ਗੈਜੇਟ ਡੈਸਕ– ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ’ਚੋਂ ਇਕ ਹੋ ਜਿਨ੍ਹਾਂ ਨੇ ਸਾਲ 2017 ਤੋਂ ਪਹਿਲਾਂ ਆਈਫੋਨ ਖਰੀਦਿਆ ਸੀ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਪੁਰਾਣੇ ਆਈਫੋਨ ਨੂੰ ਜਾਣਬੁੱਝ ਕੇ ਸਲੋਅ ਕਰਨ ਨੂੰ ਲੈ ਕੇ ਟੈਕਨਾਲੋਜੀ ਦਿੱਗਜ ਕੰਪਨੀ ਐਪਲ ਯੂਜ਼ਰਜ਼ ਨੂੰ 50 ਕਰੋੜ ਡਾਲਰ (ਕਰੀਬ 3,600 ਕਰੋੜ ਰੁਪਏ) ਦਾ ਭੁਗਤਾਨ ਕਰੇਗੀ। ਪੁਰਾਣੇ ਆਈਫੋਨ ਨੂੰ ਸਲੋਅ ਕਰਨ ਨੂੰ ਲੈ ਕੇ ਐਪਲ ’ਤੇ ਅਮਰੀਕਾ ਦੇ ਸੈਨ ਜੋਸ ਦੀ ਜਿਲਾ ਅਦਾਲਤ ’ਚ ਮੁਕਦਮਾ ਦਰਜ ਹੋਇਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਅਮਰੀਕਾ ਦੇ ਜਿਨ੍ਹਾਂ ਯੂਜ਼ਰਜ਼ ਦਾ ਆਈਫੋਨ ਸਲੋਅ ਹੋਇਆ ਸੀ ਉਨ੍ਹਾਂ ਨੂੰ ਕੰਪਨੀ 25 ਡਾਲਰ ਯਾਨੀ ਕਰੀਬ 1,823 ਰੁਪਏ ਹਰਜ਼ਾਨੇ ਦੇ ਰੂਪ ’ਚ ਦੇਵੇਗੀ, ਹਾਲਾਂਕਿ, ਦਾਅਵੇਦਾਰਾਂ ਦੀ ਸਹੀ ਗਿਣਤੀ ਸਾਹਮਣੇ ਆਉਣ ਤੋਂ ਬਾਅਦ ਮਿਲਣ ਵਾਲੀ ਰਕਮ ਘੱਟ ਜਾਂ ਜ਼ਿਆਦਾ ਵੀ ਹੋ ਸਕਦੀ ਹੈ।
ਦੱਸ ਦੇਈਏ ਕਿ ਸਾਲ 2017 ’ਚ ਆਈਫੋਨ ਨੂੰ ਸਲੋਅ ਕਰਨ ਨੂੰ ਲੈ ਕੇ ਐਪਲ ਨੇ ਮੁਆਫੀ ਮੰਗੀ ਸੀ ਅਤੇ ਘੱਟ ਕੀਮਤ ’ਚ ਬੈਟਰੀ ਬਦਲਵਾਉਣ ਦਾ ਆਫਰ ਦਿੱਤਾ ਸੀ। ਮੁਕਦਮੇ ਦਾ ਸੈਟਲਮੈਂਟ 3 ਅਪ੍ਰੈਲ 2020 ਨੂੰ ਹੋਵੇਗਾ। ਆਈਫੋਨ ਸਲੋਅ ਹੋਣ ਦਾ ਮੁਆਵਜ਼ਾ ਉਨ੍ਹਾਂ ਹੀ ਅਮਰੀਕੀ ਗਾਹਕਾਂ ਨੂੰ ਮਿਲੇਗਾ ਜਿਨ੍ਹਾਂ ਨੇ 21 ਦਸੰਬਰ 2017 ਤੋਂ ਪਹਿਲਾਂ ਆਈਫੋਨ 6, 6 ਪਲੱਸ, 6ਐੱਸ, 6ਐੱਸ ਪਲੱਸ, ਆਈਫੋਨ 7, 7 ਪਲੱਸ ਜਾਂ ਐੱਸ.ਈ. ਖਰੀਦਿਆ ਸੀ।
ਕੀ ਹੈ ਮਾਮਲਾ?
ਇਹ ਪੂਰਾ ਮਾਮਲਾ ਸਾਲ 2017 ਦਾ ਹੈ, ਜਦੋਂ ਅਮਰੀਕਾ ’ਚ ਕਈ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਸਾਫਟਵੇਅਰ ਅਪਡੇਟ ਤੋਂ ਬਾਅਦ ਉਨ੍ਹਾਂ ਦੇ ਆਈਫੋਨ ਸਲੋਅ ਹੋ ਗਏ ਹਨ। ਯੂਜ਼ਰਜ਼ ਦਾ ਦੋਸ਼ ਸੀ ਕਿ ਐਪਲ ਨੇ ਜਾਣਬੁੱਝ ਕੇ ਅਜਿਹਾ ਕੀਤਾ ਹੈ ਤਾਂ ਜੋ ਲੋਕ ਨਵੇਂ ਆਈਫੋਨ ਖਰੀਦਣ ਲਈ ਮਜਬੂਰ ਹੋ ਜਾਣ। ਆਈਫੋਨ ਸਲੋਅ ਹੋਣ ਦੀ ਸ਼ਿਕਾਇਤ ਤੋਂ ਬਾਅਦ ਐਪਲ ਨੇ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਯੂਜ਼ਰਜ਼ ਸਿਰਫ 29 ਡਾਲਰ (ਕਰੀਬ 2,000 ਰੁਪਏ) ਦੇ ਕੇ ਬੈਟਰੀ ਰਿਪਲੇਸਮੈਂਟ ਕਰਵਾ ਸਕਦੇ ਹਨ। ਹਾਲਾਂਕਿ, ਆਈਫੋਨ ਸਲੋਅ ਹੋਣ ਦਾ ਮੁਆਵਜ਼ਾ ਭਾਰਤੀ ਯੂਜ਼ਰਜ਼ ਨੂੰ ਮਿਲੇਗਾ ਜਾਂ ਨਹੀਂ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ।
ਸੈਮਸੰਗ ਨੇ ਲਾਂਚ ਕੀਤਾ ਨਵਾਂ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ
NEXT STORY