ਦੁਕਾਨ ਵਿਚ ਸਜੀਆਂ ਹੋਈਆਂ ਚਮਕਦਾਰ ਸਬਜ਼ੀਆਂ ਦੇਖਣ ਨੂੰ ਤਾਂ ਬਹੁਤ ਚੰਗੀਆਂ ਲੱਗਦੀਆਂ ਹਨ ਪਰ ਇਹ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ।
► ਅੱਜਕਲ ਕਿਸਾਨ ਵੱਧ ਉਤਪਾਦਨ ਅਤੇ ਮੁਨਾਫੇ ਦੇ ਚੱਕਰ ਵਿਚ ਰਸਾਇਣਾਂ ਦਾ ਅੰਨ੍ਹੇਵਾਹ ਇਸਤੇਮਾਲ ਕਰ ਰਹੇ ਹਨ। ਇਸ ਨਾਲ ਸਬਜ਼ੀਆਂ ਵਿਚ ਚਮਕ ਅਤੇ ਸੁੰਦਰਤਾ ਤਾਂ ਵੱਧ ਜਾਂਦੀ ਹੈ ਪਰ ਉਹ ਬੇਸੁਆਦੀ ਅਤੇ ਸੁਗੰਧਹੀਣ ਹੋਣ ਦੇ ਨਾਲ-ਨਾਲ ਸਿਹਤ ਲਈ ਹਾਨੀਕਾਰਕ ਵੀ ਹੋ ਜਾਂਦੀਆਂ ਹਨ।
► ਸਬਜ਼ੀਆਂ ਨੂੰ ਉਨ੍ਹਾਂ ਦੇ ਰੰਗ ਵਾਲੀ ਰੌਸ਼ਨੀ ਦੇ ਹੇਠਾਂ ਰੱਖਿਆ ਜਾਂਦਾ ਹੈ ਤਾਂ ਕਿ ਉਹ ਜ਼ਿਆਦਾ ਚਮਕਣ। ਅਜਿਹਾ ਧਿਆਨ ਭਟਕਾਉਣ ਲਈ ਕੀਤਾ ਜਾਂਦਾ ਹੈ। ਸਬਜ਼ੀ ਖਰੀਦਦੇ ਸਮੇਂ ਰੌਸ਼ਨੀ ਤੋਂ ਦੂਰ ਕਰਕੇ ਉਸ ਨੂੰ ਦੇਖੋ ਤਾਂ ਕਿ ਅਸਲੀ ਰੰਗ ਨਜ਼ਰ ਆ ਸਕੇ।
► ਕੁਝ ਫਲ-ਸਬਜ਼ੀਆਂ 'ਤੇ ਮੋਮ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਕਿ ਉਹ ਜ਼ਿਆਦਾ ਚਮਕਣ। ਸ਼ਿਮਲਾ ਮਿਰਚ ਅਤੇ ਸੇਬ ਖਰੀਦਣ 'ਤੇ ਚਾਕੂ ਜਾਂ ਚਮਚ ਨਾਲ ਤੁਸੀਂ ਇਸ ਪਰਤ ਨੂੰ ਹਟਾ ਸਕਦੇ ਹੋ। ਕੁਝ ਦੇਰ ਗਰਮ ਪਾਣੀ ਵਿਚ ਰੱਖਣ ਨਾਲ ਮੋਮ ਢਿੱਲਾ ਪੈ ਜਾਂਦਾ ਹੈ ਅਤੇ ਆਸਾਨੀ ਨਾਲ ਉਤਰਦਾ ਹੈ।
► ਕਈ ਸਬਜ਼ੀਆਂ ਨੂੰ ਖੂਬਸੂਰਤ ਦਿਖਾਉਣ ਲਈ ਉਨ੍ਹਾਂ 'ਤੇ ਰੰਗ ਚੜ੍ਹਾਇਆ ਜਾਂਦਾ ਹੈ। ਜੇ ਬਜ਼ਾਰੋਂ ਮਟਰ ਦੇ ਦਾਣੇ ਖਰੀਦੋ ਤਾਂ ਪਕਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਦੇਰ ਗਰਮ ਪਾਣੀ ਵਿਚ ਰੱਖ ਦਿਓ ਤਾਂ ਕਿ ਰੰਗ ਵੱਖ ਹੋ ਜਾਵੇ। ਇਸ ਹਾਨੀਕਾਰਕ ਰੰਗ ਨਾਲ ਕੈਂਸਰ ਹੋ ਸਕਦਾ ਹੈ।
► ਜ਼ਰੂਰੀ ਹੈ ਕਿ ਫਲ-ਸਬਜ਼ੀ ਖਰੀਦਦੇ ਸਮੇਂ ਤੁਸੀਂ ਉਨ੍ਹਾਂ 'ਤੇ ਪੂਰਾ ਧਿਆਨ ਦਿਓ। ਬਹੁਤ ਖੂਬਸੂਰਤ ਨਜ਼ਰ ਆਉਣ ਵਾਲੀਆਂ ਸਬਜ਼ੀਆਂ ਪੌਸ਼ਟਿਕ ਵੀ ਹੋਣ, ਅਜਿਹਾ ਜ਼ਰੂਰੀ ਨਹੀਂ। ਸਬਜ਼ੀ ਦੀ ਉਪਰਲੀ ਪਰਤ ਨੂੰ ਰਗੜ ਕੇ ਪਰਖੋ ਅਤੇ ਉਸ ਦੀ ਖੂਬਸੂਰਤੀ 'ਤੇ ਵੀ ਧਿਆਨ ਦਿਓ।
► ਪਕਾਉਣ ਤੋਂ ਪਹਿਲਾਂ ਹਰ ਸਬਜ਼ੀ ਨੂੰ ਛਾਣਨੀ ਵਿਚ ਰੱਖ ਕੇ ਚੰਗੀ ਤਰ੍ਹਾਂ ਧੋ ਲਓ। ਬਰਤਨ ਧੋਣ ਵਾਲੇ ਬਰੱਸ਼ ਵਾਂਗ ਬਾਜ਼ਾਰਾਂ ਵਿਚ ਸਬਜ਼ੀ ਧੋਣ ਵਾਲੇ ਬਰੱਸ਼ ਵੀ ਮੁਹੱਈਆ ਹਨ। ਇਨ੍ਹਾਂ ਨਾਲ ਸਬਜ਼ੀ ਸਾਫ ਵੀ ਹੋ ਜਾਂਦੀ ਹੈ ਅਤੇ ਜ਼ਿਆਦਾ ਘਸਣ ਨਾਲ ਸਬਜ਼ੀ ਖਰਾਬ ਵੀ ਨਹੀਂ ਹੁੰਦੀ।
► ਖੇਤੀਬਾੜੀ ਰੱਖਿਆ ਮਾਹਿਰ ਸਮੇਂ-ਸਮੇਂ 'ਤੇ ਗ੍ਰਾਮੀਣ ਖੇਤਰਾਂ ਵਿਚ ਪ੍ਰੋਗਰਾਮਾਂ ਰਾਹੀਂ ਮਿਆਰ ਮੁਤਾਬਕ ਦਵਾਈਆਂ ਦਾ ਇਸਤੇਮਾਲ ਕਰਨ ਅਤੇ ਵੱਧ ਮਾਤਰਾ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀਆਂ ਦਿੰਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਹਾਨੀਕਾਰਕ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ। ਰਸਾਇਣਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਬਜ਼ੀ ਨੂੰ ਪਕਾ ਕੇ ਖਾਓ।
ਜੂਸ ਪੀਣ ਤੋਂ ਪਹਿਲਾਂ ਜਾਣ ਲਓ ਕੁਝ ਜ਼ਰੂਰੀ ਗੱਲਾਂ
NEXT STORY