ਲਈ ਜਾਅਲੀ 'ਸ਼ੈਨੇਗਨ ਵੀਜ਼ਾ' ਹਾਸਲ ਕਰਨ 'ਚ ਮਦਦ ਕਰਨ ਦਾ ਦੋਸ਼ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਭਿਨੇਸ਼ ਸਕਸੈਨਾ ਨੂੰ 2 ਯਾਤਰੀਆਂ ਨੂੰ ਜਾਅਲੀ ਪਾਸਪੋਰਟ ਪ੍ਰਦਾਨ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਸੀ, ਜਿਨ੍ਹਾਂ ਨੂੰ ਦੋਹਾ ਰਾਹੀਂ ਰੋਮ ਜਾਣ ਵਾਲੀ ਉਡਾਣ 'ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ। ਯੂਰਪ ਦੇ ਕੁਝ ਦੇਸ਼ਾਂ 'ਚ ਥੋੜ੍ਹੇ ਸਮੇਂ ਲਈ ਠਹਿਰਨ ਲਈ ਸ਼ੈਨੇਗਨ ਵੀਜ਼ਾ ਦਿੱਤਾ ਜਾਂਦਾ ਹੈ। ਦੋਵੇਂ ਯਾਤਰੀ ਆਪਣੇ ਇਕ ਰਿਸ਼ਤੇਦਾਰ ਰਾਹੀਂ ਲੱਲੀ ਨਾਮ ਦੇ ਏਜੰਟ ਦੇ ਸੰਪਰਕ 'ਚ ਆਏ ਸਨ, ਜਿਸ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਯਾਤਰਾ ਦਸਤਾਵੇਜ਼ਾਂ ਅਤੇ ਟਿਕਟਾਂ ਦਾ ਪ੍ਰਬੰਧ ਕਰਨ ਲਈ 31 ਲੱਖ ਰੁਪਏ ਦੀ ਮੰਗ ਕੀਤੀ ਸੀ। ਉਸ ਦੇ ਨਿਰਦੇਸ਼ਾਂ 'ਤੇ ਅਭਿਨੇਸ਼ ਨੇ ਦੋਵਾਂ ਦੇ ਜਾਣ ਤੋਂ ਪਹਿਲਾਂ ਜਾਅਲੀ ਦਸਤਾਵੇਜ਼ ਦਿੱਲੀ ਦੇ ਮਹਿਪਾਲਪੁਰ ਦੇ ਇਕ ਹੋਟਲ 'ਚ ਪਹੁੰਚਾ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੀ ਪਛਾਣ ਤਰਨਵੀਰ ਸਿੰਘ (18) ਅਤੇ ਗਗਨਦੀਪ ਸਿੰਘ (20) ਵਜੋਂ ਹੋਈ ਹੈ, ਦੋਵੇਂ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ।
ਅਪ੍ਰੈਲ ਮਹੀਨੇ 'ਚ 21-22 ਤਾਰੀਖ਼ ਦੀ ਮੱਧ ਰਾਤ ਨੂੰ ਉਹ ਆਈਜੀਆਈ ਹਵਾਈ ਅੱਡੇ 'ਤੇ ਨਿਕਾਸੀ ਲਈ ਇਮੀਗ੍ਰੇਸ਼ਨ ਡੈਸਕ 'ਤੇ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਐਡੀਸ਼ਨਲ ਪੁਲਸ ਕਮਿਸ਼ਨਰ (ਆਈਜੀਆਈ) ਊਸ਼ਾ ਰੰਗਨਾਨੀ ਨੇ ਕਿਹਾ,''ਜਾਂਚ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਇਆ ਕਿ ਉਨ੍ਹਾਂ ਦੇ ਭਾਰਤੀ ਪਾਸਪੋਰਟ 'ਤੇ ਲੱਗੇ ਸ਼ੈਨੇਗਨ ਵੀਜ਼ੇ ਨਕਲੀ ਸਨ।'' ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਅਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛ-ਗਿੱਛ ਦੌਰਾਨ ਦੋਵਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਰਿਸ਼ਤੇ ਦੇ ਭਰਾ ਹਨ ਅਤੇ ਆਪਣੇ ਰਿਸ਼ਤੇਦਾਰ ਕੋਲ ਬਿਹਤਰ ਆਰਥਿਕ ਮੌਕਿਆਂ ਦੀ ਤਲਾਸ਼ 'ਚ ਪਹਿਲਾਂ ਹੀ ਉੱਥੇ (ਸਵੀਡਨ) ਚਲੇ ਗਏ ਸਨ। ਪੰਜਾਬ 'ਚ ਲੱਲੀ ਦਾ ਪਤਾ ਲਗਾਉਣ ਲਈ ਕਈ ਛਾਪੇ ਮਾਰੇ ਗਏ ਪਰ ਸਫ਼ਲਤਾ ਨਹੀਂ ਮਿਲੀ। ਤਕਨੀਕੀ ਨਿਗਰਾਨੀ ਨਾਲ ਸਕਸੈਨਾ ਦਾ ਪਤਾ ਲਗਾਉਣ 'ਚ ਮਦਦ ਮਿਲੀ, ਜਿਸ ਨੂੰ ਦਿੱਲੀ 'ਚ ਟਿਕਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫ਼ਤਾਰ ਕਾਰ ਨੇ ਟੈਂਪੋ ਨੂੰ ਟੱਕਰ ਮਾਰੀ, ਚਾਰ ਦੀ ਮੌਤ, ਪਿਆ ਚੀਕ ਚਿਹਾੜਾ
NEXT STORY