ਹੈਲਥ ਡੈਸਕ - ਦਹੀਂ ਨੂੰ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ ਅਤੇ ਗੁੱਡ ਬੈਕਟੀਰੀਆ ਸਾਡੇ ਪੇਟ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰੱਖਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਇਸੇ ਦਹੀਂ ਨੂੰ ਗਲਤ ਸਮੇਂ ਜਾਂ ਗਲਤ ਤਰੀਕੇ ਨਾਲ ਖਾਧਾ ਜਾਵੇ, ਤਾਂ ਇਹ ਸਰੀਰ ਲਈ ਫਾਇਦੇ ਦੀ ਬਜਾਏ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ? ਆਯੁਰਵੇਦ ਅਨੁਸਾਰ, ਗਲਤ ਸਮੇਂ ਖਾਧਾ ਗਿਆ ਦਹੀਂ ਸਰੀਰ 'ਚ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਆਓ ਜਾਣਦੇ ਹਾਂ ਦਹੀਂ ਖਾਣ ਦੇ ਸਹੀ ਨਿਯਮ ਅਤੇ ਗਲਤ ਸਮੇਂ ਖਾਣ ਦੇ ਨੁਕਸਾਨ :-
ਰਾਤ ਦੇ ਸਮੇਂ ਦਹੀਂ ਖਾਣਾ ਸਭ ਤੋਂ ਖ਼ਤਰਨਾਕ
ਆਯੁਰਵੇਦ 'ਚ ਰਾਤ ਦੇ ਸਮੇਂ ਦਹੀਂ ਖਾਣ ਦੀ ਸਖ਼ਤ ਮਨਾਹੀ ਹੈ। ਰਾਤ ਨੂੰ ਦਹੀਂ ਖਾਣ ਨਾਲ ਸਰੀਰ 'ਚ 'ਕਫ਼' ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਖੰਘ, ਜ਼ੁਕਾਮ, ਅਸਥਮਾ (ਸਾਹ ਦੀ ਤਕਲੀਫ) ਅਤੇ ਜੋੜਾਂ ਦਾ ਦਰਦ ਵਰਗੀਆਂ ਸਮੱਸਿਆਵਾਂ ਕਾਫ਼ੀ ਵਧ ਸਕਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਸਾਈਨਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰਾਤ ਨੂੰ ਦਹੀਂ ਬਿਲਕੁਲ ਨਹੀਂ ਖਾਣਾ ਚਾਹੀਦਾ।
ਚਮੜੀ ਦੇ ਰੋਗ ਅਤੇ ਐਲਰਜੀ ਦਾ ਖ਼ਤਰਾ
ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਦਹੀਂ ਖਾਂਦੇ ਹੋ, ਤਾਂ ਇਸ ਨਾਲ ਖੂਨ ਦੇ ਦੋਸ਼ ਪੈਦਾ ਹੋ ਸਕਦੇ ਹਨ। ਇਸ ਕਾਰਨ ਚਮੜੀ 'ਤੇ ਖਾਰਸ਼, ਪਿੰਪਲਸ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਚਮੜੀ ਦੀਆਂ ਗੰਭੀਰ ਬੀਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਗਰਮ ਕਰਕੇ ਜਾਂ ਗਰਮ ਚੀਜ਼ਾਂ ਨਾਲ ਕਦੇ ਨਾ ਖਾਓ
ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਨੂੰ ਕਦੇ ਵੀ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਅਤੇ ਨਾ ਹੀ ਬਹੁਤ ਜ਼ਿਆਦਾ ਗਰਮ ਖਾਣੇ (ਜਿਵੇਂ ਗਰਮ-ਗਰਮ ਪਰੌਂਠੇ ਜਾਂ ਸਬਜ਼ੀ) ਦੇ ਨਾਲ ਤੁਰੰਤ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ਅਤੇ ਪੇਟ 'ਚ ਗੈਸ ਤੇ ਐਸਿਡਿਟੀ ਬਣਨ ਲੱਗਦੀ ਹੈ।
ਹੁਣ ਜਾਣੋ ਦਹੀਂ ਖਾਣ ਦਾ ਸਹੀ ਸਮਾਂ ਕੀ ਹੈ?
ਸਵੇਰੇ ਅਤੇ ਦੁਪਹਿਰ ਦਾ ਸਮਾਂ
- ਦਹੀਂ ਖਾਣ ਲਈ ਦੁਪਹਿਰ ਦਾ ਸਮਾਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਹ ਖਾਣੇ ਨੂੰ ਆਸਾਨੀ ਨਾਲ ਪਚਾਉਂਦਾ ਹੈ ਅਤੇ ਸਰੀਰ ਨੂੰ ਊਰਜਾ ਦਿੰਦਾ ਹੈ।
ਖਾਲੀ ਪੇਟ ਨਾ ਖਾਓ
- ਸਵੇਰੇ ਬਿਲਕੁਲ ਖਾਲੀ ਪੇਟ ਦਹੀਂ ਖਾਣ ਤੋਂ ਬਚੋ, ਇਸ ਨਾਲ ਕੁਝ ਲੋਕਾਂ ਨੂੰ ਐਸਿਡਿਟੀ ਹੋ ਸਕਦੀ ਹੈ।
ਕੁਝ ਮਿਲਾ ਕੇ ਖਾਓ
- ਜੇਕਰ ਰਾਤ ਨੂੰ ਦਹੀਂ ਖਾਣਾ ਬਹੁਤ ਜ਼ਰੂਰੀ ਹੋਵੇ, ਤਾਂ ਉਸ 'ਚ ਥੋੜ੍ਹੀ ਜਿਹੀ ਚੀਨੀ, ਮਿਸ਼ਰੀ, ਕਾਲੀ ਮਿਰਚ ਜਾਂ ਭੁੰਨਿਆ ਹੋਇਆ ਜੀਰਾ ਜ਼ਰੂਰ ਮਿਲਾ ਲਓ।
ਵਾਰ-ਵਾਰ ਪਾਣੀ ਪੀਣ 'ਤੇ ਵੀ ਸੁੱਕ ਰਿਹਾ ਗਲ਼ਾ ਤਾਂ ਹੋ ਜਾਓ ਸਾਵਧਾਨ ! ਗੰਭੀਰ ਬੀਮਾਰੀਆਂ ਦਾ ਹੋ ਸਕਦੈ ਸੰਕੇਤ
NEXT STORY