ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ 2022 ਦੀ ਰਿਪੋਰਟ ਮੁਤਾਬਕ ਭਾਰਤ ’ਚ ਔਰਤਾਂ ਵਿਰੁੱਧ ਅਪਰਾਧ ਦੇ 4,45,256 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚ 4 ਫੀਸਦੀ ਦਾ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਦੇਸ਼ ’ਚ ਹਰ ਰੋਜ਼, ਹਰ ਘੰਟੇ 51 ਐੱਫ. ਆਈ. ਆਰਜ਼ ਦਰਜ ਹੋ ਰਹੀਆਂ ਹਨ।
ਅਜਿਹੇ ’ਚ ਲੋੜ ਹੈ ਕਿ ਉਨ੍ਹਾਂ ਕੋਲ ਸੁਰੱਖਿਆ ਦੇ ਕੁਝ ਅਜਿਹੇ ਹਥਿਆਰ ਹੋਣ ਜੋ ਉਨ੍ਹਾਂ ਨੂੰ ਤਤਕਾਲ ਰਾਹਤ ਦੇ ਸਕਣ। ਇਸ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਨੇ ਪਹਿਲ ਕੀਤੀ ਹੈ। ਔਰਤਾਂ ਨੂੰ ਹਰ ਥਾਂ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਮਹਿਲਾ ਸੁਰੱਖਿਆ ਐਪਲੀਕੇਸ਼ਨਜ਼ ਲਾਂਚ ਕੀਤੀਆਂ ਹਨ ਜੋ ਉਨ੍ਹਾਂ ਦੇ ਸਮਾਰਟਫੋਨ ਦੇ ਗੂਗਲ ਪਲੇਅ ਸਟੋਰ ’ਤੇ ਮੌਜੂਦ ਹਨ।
ਕੇਸ-1 : ਮਾਮਲਾ ਜੈਪੁਰ ਦੇ ਤ੍ਰਿਵੇਣੀ ਨਗਰ ਦਾ ਹੈ। 12 ਫਰਵਰੀ ਦੀ ਸਵੇਰ, ਇਕ ਕੋਚਿੰਗ ਵਿਦਿਆਰਣ ਨਾਲ ਰਾਹ ਜਾਂਦਿਆਂ ਇਕ ਨੌਜਵਾਨ ਵਲੋਂ ਛੇੜਛਾੜ ਦੀ ਘਟਨਾ ਹੋਈ। ਦੁਖੀ ਵਿਦਿਆਰਥਣ ਨੇ ਰਾਜਕਾਪ ਸਿਟੀਜ਼ਨ ਐਪ ਦੇ ਫੀਚਰ ’ਤੇ ਜਿਵੇਂ ਹੀ ਸੰਦੇਸ਼ ਭੇਜਿਆ, ਉਸ ਤੋਂ ਬਾਅਦ 3 ਮਿੰਟ ਅੰਦਰ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਵਿਦਿਆਰਥਣ ਦੀ ਸਮਝਦਾਰੀ ਅਤੇ ਐਪ ਦੀ ਮਦਦ ਨਾਲ ਖਤਰਾ ਟਲ ਗਿਆ।
ਕੇਸ-2 : ਭਰਤਪੁਰ ਦੀ ਰਹਿਣ ਵਾਲੀ ਲੜਕੀ ਜੈਪੁਰ ਦੇ ਮਹੇਸ਼ ਨਗਰ ’ਚ ਪੀ. ਜੀ. ’ਚ ਰਹਿ ਕੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਸੀ। ਇੰਸਟਾਗ੍ਰਾਮ ’ਤੇ ਉਸ ਦੀ ਜਾਣ-ਪਛਾਣ ਬੀਕਾਨੇਰ ਵਾਸੀ ਧੀਰਜ ਰੰਧਾਵਾ ਨਾਲ ਹੋਈ।
ਧੀਰਜ ਨੇ ਉਸ ਨੂੰ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਬੜੋਦੀਆ ਬਸਤੀ ’ਚ ਹੋਟਲ ਟਾਊਨ ਹਾਊਸ ’ਚ ਬੁਲਾ ਲਿਆ। ਉਥੇ ਉਸ ਨੇ ਲੜਕੀ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਖੁਦ ਨੂੰ ਬਾਥਰੂਮ ’ਚ ਬੰਦ ਕਰ ਲਿਆ। ਇਸ ਪਿੱਛੋਂ ਉਸ ਨੇ ਮੋਬਾਈਲ ’ਚ ਡਾਊਨਲੋਡ ਰਾਜਕਾਪ ਸਿਟੀਜ਼ਨ ਐਪ ਦੇ ਨੀਡ ਹੈਲਪ ਫੀਚਰ ਦਾ ਬਟਨ ਦਬਾ ਦਿੱਤਾ। ਸਿਰਫ 15 ਮਿੰਟ ’ਚ ਪੁਲਸ ਹੋਟਲ ’ਚ ਪਹੁੰਚ ਗਈ।
ਸਟੇਟ ਕ੍ਰਾਈਮ ਰਿਕਾਰਡ ਬਿਊਰੋ ਦੇ ਆਈ. ਜੀ. ਸ਼ਰਤ ਕਵੀਰਾਜ ਨੇ ਦੱਸਿਆ ਕਿ ਛੇੜਛਾੜ, ਐਸਿਡ ਅਟੈਕ ਅਤੇ ਅਗਵਾ ਵਰਗੀਆਂ ਵਾਰਦਾਤਾਂ ਦੇ ਕਾਰਨ ਔਰਤਾਂ ਅਤੇ ਧੀਆਂ ਦੀ ਸੁਰੱਖਿਆ ਦਾ ਮੁੱਦਾ ਅਹਿਮ ਹੋ ਗਿਆ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਕਈ ਅਜਿਹੇ ਐਪਸ ਬਣਾਏ ਗਏ ਹਨ, ਜੋ ਗੂਗਲ ਪਲੇਅ ਸਟੋਰ ’ਤੇ ਮੌਜੂਦ ਹਨ। ਇਨ੍ਹਾਂ ਐਪਸ ’ਚ ਜੀ. ਪੀ. ਐੱਸ., ਟ੍ਰੈਕਿੰਗ, ਐਮਰਜੈਂਸੀ ਕਾਂਟੈਕਟ ਨੰਬਰ ਅਤੇ ਸੇਫ ਲੋਕੇਸ਼ਨ ਵਰਗੇ ਫੀਚਰਜ਼ ਹਨ।
ਇਨ੍ਹਾਂ ’ਚੋਂ ਕੁਝ ਐਪਸ ਸਿੱਧੇ ਪੁਲਸ ਕੰਟਰੋਲ ਰੂਮ ਨਾਲ ਜੁੜੇ ਹਨ ਜਿਨ੍ਹਾਂ ਰਾਹੀਂ ਤੁਸੀਂ ਪੁਲਸ ਨਾਲ ਆਡੀਓ ਜਾਂ ਵੀਡੀਓ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ’ਚ ਔਰਤ ਸਹਾਇਤਾ ਲਈ ਆਉਣ ਵਾਲੇ ਵਾਹਨ ਦੀ ਸਥਿਤੀ ਨੂੰ ਜਾਂਚ ਸਕਦੀ ਹੈ। ਇਸ ਸਥਿਤੀ ’ਚ ਕੰਟਰੋਲ ਰੂਮ ਤੋਂ ਔਰਤ ਨੂੰ ਫੋਨ ਵੀ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਐਪਸ ਦੀ ਜਾਣਕਾਰੀ ਹਰ ਔਰਤ ਨੂੰ ਹੋਣੀ ਚਾਹੀਦੀ ਹੈ ਜਿਸ ਨਾਲ ਸੰਕਟ ਦੇ ਸਮੇਂ ਉਹ ਆਪਣੀ ਸੁਰੱਖਿਆ ਲਈ ਇਨ੍ਹਾਂ ਦੀ ਵਰਤੋਂ ਕਰ ਸਕੇ।
ਹਾਲ ਹੀ ਦੇ ਸਾਲਾਂ ’ਚ, ਭਾਰਤ ’ਚ ਔਰਤਾਂ ਦੀ ਸੁਰੱਖਿਆ ਵਧਾਉਣ ਅਤੇ ਐਮਰਜੈਂਸੀ ’ਚ ਤੁਰੰਤ ਰਾਹਤ ਦੇਣ ਲਈ ਸਮਰਪਿਤ ਤਕਨੀਕਾਂ ਅਤੇ ਮੋਬਾਈਲ ਐਪਲੀਕੇਸ਼ਨ ਵਿਕਸਿਤ ਕੀਤੇ ਗਏ ਹਨ, ਜੋ ਇਸ ਤਰ੍ਹਾਂ ਹਨ :
ਰਾਜਕਾਪ ਸਿਟੀਜ਼ਨ ਐਪ : ਰਾਜਕਾਪ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ਤੋਂ ਅੰਗਰੇਜ਼ੀ ’ਚ ਰਾਜਕਾਪ ਸਿਟੀਜ਼ਨ ਐਪ ਟਾਈਪ ਕਰ ਕੇ ਡਾਊਨਲੋਡ ਕਰ ਸਕਦੇ ਹੋ। ਐਪ ਨੂੰ ਓਪਨ ਕਰਦੇ ਹੀ ਐੱਸ. ਓ. ਐੱਸ. ਪੈਨਿਕ ਬਟਨ ਦੀ ਸਹੂਲਤ ਮਿਲੇਗੀ। ਇਕ ਕਲਿਕ ’ਤੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਪਹੁੰਚਦੀ ਹੈ। ਇਹ ਐਪ ਮਹਿਲਾ ਸੁਰੱਖਿਆ ਆਨਲਾਈਨ ਸ਼ਿਕਾਇਤ, ਕਿਰਾਏਦਾਰਾਂ ਅਤੇ ਨੌਕਰਾਂ ਦੀ ਤਸਦੀਕ ਅਤੇ ਐਮਰਜੈਂਸੀ ਸੇਵਾਵਾਂ ’ਚ ਸਹਾਇਤਾ ਲਈ ਕੰਮ ਕਰ ਰਿਹਾ ਹੈ।
ਸੇਫਟੀਪਿਨ ਐਪ : ਕੰਮਕਾਜੀ ਔਰਤਾਂ ਲਈ ਇਹ ਐਪ ਫਾਇਦੇਮੰਦ ਹੈ। ਇਹ ਇਕ ਅਜਿਹੀ ਐਪ ਹੈ ਜੋ ਵੱਖ-ਵੱਖ ਖੇਤਰਾਂ ’ਚ ਸੁਰੱਖਿਅਤ ਅਤੇ ਅਸੁਰੱਖਿਅਤ ਥਾਵਾਂ ਦੀ ਜਾਣਕਾਰੀ ਦਿੰਦੀ ਹੈ। ਜੇਕਰ ਤੁਸੀਂ ਯਾਤਰਾ ਕਰਦੇ ਸਮੇਂ ਡਰਦੇ ਹੋ ਤਾਂ ਇਹ ਐਪ ਉਨ੍ਹਾਂ ਲੋਕਾਂ ਤਕ ਤੁਹਾਡਾ ਸੰਦੇਸ਼ ਪਹੁੰਚਾ ਦੇਵੇਗੀ, ਜਿਨ੍ਹਾਂ ਕੋਲੋਂ ਤੁਹਾਨੂੰ ਮਦਦ ਚਾਹੀਦੀ ਹੋਵੇ। ਇਹ ਐਪ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਕਰਦੀ ਹੈ। ਔਰਤਾਂ ਨੂੰ ਖੁਦ ਨੂੰ ਸੁਰੱਖਿਅਤ ਰੱਖਣ ਲਈ ਇਹ ਐਪ ਜ਼ਰੂਰ ਰੱਖਣੀ ਚਾਹੀਦੀ ਹੈ। ਇਸ ਨੂੰ ਗੂਗਲ ਪਲੇਅ ਸਟੋਰ ਤੋਂ ਹੀ ਇੰਸਟਾਲ ਕਰਨਾ ਚਾਹੀਦਾ ਹੈ।
ਬੀ ਸੇਫ ਐਪ : ਇਸ ਐਪ ਨੂੰ ਖਾਸ ਤੌਰ ’ਤੇ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਹੈ। ਜੇਕਰ ਤੁਹਾਨੂੰ ਰਾਤ ’ਚ ਇਕੱਲੇ ਚੱਲਦਿਆਂ ਡਰ ਲੱਗਦਾ ਹੈ ਤਾਂ ਇਹ ਤੁਹਾਡੇ ਬਹੁਤ ਕੰਮ ਆ ਸਕਦੀ ਹੈ। ਇਸ ’ਚ ਵਾਇਸ ਐਕਟੀਵੇਸ਼ਨ, ਲਾਈਵ ਸਟ੍ਰੀਮਿੰਗ, ਆਡੀਓ, ਵੀਡੀਓ ਰਿਕਾਰਡਿੰਗ ਅਤੇ ਲੋਕੇਸ਼ਨ ਟ੍ਰੈਕਿੰਗ ਵਰਗੇ ਸਪੈਸ਼ਲ ਫੀਚਰਜ਼ ਮੌਜੂਦ ਹਨ। ਇਸ ਐਪਲੀਕੇਸ਼ਨ ਦੀ ਵਰਤੋਂ ਕਰ ਕੇ ਹਿੰਸਾ, ਸੈਕਸ ਸ਼ੋਸ਼ਣ ਅਤੇ ਜਬਰ-ਜ਼ਨਾਹ ਵਰਗੇ ਅਪਰਾਧਾਂ ਦੇ ਸਬੂਤ ਇਕੱਠੇ ਕੀਤੇ ਜਾ ਸਕਦੇ ਹਨ। ਇਸ ’ਚ ਐੱਸ. ਓ. ਐੱਸ. ਬਟਨ ਦਬਾਉਣ ’ਤੇ ਐਮਰਜੈਂਸੀ ਕੰਟੈਕਟ ਨੰਬਰ ਨੂੰ ਤੁਰੰਤ ਲੋਕੇਸ਼ਨ ਸ਼ੇਅਰ ਹੋ ਜਾਂਦੀ ਹੈ।
ਆਈ ਐਮ ਸੇਫ ਮੋਬਾਈਲ ਐਪ : ਇਹ ਮੋਬਾਈਲ ਐਪਲੀਕੇਸ਼ਨ ਖਾਸ ਤੌਰ ’ਤੇ ਅਜਿਹੀਆਂ ਔਰਤਾਂ ਲਈ ਡਿਜ਼ਾਈਨ ਕੀਤੀ ਗਈ ਹੈ ਜਿਨ੍ਹਾਂ ਨੂੰ ਸਿਰਫ ਵ੍ਹਟਸਐਪ ਅਤੇ ਫੇਸਬੁੱਕ ਚਲਾਉਣੀ ਆਉਂਦੀ ਹੈ ਭਾਵ ਮੋਬਾਈਲ ਐਪਲੀਕੇਸ਼ਨ ਆਪ੍ਰੇਟ ਕਰਨੀ ਨਹੀਂ ਆਉਂਦੀ। ਟਰੈਕ ਮੀ ਫੀਚਰ ਦੀ ਮਦਦ ਨਾਲ ਔਰਤਾਂ ਦੀ ਰੀਅਲ ਟਾਈਮ ਟ੍ਰੈਕਿੰਗ ਕੀਤੀ ਜਾ ਸਕਦੀ ਹੈ। ਇਸ ’ਚ ਐਮਰਜੈਂਸੀ ’ਚ ਕੁਇਕ ਅਲਰਟ ਦੀ ਸਹੂਲਤ ਹੈ।
ਰੱਖਿਆ ਐਪ : ਇਹ ਐਪ ਮੁਸੀਬਤ ਦੀ ਘੜੀ ’ਚ ਯੂਜ਼ਰ ਦੇ ਪਰਿਵਾਰ ਦੇ ਲੋਕਾਂ ਨੂੰ ਉਸ ਦੀ ਕਰੰਟ ਲੋਕੇਸ਼ਨ ਬਾਰੇ ਦੱਸਦੀ ਹੈ। ਇਸ ਦੀ ਖਾਸੀਅਤ ਹੈ ਕਿ ਭਾਵੇਂ ਹੀ ਯੂਜ਼ਰ ਦਾ ਫੋਨ ਸਵਿਚ ਆਫ ਹੋ ਜਾਵੇ ਜਾਂ ਫਿਰ ਨੋ ਨੈੱਟਵਰਕ ’ਚ ਰਹੇ ਤਦ ਵੀ ਯੂਜ਼ਰ ਆਪਣੇ ਪਰਿਵਾਰ ਵਾਲਿਆਂ ਨੂੰ 3 ਸੈਕੰਡ ਲਈ ਵਾਲਿਊਮ ਕੀ ਦਬਾ ਕੇ ਅਲਰਟ ਕਰ ਸਕਦੇ ਹਨ। ਇਹ ਉਥੇ ਵੀ ਕੰਮ ਕਰਦੀ ਹੈ, ਜਿਥੇ ਇੰਟਰਨੈੱਟ ਦੀ ਸਹੂਲਤ ਨਹੀਂ ਹੁੰਦੀ।
112 ਇੰਡੀਆ ਐਪ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਦੇ ਸਾਂਝੇ ਯਤਨ ਨਾਲ ਔਰਤਾਂ ਦੀ ਸੁਰੱਖਿਆ ਲਈ ਨਿਰਭਯਾ ਪਹਿਲ ਦੇ ਤਹਿਤ ਘਰ ਤੋਂ ਦੂਰ ਇਕੱਲੀਆਂ ਰਹਿਣ ਵਾਲੀਆਂ ਔਰਤਾਂ ਨੂੰ ਇਹ ਐਪ ਤੁਰੰਤ ਡਾਊਨਲੋਡ ਕਰ ਲੈਣੀ ਚਾਹੀਦੀ ਹੈ। ਇਸ ਨੂੰ ਔਰਤਾਂ ਦੀ ਐਮਰਜੈਂਸੀ ਦੀ ਹਾਲਤ ’ਚ ਮਦਦ ਲਈ ਬਣਾਇਆ ਗਿਆ ਹੈ।
ਅਜਿਹੀ ਐਪ ’ਚ ਵੱਖ-ਵੱਖ ਐਮਰਜੈਂਸੀ ਸਰਵਿਸ ਮੁਹੱਈਆ ਹਨ। ਇਹ ਸਰਵਿਸ ਐਮਰਜੈਂਸੀ ਹਾਲਾਤ ਨੂੰ ਈ. ਆਰ. ਐੱਸ. ਤਕ ਪਹੁੰਚਾਉਂਦੀ ਹੈ ਅਤੇ ਆਲੇ-ਦੁਆਲੇ ਦੇ ਰਜਿਸਟਰਡ ਸਵੈਮਸੇਵਕਾਂ ਨੂੰ ਵੀ ਸੂਚਿਤ ਕਰਦੀ ਹੈ। ਇਹ ਐਪ ਦੇਸ਼ ਦੇ 36 ਸੂਬਿਆਂ ’ਚ ਕੰਮ ਕਰਦੀ ਹੈ। ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਮਾਰਟ 24x7 ਐਪ : ਇਹ ਐਪ ਤੁਹਾਨੂੰ ਘਰ ਤੋਂ ਬਾਹਰ ਹੀ ਨਹੀਂ ਸਗੋਂ ਸ਼ਹਿਰ ਤੋਂ ਬਾਹਰ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਐਪ ਭਾਰਤ ਦੇ ਕਈ ਸੂਬਿਆਂ ’ਚ ਲਾਂਚ ਕੀਤੀ ਗਈ ਹੈ। ਇਹ ਕਿਸੇ ਐਮਰਜੈਂਸੀ ਦੀ ਸਥਿਤੀ ’ਚ ਐਮਰਜੈਂਸੀ ਕਾਂਟੈਕਟ ਨੂੰ ਪੈਨਿਕ ਅਲਰਟ ਭੇਜਣ ਦੇ ਨਾਲ ਵਾਇਸ ਰਿਕਾਰਡਿੰਗ ਵੀ ਕਰਦੀ ਹੈ। ਇੰਨਾ ਹੀ ਨਹੀਂ ਪੈਨਿਕ ਸਿਚੂਏਸ਼ਨ ਦੌਰਾਨ ਫੋਟੋ ਵੀ ਭੇਜਦੀ ਹੈ, ਜੋ ਪੁਲਸ ਦੇ ਨਾਲ ਵੀ ਸ਼ੇਅਰ ਕੀਤੀ ਜਾ ਸਕਦੀ ਹੈ।
ਹਿੰਮਤ ਪਲੱਸ ਐਪ : ਦਿੱਲੀ ਪੁਲਸ ਨੇ ਇਸ ਐਪ ਨੂੰ ਖਾਸ ਔਰਤਾਂ ਲਈ ਪੇਸ਼ ਕੀਤਾ ਹੈ। ਇਸ ਐਪ ਦੀ ਵਰਤੋਂ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਦਿੱਲੀ ਪੁਲਸ ਦੀ ਸਾਈਟ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ। ਯੂਜ਼ਰ ਨੂੰ ਇਸ ਐਪ ’ਚ ਐੱਸ. ਓ. ਐੱਸ. ਬਟਨ ਦੀ ਸਹੂਲਤ ਮਿਲੇਗੀ, ਜਿਸ ਨਾਲ ਐਮਰਜੈਂਸੀ ਦੀ ਸਥਿਤੀ ’ਚ ਯੂਜ਼ਰ ਦੀ ਲੋਕੇਸ਼ਨ, ਆਡੀਓ ਅਤੇ ਵੀਡੀਓ ਸਿੱਧੀ ਪੁਲਸ ਕੰਟਰੋਲ ਰੂਮ ਤਕ ਪੁੱਜ ਜਾਵੇਗੀ। ਉਥੇ ਹੀ ਇਸ ਐਪ ਲਈ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਦੇਣਾ ਪਵੇਗਾ।
ਮਹਿਲਾ ਸੁਰੱਖਿਆ ਐਪ : ਇਹ ਐਪ ਕਿਸੇ ਐਮਰਜੈਂਸੀ ਦੇ ਸਮੇਂ ਯੂਜ਼ਰ ਦੀ ਆਵਾਜ਼ ਦਾ 45 ਸੈਕੰਡ ਦਾ ਸੁਨੇਹਾ, ਵੀਡੀਓ ਅਤੇ ਲੋਕੇਸ਼ਨ ਐਮਰਜੈਂਸੀ ਨੰਬਰ ’ਤੇ ਭੇਜ ਸਕਦੀ ਹੈ। ਤੁਸੀਂ ਬਸ ਇਕ ਬਟਨ ਦਬਾਉਣਾ ਹੈ ਅਤੇ ਈ-ਮੇਲ ਤੁਹਾਡੇ ਪਿਆਰਿਆਂ ਨੂੰ ਗੂਗਲ ਮੈਪ ’ਚ ਤੁਹਾਡੇ ਸਥਾਨ ਦੇ ਨਾਲ ਭੇਜ ਦਿੱਤਾ ਜਾਂਦਾ ਹੈ, ਨਾਲ ਹੀ ਫਰੰਟ ਅਤੇ ਬੈਕ ਕੈਮਰੇ ਨਾਲ ਵੀ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਇਕ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ, ਜੋ ਮੇਲ ਰਾਹੀਂ ਭੇਜਿਆ ਜਾਂਦਾ ਹੈ।
ਹਰ ਦਿਨ ਦੇਸ਼ ’ਚ ਹੋ ਰਹੀ ਕੋਈ ਨਾ ਕੋਈ ਘਟਨਾ ਔਰਤਾਂ ਦਾ ਮਨੋਬਲ ਤੋੜ ਦਿੰਦੀ ਹੈ। ਇਸ ਦਿਸ਼ਾ ’ਚ ਸਰਕਾਰ ਅਤੇ ਪੁਲਸ ਦੀ ਮਦਦ ਤੋਂ ਇਲਾਵਾ ਔਰਤਾਂ ਨੂੰ ਵੀ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ। ਅਪਰਾਧਾਂ ਵਿਰੁੱਧ ਲੜਨ ਲਈ ਹਰ ਔਰਤ ਨੂੰ ਆਪਣੀ ਸੁਰੱਖਿਆ ਪ੍ਰਤੀ ਜ਼ਿੰਮੇਵਾਰ ਅਤੇ ਸੁਚੇਤ ਰਹਿਣ ਦੀ ਲੋੜ ਹੈ। ਅਜਿਹੇ ’ਚ ਇਹ ਐਪਲੀਕੇਸ਼ਨਜ਼ ਹਰ ਲੜਕੀ ਦੇ ਸਮਾਰਟਫੋਨ ’ਚ ਸੁਰੱਖਿਆ ਲਈ ਜ਼ਰੂਰੀ ਹੈ।
ਗੀਤਾ ਯਾਦਵ
ਹੁਣ ਸਿਆਸਤ ਕਿਸੇ ਸ਼ਰਾਬਖਾਨੇ ਦੀ ਲੜਾਈ ਵਰਗੀ ਦਿਸਦੀ ਹੈ
NEXT STORY