ਜਲੰਧਰ (ਬਿਊਰੋ) - ਅੱਜ ਦੇ ਸਮੇਂ ਵਿਚ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਸਿਹਤ ਦਾ ਧਿਆਨ ਨਾ ਰੱਖਣ ਕਾਰਨ ਸਿਰਦਰਦ, ਥਕਾਵਟ, ਕਮਜ਼ੋਰੀ, ਚੱਕਰ ਆਉਣਾ, ਤਣਾਅ ਆਦਿ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਵਾਰ ਸਰੀਰਕ ਕਮਜ਼ੋਰੀ ਕਾਰਨ ਲੋਕਾਂ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਦੀ ਘਾਟ, ਥਕਾਵਟ, ਨੀਂਦ ਦੀ ਘਾਟ ਜਾਂ ਕਿਸੇ ਗੰਭੀਰ ਬੀਮਾਰੀ ਕਾਰਨ ਵੀ ਚੱਕਰ ਆ ਸਕਦੇ ਹਨ। ਜੇਕਰ ਲੋਕਾਂ ਨੂੰ ਵਾਰ-ਵਾਰ ਚੱਕਰ ਆਉਣ ਦੀ ਸੱਸਿਆ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਸ ਨਾਲ ਗੰਭੀਰ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਸਕਦਾ ਹੈ।
ਜਾਣੋ ਕਿਉਂ ਆਉਂਦੇ ਹਨ ਚੱਕਰ
ਦਰਅਸਲ ਜਦੋਂ ਅੱਖਾਂ, ਦਿਮਾਗ, ਕੰਨ, ਪੈਰਾਂ ਅਤੇ ਰੀੜ੍ਹ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ, ਅੱਖਾਂ ਦੇ ਅੱਗੇ ਹਨ੍ਹੇਰਾ ਛਾ ਜਾਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ਵਿਚ ਇਸ ਨੂੰ ਹਲਕੇ ਵਿਚ ਲੈਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਕਈ ਵਾਰ ਚੱਕਰ ਆਉਣਾ ਤਣਾਅ, ਮਾਈਗ੍ਰੇਨ, ਬ੍ਰੇਨ ਜਾਂ ਕੰਨ ਦਾ ਟਿਊਮਰ ਵਿਚ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ ਵਿਚ ਇਸ ਨੂੰ ਨਜ਼ਰ-ਅੰਦਾਜ਼ ਬਿਲਕੁੱਲ ਵੀ ਨਾ ਕਰੋ।
ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ
ਜ਼ਿਆਦਾ ਕੰਮ ਕਰਨ ਕਰਕੇ ਕਈ ਵਾਰ ਜਨਾਨੀਆਂ ਦਾ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ, ਜਿਸ ਕਾਰਨ ਚੱਕਰ ਆ ਸਕਦੇ ਹਨ। ਚੱਕਰ ਆਉਣ ਨਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਹਨੇਰਾ, ਕੁਝ ਸਮੇਂ ਲਈ ਬੇਹੋਸ਼ੀ ਅਤੇ ਹੱਥ-ਪੈਰ ਠੰਡੇ ਹੋਣ ਲੱਗਦੇ ਹਨ। ਬਲੱਡ ਪ੍ਰੈਸ਼ਰ ਘੱਟ ਹੋਣ ’ਤੇ ਲੋਕਾਂ ਨੂੰ ਲੂਣ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਦਵਾਈ ਲੈਣੀ ਹੈ ਤਾਂ ਡਾਕਟਰ ਦੀ ਸਲਾਹ ਨਾਲ ਲਓ।
ਮਾਈਗ੍ਰੇਨ ਕਾਰਨ
ਮਾਈਗ੍ਰੇਨ ਅੱਜਕਲ੍ਹ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਇਸਦਾ ਸਭ ਤੋਂ ਵੱਡਾ ਕਾਰਨ ਭੱਜ ਦੌੜ ਭਰੀ ਜ਼ਿੰਦਗੀ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ’ਤੇ ਵੱਡੀ ਮਾਤਰਾ ਵਿਚ ਸਿਰ ਦਰਦ ਹੁੰਦਾ ਹੈ, ਜੋ 2 ਤੋਂ 3 ਦਿਨਾਂ ਤੱਕ ਲਗਾਤਾਰ ਰਹਿੰਦਾ ਹੈ। ਇੱਕ ਮਾਈਗ੍ਰੇਨ ਸਿਰ ਦਰਦ ਤੋਂ ਪਹਿਲਾਂ ਜਾਂ ਬਾਅਦ ਚੱਕਰ ਆਉਣੇ ਦਾ ਕਾਰਨ ਬਣਦਾ ਹੈ।
ਹੀਮੋਗਲੋਬਿਨ ਦੀ ਘਾਟ ਕਾਰਨ
ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਕਾਰਨ ਵੀ ਚੱਕਰ ਆ ਸਕਦੇ ਹਨ। ਇਹ ਸਮੱਸਿਆ ਜਨਾਨੀਆਂ ਨੂੰ ਜ਼ਿਆਦਾ ਹੁੰਦੀ ਹੈ। ਹੀਮੋਗਲੋਬਿਨ ਖੂਨ ਨੂੰ ਆਕਸੀਜਨ ਦੇਣ ਦਾ ਕੰਮ ਕਰਦਾ ਹੈ। ਖੂਨ ਵਿੱਚ ਇਸਦੀ ਘਾਟ ਹੋਣ ਨਾਲ ਅਨੀਮੀਆ ਹੋ ਸਕਦਾ ਹੈ। ਹੀਮੋਗਲੋਬਿਨ ਦੀ ਘਾਟ ਹੋਣ ’ਤੇ ਸਿਰ ਦਰਦ, ਕਮਜ਼ੋਰੀ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਚੁਕੰਦਰ, ਅੰਡੇ ਅਤੇ ਸੁੱਕੇ ਮੇਵੇ ਦਾ ਸੇਵਨ ਕਰੋ।
ਵਿਟਾਮਿਨ-ਬੀ12 ਦੀ ਘਾਟ
ਗਰਭ ਅਵਸਥਾ ਅਤੇ ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਕਾਰਨ ਜਨਾਨੀਆਂ ਦੇ ਸਰੀਰ ਵਿੱਚ ਵਿਟਾਮਿਨ-ਬੀ12 ਦੀ ਘਾਟ ਹੋ ਸਕਦੀ ਹੈ। ਇਸ ਸਮੱਸਿਆ ਵਿੱਚ ਤੁਹਾਨੂੰ ਸਰੀਰਕ ਕਮਜ਼ੋਰੀ, ਭੁੱਖ ਘੱਟ ਲੱਗਣਾ, ਕਬਜ਼, ਥਕਾਵਟ ਵਰਗੇ ਲੱਛਣ ਵਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਮੂੰਹ ਵਿੱਚ ਛਾਲੇ, ਚਮੜੀ ਦਾ ਪੀਲਾ ਪੈਣਾ ਅਤੇ ਚੱਲਣ ਵਿੱਚ ਕਮਜ਼ੋਰੀ ਵੀ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਚੱਕਰ ਆ ਸਕਦੇ ਹਨ। ਤੁਸੀਂ ਆਪਣੀ ਰੁਟੀਨ ਵਿੱਚ ਪਸ਼ੂ ਉਤਪਾਦਾਂ ਅਤੇ ਡੇਅਰੀ ਉਤਪਾਦਾਂ ਨੂੰ ਸ਼ਾਮਲ ਕਰਕੇ ਵਿਟਾਮਿਨ-ਬੀ12 ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।
ਨਸਾਂ ਦੀ ਕਮਜ਼ੋਰੀ
ਨਸਾਂ ਵਿਚ ਕਮਜ਼ੋਰੀ ਹੋਣ ਕਾਰਨ ਨਸਾਂ ਵਿਚ ਦਰਦ ਅਤੇ ਸੋਜ ਹੋਣ ਲਗਦੀ ਹੈ। ਇਸ ਨਾਲ ਚੱਕਰ ਆਉਣ ਲਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਇਹ ਸਮੱਸਿਆ ਹੋਰ ਵੱਧ ਸਕਦੀ ਹੈ।
ਦਿਮਾਗ਼ ਤਕ ਆਕਸੀਜਨ ਦਾ ਨਾ ਪਹੁੰਚਣਾ
ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਹ ਖ਼ੂਨ ਰਾਹੀਂ ਦਿਮਾਗ ਤਕ ਪਹੁੰਚਦੀ ਹੈ ਪਰ ਕਈ ਵਾਰ ਖ਼ੂਨ ਦੇ ਥੱਕੇ ਬਣਨ ਅਤੇ ਖ਼ਰਾਬ ਬਲੱਡ ਸਰਕੁਲਸ਼ਨ ਦੇ ਕਾਰਨ ਦਿਮਾਗ ਤਕ ਸਹੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਦੀ। ਇਸ ਨਾਲ ਚੱਕਰ ਅਤੇ ਬੇਹੋਸ਼ੀ ਜਿਹੀ ਸਮੱਸਿਆ ਹੋਣ ਲਗਦੀ ਹੈ।
ਸਰੀਰ ਵਿਚ ਪਾਣੀ ਦੀ ਘਾਟ ਹੋਣਾ
ਜੋ ਲੋਕ ਘੱਟ ਮਾਤਰਾ ਵਿਚ ਪਾਣੀ ਪੀਂਦੇ ਹਨ। ਉਨ੍ਹਾਂ ਨੂੰ ਵੀ ਜ਼ਿਆਦਾਤਰ ਚੱਕਰ ਆਉਣੇ, ਲਗਾਤਾਰ ਸਿਰਦਰਦ ਰਹਿਣਾ ਅਤੇ ਅੱਖਾਂ ਅੱਗੇ ਧੁੰਦਲਾਪਣ ਜਿਹੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਵਿਚ ਜ਼ਿਆਦਾ ਹੁੰਦੀ ਹੈ ।
40 ਦੀ ਉਮਰ ਤੋਂ ਬਾਅਦ ਵੀ ਕਾਲੇ, ਲੰਬੇ ਤੇ ਸੰਘਣੇ ਰਹਿਣਗੇ ਵਾਲ, ਇਸ ਦੇਸੀ ਨੁਸਖ਼ੇ ਨਾਲ ਮਿਲਣੇ ਸ਼ਾਨਦਾਰ ਲਾਭ
NEXT STORY