ਗੈਜੇਟ ਡੈਸਕ - ਅੱਜ ਦੇ ਡਿਜੀਟਲ ਯੁੱਗ 'ਚ ਆਨਲਾਈਨ ਧੋਖਾਧੜੀ ਅਤੇ ਸਕੈਮ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਨੂੰ ਰੋਕਣ ਲਈ ਦੁਨੀਆ ਦਾ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਇਕ ਨਵੇਂ "ਸਕੈਮ ਅਲਰਟ" ਫੀਚਰ 'ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਸ਼ੱਕੀ ਮੈਸੇਜਾਂ ਦੀ ਪਛਾਣ ਕਰਕੇ ਯੂਜ਼ਰਸ ਨੂੰ ਪਹਿਲਾਂ ਹੀ ਸੁਚੇਤ ਕਰ ਦੇਵੇਗਾ।
ਅਣਪਛਾਤੇ ਨੰਬਰਾਂ 'ਤੇ ਰਹੇਗੀ ਨਜ਼ਰ
ਰਿਪੋਰਟਾਂ ਅਨੁਸਾਰ, ਇਹ ਫੀਚਰ ਖਾਸ ਤੌਰ 'ਤੇ ਅਣਪਛਾਤੇ ਨੰਬਰਾਂ ਤੋਂ ਆਉਣ ਵਾਲੇ ਸੰਭਾਵੀ ਫਰਜ਼ੀ ਜਾਂ ਧੋਖਾਧੜੀ ਵਾਲੇ ਮੈਸੇਜਾਂ ਦੀ ਪਛਾਣ ਕਰੇਗਾ। ਜੇਕਰ ਕਿਸੇ ਮੈਸੇਜ 'ਚ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ, ਤਾਂ ਯੂਜ਼ਰ ਨੂੰ ਚੈਟ ਦੇ ਅੰਦਰ ਹੀ ਇਕ ਚੇਤਾਵਨੀ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਸੁਨੇਹਾ ਭੇਜਣ ਵਾਲਾ ਤੁਹਾਡੀ ਕੰਟੈਕਟ ਲਿਸਟ 'ਚ ਸ਼ਾਮਲ ਨਹੀਂ ਹੈ। ਇਸ ਤੋਂ ਬਾਅਦ ਯੂਜ਼ਰ ਕੋਲ ਉਸ ਨੰਬਰ ਨੂੰ ਤੁਰੰਤ ਬਲਾਕ ਜਾਂ ਰਿਪੋਰਟ ਕਰਨ ਦਾ ਵਿਕਲਪ ਹੋਵੇਗਾ।
ਤੁਹਾਡੀ ਨਿੱਜਤਾ ਰਹੇਗੀ ਬਰਕਰਾਰ
ਵਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਇਹ ਪੂਰਾ ਸਿਸਟਮ ਯੂਜ਼ਰ ਦੇ ਡਿਵਾਈਸ (ਫੋਨ) 'ਤੇ ਹੀ ਕੰਮ ਕਰੇਗਾ। ਸ਼ੱਕੀ ਮੈਸੇਜਾਂ ਦੀ ਜਾਂਚ ਲਈ ਕਿਸੇ ਵੀ ਡਾਟਾ ਨੂੰ ਵਟਸਐਪ ਜਾਂ ਮੇਟਾ ਦੇ ਸਰਵਰ 'ਤੇ ਨਹੀਂ ਭੇਜਿਆ ਜਾਵੇਗਾ। ਇਸ ਨਾਲ ਵਟਸਐਪ ਦੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਯੂਜ਼ਰਸ ਦੀਆਂ ਨਿੱਜੀ ਗੱਲਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੀਆਂ। ਇਹ ਤਕਨੀਕ ਉਸੇ ਤਰ੍ਹਾਂ ਕੰਮ ਕਰੇਗੀ ਜਿਵੇਂ ਵਟਸਐਪ ਦਾ ਹਾਲ ਹੀ 'ਚ ਲਾਂਚ ਹੋਇਆ ਵਾਇਸ ਟ੍ਰਾਂਸਕ੍ਰਿਪਟ ਫੀਚਰ ਕੰਮ ਕਰਦਾ ਹੈ।
ਯੂਜ਼ਰਸ ਦੇ ਹੱਥ 'ਚ ਹੋਵੇਗਾ ਕੰਟਰੋਲ
ਕੰਪਨੀ ਇਸ ਫੀਚਰ ਨੂੰ ਸ਼ੁਰੂਆਤ 'ਚ ਡਿਫਾਲਟ ਰੂਪ 'ਚ ਬੰਦ ਰੱਖ ਸਕਦੀ ਹੈ। ਜਿਹੜੇ ਯੂਜ਼ਰਸ ਆਪਣੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ, ਉਹ ਸੈਟਿੰਗਾਂ 'ਚ ਜਾ ਕੇ ਇਸਨੂੰ ਚਾਲੂ ਕਰ ਸਕਣਗੇ। ਇਸ ਤੋਂ ਇਲਾਵਾ, ਇਕ ਟ੍ਰਾਂਸਪੇਰੈਂਸੀ ਟੂਲ ਰਾਹੀਂ ਯੂਜ਼ਰ ਇਹ ਵੀ ਦੇਖ ਸਕਣਗੇ ਕਿ ਇਹ ਫੀਚਰ ਕਦੋਂ ਅਤੇ ਕਿਹੜੇ ਮੈਸੇਜਾਂ 'ਤੇ ਐਕਟਿਵ ਹੋਇਆ ਸੀ।
ਕਦੋਂ ਹੋਵੇਗਾ ਲਾਂਚ?
ਫਿਲਹਾਲ ਇਹ ਫੀਚਰ ਵਿਕਾਸ ਦੇ ਪੜਾਅ 'ਤੇ ਹੈ ਅਤੇ ਐਂਡਰਾਇਡ ਬੀਟਾ ਅਪਡੇਟ 'ਚ ਦੇਖਿਆ ਗਿਆ ਹੈ। ਉਮੀਦ ਹੈ ਕਿ ਬੀਟਾ ਟੈਸਟਿੰਗ ਤੋਂ ਬਾਅਦ ਇਸਨੂੰ ਜਲਦੀ ਹੀ ਸਾਰੇ ਆਮ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ।
ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਆਟੋ ਸੈਕਟਰ 'ਚ ਤੇਜ਼ੀ: ਮਾਰੂਤੀ ਅਤੇ ਟਾਟਾ ਦੀ ਹੋਈ ਰਿਕਾਰਡ ਵਿਕਰੀ
NEXT STORY