ਗੈਜੇਟ ਡੈਸਕ- ਗੂਗਲ ਨੇ ਆਪਣੇ ਪਲੇ ਸਟੋਰ ਤੋਂ ਕੁਝ ਐਪਸ ਨੂੰ ਹਟਾਉਣ 'ਤੇ ਸਖਤ ਰੁਖ ਅਪਣਾਉਂਦੇ ਹੋਏ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਐਪਸ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਰਕਾਰ ਨੇ ਇਸ ਸਬੰਧ 'ਚ ਅਗਲੇ ਹਫਤੇ ਗੂਗਲ ਅਤੇ ਸੰਬੰਧਿਤ ਸਟਾਰਟਅਪਸ ਨੂੰ ਬੈਠਕ ਲਈ ਬੁਲਾਇਆ ਹੈ। ਆਈ.ਟੀ. ਅਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਟਾਰਟਅਪ ਈਕੋਸਿਸਟਮ ਭਾਰਤੀ ਅਰਥਵਿਵਸਥਾ ਦੀ ਕੁੰਜੀ ਹੈ ਅਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਿਸੇ ਵੱਡੀ ਤਕਨਾਲੋਜੀ ਕੰਪਨੀ 'ਤੇ ਨਹੀਂ ਛੱਡਿਆ ਜਾ ਸਕਦਾ।
ਮੰਤਰੀ ਦੀਆਂ ਟਿੱਪਣੀਆਂ ਦਾ ਮਹੱਤਵ ਹੈ ਕਿਉਂਕਿ ਗੂਗਲ ਨੇ ਸ਼ੁੱਕਰਵਾਰ ਨੂੰ ਸਰਵਿਸ ਚਾਰਜ ਦੇ ਭੁਗਤਾਨ ਨੂੰ ਲੈ ਕੇ ਵਿਵਾਦ ਨੂੰ ਲੈ ਕੇ ਭਾਰਤ ਵਿੱਚ ਆਪਣੇ ਪਲੇ ਸਟੋਰ ਤੋਂ ਇੱਕ ਪ੍ਰਸਿੱਧ 'ਮੈਟਰੀਮੋਨੀ' ਐਪ ਸਮੇਤ ਕੁਝ ਐਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਐਪਸ ਅਤੇ ਜਾਣੇ-ਪਛਾਣੇ ਸਟਾਰਟਅਪ ਫਾਊਂਡਰਜ਼ ਨੇ ਇਸ 'ਤੇ ਇਤਰਾਜ਼ ਜਤਾਇਆ ਸੀ। ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਵੈਸ਼ਨਵ ਨੇ ਕਿਹਾ, ''ਭਾਰਤ ਸਰਕਾਰ ਦੀ ਨੀਤੀ ਬਹੁਤ ਸਪੱਸ਼ਟ ਹੈ... ਸਾਡੇ ਸਟਾਰਟਅਪਸ ਨੂੰ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਮਿਲੇਗੀ।''
ਮੰਤਰੀ ਨੇ ਕਿਹਾ ਕਿ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਅਗਲੇ ਹਫਤੇ ਗੂਗਲ ਨਾਲ ਮੁਲਾਕਾਤ ਕਰੇਗੀ ਅਤੇ ਪਲੇ ਸਟੋਰ ਤੋਂ ਹਟਾਏ ਗਏ ਐਪ ਦੇ ਡਿਵੈਲਪਰ ਨੂੰ ਮਿਲਣਗੇ। ਵੈਸ਼ਨਵ ਨੇ ਕਿਹਾ, “ਮੈਂ ਪਹਿਲਾਂ ਹੀ ਗੂਗਲ ਨਾਲ ਗੱਲ ਕਰ ਚੁੱਕਾ ਹਾਂ… ਮੈਂ ਹਟਾਏ ਗਏ ਐਪ ਡਿਵੈਲਪਰਾਂ ਨਾਲ ਵੀ ਗੱਲ ਕੀਤੀ ਹੈ। ਅਸੀਂ ਅਗਲੇ ਹਫ਼ਤੇ ਉਨ੍ਹਾਂ ਨੂੰ ਮਿਲਾਂਗੇ...ਇਸ ਤਰ੍ਹਾਂ (ਐਪ) ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।'' ਉਨ੍ਹਾਂ ਕਿਹਾ ਕਿ ਭਾਰਤ ਨੇ 10 ਸਾਲਾਂ ਵਿੱਚ ਇੱਕ ਲੱਖ ਤੋਂ ਵੱਧ ਸਟਾਰਟਅਪਸ ਅਤੇ 100 ਤੋਂ ਵੱਧ ਯੂਨੀਕੋਰਨਾਂ ਦਾ ਇੱਕ ਮਜ਼ਬੂਤ ਸਟਾਰਟਅਪ ਈਕੋਸਿਸਟਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਉੱਦਮੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਵੱਡੀਆਂ ਟੈਕਨਾਲੋਜੀ ਕੰਪਨੀਆਂ ਦੀਆਂ ਨੀਤੀਆਂ 'ਤੇ ਨਹੀਂ ਛੱਡਿਆ ਜਾ ਸਕਦਾ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੂਗਲ ਨੇ ਕਿਹਾ ਸੀ ਕਿ ਕਈ ਮਸ਼ਹੂਰ ਫਰਮਾਂ ਸਮੇਤ ਕਈ ਕੰਪਨੀਆਂ ਉਸ ਦੇ 'ਬਿਲਿੰਗ' ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਹ ਕੰਪਨੀਆਂ ਵਿਕਰੀ 'ਤੇ ਲਾਗੂ ਪਲੇ ਸਟੋਰ ਸੇਵਾ ਫੀਸ ਦਾ ਭੁਗਤਾਨ ਨਹੀਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਗੂਗਲ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਗੂਗਲ ਪਲੇ 'ਤੇ ਅਜਿਹੇ ਗੈਰ-ਅਨੁਕੂਲ ਐਪਸ ਨੂੰ ਹਟਾਉਣ ਤੋਂ ਸੰਕੋਚ ਨਹੀਂ ਕਰੇਗਾ। ਗੂਗਲ ਨੇ ਕਿਹਾ ਕਿ ਇਨ੍ਹਾਂ ਡਿਵੈਲਪਰਾਂ ਨੂੰ ਤਿਆਰ ਕਰਨ ਲਈ ਤਿੰਨ ਸਾਲ ਤੋਂ ਵੱਧ ਸਮਾਂ ਦਿੱਤਾ ਗਿਆ ਸੀ। ਇਸ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਤਾ ਗਿਆ ਤਿੰਨ ਹਫ਼ਤਿਆਂ ਦਾ ਸਮਾਂ ਵੀ ਸ਼ਾਮਲ ਹੈ। ਗੂਗਲ ਨੇ ਕਿਹਾ ਕਿ ਇਸ ਤੋਂ ਬਾਅਦ ਹੁਣ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ ਕਿ ਉਸ ਦੀਆਂ ਨੀਤੀਆਂ ਸਾਰਿਆਂ 'ਤੇ ਬਰਾਬਰ ਲਾਗੂ ਹੋਣ।
ਕੰਪਨੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਗੂਗਲ ਪਲੇ ਤੋਂ ਗੈਰ-ਅਨੁਕੂਲ ਐਪਸ ਨੂੰ ਹਟਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਹੀ ਸ਼ਾਦੀ ਡਾਟ ਕਾਮ, ਮੈਟਰੀਮੋਨੀ ਡਾਟ ਕਾਮ, ਭਾਰਤ ਮੈਟਰੀਮੋਨੀ, ਬਾਲਾਜੀ ਟੈਲੀਫਿਲਮਜ਼ ਦੀ Alt (ਪਹਿਲਾਂ Alt ਬਾਲਾਜੀ), ਆਡੀਓ ਪਲੇਟਫਾਰਮ KuCoo FM, ਡੇਟਿੰਗ ਸਰਵਿਸ Quack Quack ਅਤੇ Truly Madly ਦੇ ਐਪਸ ਪਲੇ ਸੋਟਰ 'ਤੇ ਸਰਚ ਕਰਨ 'ਤੇ ਨਹੀਂ ਮਿਲੇ। Info Edge ਨੇ ਦੱਸਿਆ ਕਿ ਉਸ ਦੇ ਐਪਸ ਨੂੰ ਵੀ ਪਲੇ ਸਟੋਰ ਤੋਂ ਹਟਾ ਦਿੱਤੇ ਗਏ ਹਨ।
6 ਅਪ੍ਰੈਲ ਨੂੰ ਆ ਰਿਹੈ Ather Energy ਦਾ ਨਵਾਂ ਦਮਦਾਰ ਇਲੈਕਟ੍ਰਿਕ ਸਕੂਟਰ
NEXT STORY