ਹੈਲਥ ਡੈਸਕ - ਅੱਜ-ਕੱਲ੍ਹ ਦੇ ਦੌਰ 'ਚ ਜਿੱਥੇ ਗਲਤ ਖਾਣ-ਪੀਣ ਕਾਰਨ ਬਿਮਾਰੀਆਂ ਵਧ ਰਹੀਆਂ ਹਨ, ਉੱਥੇ ਹੀ ਲੋਕ ਮੁੜ ਆਪਣੇ ਪੁਰਾਣੇ ਅਤੇ ਰਵਾਇਤੀ ਖਾਣੇ ਵੱਲ ਪਰਤ ਰਹੇ ਹਨ। ਇਨ੍ਹਾਂ 'ਚੋਂ ਇਕ ਹੈ ਰਾਗੀ। ਮਾਹਿਰਾਂ ਅਨੁਸਾਰ, ਕਣਕ ਦੀ ਬਜਾਏ ਰਾਗੀ ਦੀ ਰੋਟੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ 'ਚ ਕੈਲਸ਼ੀਅਮ, ਆਇਰਨ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ।
ਆਓ ਜਾਣਦੇ ਹਾਂ ਰਾਗੀ ਦੀ ਰੋਟੀ ਖਾਣ ਦੇ ਮੁੱਖ ਫਾਇਦੇ :-
ਹੱਡੀਆਂ ਨੂੰ ਬਣਾਉਂਦੀ ਹੈ ਲੋਹੇ ਵਰਗੀਆਂ ਮਜ਼ਬੂਤ
- ਰਾਗੀ ਕੈਲਸ਼ੀਅਮ ਦਾ ਸਭ ਤੋਂ ਉੱਤਮ ਕੁਦਰਤੀ ਸਰੋਤ ਹੈ। ਹੋਰ ਅਨਾਜਾਂ ਦੇ ਮੁਕਾਬਲੇ ਇਸ 'ਚ ਕੈਲਸ਼ੀਅਮ ਦੀ ਮਾਤਰਾ ਕਿਤੇ ਜ਼ਿਆਦਾ ਹੁੰਦੀ ਹੈ। ਬੱਚਿਆਂ ਦੇ ਵਾਧੇ ਅਤੇ ਬਜ਼ੁਰਗਾਂ 'ਚ ਜੋੜਾਂ ਦੇ ਦਰਦ ਜਾਂ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਲਈ ਇਹ ਬੇਹੱਦ ਲਾਹੇਵੰਦ ਹੈ।
ਸ਼ੂਗਰ ਕੰਟਰੋਲ ਕਰਨ 'ਚ ਮਦਦਗਾਰ
- ਰਾਗੀ 'ਚ ਫਾਈਬਰ ਅਤੇ ਪੌਲੀਫੈਨੋਲਸ ਭਰਪੂਰ ਹੁੰਦੇ ਹਨ। ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਾਰਨ ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਣ ਨਹੀਂ ਦਿੰਦਾ। ਸ਼ੂਗਰ ਦੇ ਮਰੀਜ਼ਾਂ ਲਈ ਰਾਗੀ ਦੀ ਰੋਟੀ ਇਕ ਉੱਤਮ ਵਿਕਲਪ ਹੈ।
ਮੋਟਾਪਾ ਘਟਾਉਣ 'ਚ ਸਹਾਇਕ
- ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਰਾਗੀ ਤੁਹਾਡੀ ਮਦਦ ਕਰ ਸਕਦੀ ਹੈ। ਇਸ 'ਚ 'ਟ੍ਰਿਪਟੋਫੈਨ' ਨਾਮਕ ਅਮੀਨੋ ਐਸਿਡ ਹੁੰਦਾ ਹੈ ਜੋ ਭੁੱਖ ਨੂੰ ਘੱਟ ਕਰਦਾ ਹੈ। ਰਾਗੀ ਦੀ ਰੋਟੀ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ, ਜਿਸ ਨਾਲ ਤੁਸੀਂ ਵਾਧੂ ਖਾਣ ਤੋਂ ਬਚ ਜਾਂਦੇ ਹੋ।
ਖੂਨ ਦੀ ਕਮੀ ਕਰਦੀ ਹੈ ਦੂਰ
- ਰਾਗੀ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਕਮੀ ਹੈ ਜਾਂ ਹਿਮੋਗਲੋਬਿਨ ਘੱਟ ਰਹਿੰਦਾ ਹੈ, ਉਨ੍ਹਾਂ ਲਈ ਰਾਗੀ ਦਾ ਸੇਵਨ ਬਹੁਤ ਫਾਇਦੇਮੰਦ ਹੈ। ਇਹ ਸਰੀਰ 'ਚ ਊਰਜਾ ਦੇ ਪੱਧਰ ਨੂੰ ਵੀ ਵਧਾਉਂਦਾ ਹੈ।
ਪਾਚਨ ਪ੍ਰਣਾਲੀ ਲਈ ਵਰਦਾਨ
- ਰਾਗੀ ਗਲੂਟਨ-ਮੁਕਤ ਹੁੰਦੀ ਹੈ, ਜਿਸ ਕਾਰਨ ਇਹ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ। ਇਸ 'ਚ ਮੌਜੂਦ ਡਾਇਟਰੀ ਫਾਈਬਰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਪੇਟ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ।
ਰਾਗੀ ਦੀ ਰੋਟੀ ਕਿਵੇਂ ਬਣਾਈਏ?
- ਰਾਗੀ ਦੇ ਆਟੇ ਨੂੰ ਗੁੰਨਣ ਲਈ ਹਲਕੇ ਕੋਸੇ ਪਾਣੀ ਦੀ ਵਰਤੋਂ ਕਰੋ। ਜੇਕਰ ਤੁਹਾਨੂੰ ਇਕੱਲੀ ਰਾਗੀ ਦੀ ਰੋਟੀ ਬਣਾਉਣ 'ਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਇਸ 'ਚ ਥੋੜ੍ਹਾ ਜਿਹਾ ਕਣਕ ਦਾ ਆਟਾ ਜਾਂ ਕੱਦੂਕਸ ਕੀਤੀਆਂ ਸਬਜ਼ੀਆਂ ਵੀ ਮਿਲਾ ਸਕਦੇ ਹੋ।
ਨੋਟ :- ਰਾਗੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਗਰਮੀਆਂ 'ਚ ਇਸ ਦਾ ਸੇਵਨ ਸੀਮਤ ਮਾਤਰਾ 'ਚ ਜਾਂ ਦਹੀਂ/ਲੱਸੀ ਦੇ ਨਾਲ ਕਰਨਾ ਬਿਹਤਰ ਰਹਿੰਦਾ ਹੈ।
ਮੂੰਹ ਦੇ ਛਾਲਿਆਂ ਨੂੰ ਮਾਮੂਲੀ ਸਮਝਣ ਦੀ ਭੁੱਲ ਪੈ ਸਕਦੀ ਹੈ ਭਾਰੀ! ਹੋ ਸਕਦੈ ਜਾਨਲੇਵਾ 'ਕੈਂਸਰ'
NEXT STORY