ਜਲੰਧਰ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਤੇ H3N2 ਦੇ ਮਾਮਲੇ ਵੱਧ ਰਹੇ ਹਨ। ਇਸ ਸਮੇਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਸਭ ਤੋਂ ਜ਼ਰੂਰੀ ਹੈ। ਦਿਨ ਭਰ ਖਾਧਾ ਜਾਣ ਵਾਲਾ ਭੋਜਨ ਤੇ ਜੀਵਨਸ਼ੈਲੀ ਸਿਹਤ ਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦੀ ਹੈ। ਪੌਸ਼ਟਿਕ ਭੋਜਨ, ਯੋਗਾ, ਪੂਰੀ ਨੀਂਦ, ਸ਼ਰਾਬ ਤੇ ਨਸ਼ੇ ਦਾ ਸੇਵਨ ਨਾ ਕਰਨਾ ਹੀ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ। ਖੰਘ, ਜ਼ੁਕਾਮ, ਬੁਖਾਰ ਵਰਗੇ ਫਲੂ ਨੂੰ ਤੁਹਾਡੇ ਤੋਂ ਦੂਰ ਰੱਖੇਗਾ। ਇਸ ਲਈ, ਇਸ ਖ਼ਬਰ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਬਾਰੇ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਤੁਹਾਡੀ ਸਿਹਤ ਤੇ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ–
ਬਦਾਮ
ਬਦਾਮ ਇਕ ਅਜਿਹਾ ਸੁੱਕਾ ਮੇਵਾ ਹੈ, ਜਿਸ ਦੇ ਸੇਵਨ ਨਾਲ ਬੀਮਾਰੀਆਂ ਦੂਰ ਰਹਿੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬਦਾਮ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ ਤੇ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਇਸ ਲਈ ਬਦਾਮ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ, ਜੋ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦਾ ਹੈ।
ਹਲਦੀ
ਹਲਦੀ ਇਕ ਵਧੀਆ ਮਸਾਲਾ ਹੈ, ਜਿਸ ’ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਕਈ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦੇ ਹਨ। ਇਸੇ ਲਈ ਸਿਹਤ ਖ਼ਰਾਬ ਹੋਣ ’ਤੇ ਹਲਦੀ ਵਾਲਾ ਦੁੱਧ ਪੀਂਦੇ ਹਨ। ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਇਸ ਲਈ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋ। ਤੁਸੀਂ ਹਲਦੀ ਦਾ ਕਾੜ੍ਹਾ ਵੀ ਪੀ ਸਕਦੇ ਹੋ, ਜਿਸ ’ਚ ਹਲਦੀ ਨੂੰ ਪਾਣੀ ’ਚ 3 ਮਿੰਟ ਤੱਕ ਉਬਾਲੋ। ਫਿਰ ਇਸ ਨੂੰ ਛਾਣ ਕੇ ਪੀਓ। ਇਸ ’ਚ ਅਦਰਕ ਤੇ ਕਾਲੀ ਮਿਰਚ ਵੀ ਮਿਲਾਈ ਜਾ ਸਕਦੀ ਹੈ।
ਖੱਟੇ ਫਲ
ਵਿਟਾਮਿਨ ਸੀ ਦੇ ਸੇਵਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਇਸ ਦੇ ਨਾਲ ਹੀ ਇਹ ਚਮੜੀ ਤੇ ਭਾਰ ਘਟਾਉਣ ਲਈ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਖੱਟੇ ਫਲਾਂ ’ਚ ਵਿਟਾਮਿਨ ਸੀ ਭਰਪੂਰ ਮਾਤਰਾ ’ਚ ਹੁੰਦਾ ਹੈ। ਮੁੜ ਫਲੂ ਵਧਣ ਦੀ ਸਥਿਤੀ ’ਚ ਇਨ੍ਹਾਂ ਦਾ ਸੇਵਨ ਸਿਹਤ ਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਕਾਫ਼ੀ ਹੈ।
ਗ੍ਰੀਨ ਟੀ
ਗ੍ਰੀਨ ਟੀ ਭਾਰ ਤੇ ਸਰੀਰ ਦੀ ਚਰਬੀ ਨੂੰ ਘਟਾਉਣ ’ਚ ਬਹੁਤ ਮਦਦ ਕਰਦੀ ਹੈ ਪਰ ਇਸ ਦੇ ਹੋਰ ਵੀ ਕਈ ਫਾਇਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ’ਚ ਤਾਕਤ ਆਉਂਦੀ ਹੈ, ਇਮਿਊਨਿਟੀ ਦੀ ਮਾਤਰਾ ਵਧਦੀ ਹੈ ਤੇ ਨਾਲ ਹੀ ਚਮੜੀ ’ਚ ਨਿਖਾਰ ਆਉਂਦਾ ਹੈ।
ਦਹੀਂ ਤੇ ਲੱਸੀ
ਗਰਮੀਆਂ ’ਚ ਤਾਜ਼ਾ ਮਹਿਸੂਸ ਕਰਨ ਲਈ ਦਹੀਂ ਜਾਂ ਲੱਸੀ ਦਾ ਸੇਵਨ ਸਭ ਤੋਂ ਵਧੀਆ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀਂ ਤੇ ਲੱਸੀਂ ’ਚ ਮੌਜੂਦ ਲੈਕਟਿਕ ਐਸਿਡ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦਾ ਹੈ। ਤੁਸੀਂ ਲੱਸੀ ਤੇ ਦਹੀਂ ’ਚ ਕਾਲਾ ਨਮਕ, ਪੁਦੀਨਾ ਜਾਂ ਮਸਾਲੇ ਮਿਲਾ ਕੇ ਖਾ ਸਕਦੇ ਹੋ।
ਨੋਟ– ਤੁਸੀਂ ਇਮਿਊਨਿਟੀ ਵਧਾਉਣ ਲਈ ਇਨ੍ਹਾਂ ’ਚੋਂ ਕਿਸ ਚੀਜ਼ ਦੀ ਵਰਤੋਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅੱਖਾਂ ਲਈ ਬੁਰੀ ਹੈ ਬਲਿਊ ਲਾਈਟ, ਇਲੈਕਟ੍ਰਾਨਿਕ ਡਿਵਾਈਸਿਜ਼ ਦੀ ਵਰਤੋਂ ਕਰਨ ਵਾਲੇ ਇੰਝ ਰੱਖਣ ਧਿਆਨ
NEXT STORY