ਗੈਜੇਟ ਡੈਸਕ - ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਕਰੋੜਾਂ ਗਾਹਕਾਂ ਲਈ ਇਕ ਸ਼ਾਨਦਾਰ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਹੁਣ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਆਉਣ ਵਾਲੀ ਕਾਲ ਦੀ ਪਛਾਣ ਕਰਨ ਲਈ Truecaller ਵਰਗੀ ਕਿਸੇ ਬਾਹਰੀ ਐਪ ਦੀ ਲੋੜ ਨਹੀਂ ਪਵੇਗੀ। ਸਰਕਾਰੀ ਟੈਲੀਕਾਮ ਕੰਪਨੀ ਜਲਦੀ ਹੀ ਪੂਰੇ ਦੇਸ਼ 'ਚ CNAP (ਕਾਲਰ ਨੇਮ ਪ੍ਰੈਜ਼ੈਂਟੇਸ਼ਨ) ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਕੀ ਹੈ CNAP ਫੀਚਰ?
CNAP ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦੀ ਇਕ ਵਿਸ਼ੇਸ਼ ਪਹਿਲ ਹੈ। ਇਸ ਦੇ ਤਹਿਤ, ਜਦੋਂ ਵੀ ਤੁਹਾਨੂੰ ਕੋਈ ਫੋਨ ਆਵੇਗਾ, ਤਾਂ ਤੁਹਾਡੇ ਫੋਨ ਦੀ ਸਕ੍ਰੀਨ 'ਤੇ ਕਾਲ ਕਰਨ ਵਾਲੇ ਦਾ ਨਾਮ ਦਿਖਾਈ ਦੇਵੇਗਾ। ਇਹ ਸੇਵਾ ਕਾਲਰ ਦੀ ਪਛਾਣ ਕਰਨ ਲਈ KYC-ਵੈਰੀਫਾਈਡ ਵੇਰਵਿਆਂ ਦੀ ਵਰਤੋਂ ਕਰਦੀ ਹੈ, ਜਿਸ ਨਾਲ ਸਹੀ ਨਾਮ ਦਾ ਪਤਾ ਲੱਗ ਸਕੇਗਾ। ਇਸ ਨਾਲ ਯੂਜ਼ਰਸ ਨੂੰ ਸਪੈਮ ਕਾਲਾਂ ਤੋਂ ਬਚਣ ਅਤੇ ਫੋਨ ਚੁੱਕਣ ਤੋਂ ਪਹਿਲਾਂ ਸਹੀ ਫੈਸਲਾ ਲੈਣ 'ਚ ਮਦਦ ਮਿਲੇਗੀ।
ਕਦੋਂ ਤੱਕ ਹੋਵੇਗਾ ਲਾਂਚ?
ਰਿਪੋਰਟਾਂ ਅਨੁਸਾਰ, BSNL ਨੇ ਇਸ ਹੱਲ ਨੂੰ ਪਹਿਲਾਂ ਹੀ ਤਾਇਨਾਤ (Deploy) ਕਰ ਦਿੱਤਾ ਹੈ ਅਤੇ ਹੁਣ ਇਸ ਨੂੰ ਜ਼ੋਨ-ਵਾਰ ਤਰੀਕੇ ਨਾਲ ਜੋੜਿਆ ਜਾ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਇਹ ਸੇਵਾ ਪੂਰੇ ਭਾਰਤ 'ਚ ਰੋਲ ਆਊਟ ਕਰ ਦਿੱਤੀ ਜਾਵੇਗੀ। ਇਸ ਸਿਸਟਮ ਨੂੰ 'ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ' ਰਾਹੀਂ ਵਿਕਸਤ ਕੀਤਾ ਗਿਆ ਹੈ।
ਇਸ ਸੇਵਾ ਦੀਆਂ ਮੁੱਖ ਗੱਲਾਂ :-
ਕੋਈ ਫੀਸ ਨਹੀਂ
- ਇਸ ਸੇਵਾ ਲਈ ਗਾਹਕਾਂ ਨੂੰ ਕੋਈ ਵਾਧੂ ਸਬਸਕ੍ਰਿਪਸ਼ਨ ਫੀਸ ਨਹੀਂ ਦੇਣੀ ਪਵੇਗੀ।
ਇੰਟਰਨੈਟ ਦੀ ਲੋੜ ਨਹੀਂ
- ਇਸ ਫੀਚਰ ਨੂੰ ਵਰਤਣ ਲਈ ਇੰਟਰਨੈਟ ਐਕਸੈਸ ਦੀ ਜ਼ਰੂਰਤ ਨਹੀਂ ਹੈ।
ਨੈੱਟਵਰਕ ਸਪੋਰਟ
- ਇਹ ਸੁਵਿਧਾ 4G ਅਤੇ 5G ਨੈੱਟਵਰਕਾਂ 'ਤੇ ਉਪਲਬਧ ਹੋਵੇਗੀ, ਹਾਲਾਂਕਿ ਇਹ ਫੀਚਰ ਫੋਨਾਂ (ਕੀਪੈਡ ਵਾਲੇ ਫੋਨ) 'ਤੇ ਕੰਮ ਨਹੀਂ ਕਰੇਗੀ।
ਕੰਮ ਚੱਲ ਰਿਹੈ
- ਫਿਲਹਾਲ ਇਹ ਸੇਵਾ ਇਕੋ ਨੈੱਟਵਰਕ 'ਤੇ ਵਧੀਆ ਕੰਮ ਕਰਦੀ ਹੈ, ਪਰ ਕੰਪਨੀਆਂ ਵੱਖ-ਵੱਖ ਨੈੱਟਵਰਕਾਂ ਚਕਾਰ ਇਸ ਨੂੰ ਸਹੀ ਢੰਗ ਨਾਲ ਚਲਾਉਣ ਲਈ ਕੰਮ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਇਸ ਦਿਸ਼ਾ 'ਚ ਕੰਮ ਕਰ ਰਹੀਆਂ ਹਨ ਅਤੇ ਹੁਣ BSNL ਵੀ ਇਸ ਨਵੀਂ ਤਕਨਾਲੋਜੀ ਨਾਲ ਆਪਣੇ ਗਾਹਕਾਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ।
OnePlus ਪ੍ਰੇਮੀਆਂ ਲਈ ਬੁਰੀ ਖ਼ਬਰ! ਇੰਡੀਆ CEO ਨੇ ਦਿੱਤਾ ਅਸਤੀਫ਼ਾ, ਕੀ ਭਾਰਤ 'ਚ ਬੰਦ ਹੋ ਜਾਣਗੇ ਇਹ ਫ਼ੋਨ
NEXT STORY