ਜਲੰਧਰ - ਬਹੁਤ ਸਾਰੇ ਬੱਚੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਮਾਤਾ-ਪਿਤਾ ਨਾਲ ਘਰ ਵਿਚ ਬਤੀਤ ਕਰਦੇ ਹਨ, ਜਿਸ ਦੌਰਾਨ ਉਹ ਕਈ ਚੀਜ਼ਾਂ ਉਨ੍ਹਾਂ ਤੋਂ ਸਿੱਖਦੇ ਹਨ। ਚੰਗਾ ਹੋਵੇ ਜਾਂ ਮਾੜਾ, ਮਾਪੇ ਉਨ੍ਹਾਂ ਲਈ ਹਰ ਚੀਜ਼ ਦੀ ਮਿਸਾਲ ਹੁੰਦੇ ਹਨ। ਮਾਤਾ-ਪਿਤਾ ਆਪਣੀ ਪੂਰੀ ਜ਼ਿੰਦਗੀ ਬੱਚਿਆਂ ਨੂੰ ਸਹੀ ਗੱਲਾਂ ਸਿਖਾਉਣ ਵਿਚ ਲਗਾ ਦਿੰਦੇ ਹਨ। ਕਈ ਵਾਰ ਅਣਜਾਣੇ ਵਿਚ ਮਾਪੇ ਬੱਚਿਆਂ ਨੂੰ ਕੁਝ ਮਾੜੀਆਂ ਗੱਲਾਂ ਅਤੇ ਲੜਾਈ-ਝਗੜੇ ਕਰਨਾ ਵੀ ਸਿਖਾ ਦਿੰਦੇ ਹਨ, ਜਿਸ ਦਾ ਬੱਚਿਆਂ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਉਹਨਾਂ ਖ਼ਾਸ ਗੱਲਾਂ ਜਾਂ ਕੰਮਾਂ ਬਾਰੇ ਦੱਸਾਂਗੇ, ਜੋ ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਨਹੀਂ ਕਰਨੇ ਚਾਹੀਦੇ, ਕਿਉਂਕਿ ਇਹ ਬੱਚਿਆਂ 'ਤੇ ਮਾਨਸਿਕ ਤੌਰ 'ਤੇ ਡੂੰਘਾ ਪ੍ਰਭਾਵ ਪਾ ਸਕਦੇ ਹਨ....
ਕਿਸੇ ਵੀ ਗੱਲ ਨੂੰ ਲੈ ਕੇ ਬਹਿਸ ਨਾ ਕਰੋ
ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਸਾਹਮਣੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਰਹਿਦੇ ਹਨ, ਜੋ ਲੜਾਈ ਦਾ ਕਾਰਨ ਬਣ ਜਾਂਦੀ ਹੈ। ਘਰ ਵਿੱਚ ਅਕਸਰ ਲੜਾਈ-ਝਗੜਾ ਹੁੰਦਾ ਵੇਖ ਬੱਚੇ ਦਾ ਵਿਵਹਾਰ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਜੋ ਸਹੀ ਨਹੀਂ ਹੈ। ਘਰ ਵਿੱਚ ਹੁੰਦੀ ਬਹਿਸ ਅਤੇ ਲੜਾਈ-ਝਗੜੇ ਨੂੰ ਦੇਖ ਬੱਚੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲੱਗ ਪੈਂਦੇ ਹਨ, ਜਿਸ ਨਾਲ ਉਹਨਾਂ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।
ਛੋਟੀਆਂ-ਛੋਟੀਆਂ ਗੱਲਾਂ 'ਤੇ ਭੇਦਭਾਵ
ਬਹੁਤ ਸਾਰੇ ਮਾਤਾ-ਪਿਤਾ ਛੋਟੀਆਂ-ਛੋਟੀਆਂ ਗੱਲਾਂ 'ਤੇ ਭੇਦਭਾਵ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਅਸਰ ਬੱਚਿਆਂ 'ਤੇ ਵੀ ਪੈਂਦਾ ਹੈ। ਲੜਾਈ-ਝਗੜੇ ਕਾਰਨ ਮਾਪੇ ਵੀ ਬੱਚਿਆਂ ਨਾਲ ਵਿਤਕਰਾ ਕਰਨ ਲੱਗ ਜਾਂਦੇ ਹਨ। ਇਹ ਆਦਤ ਬੱਚਿਆਂ ਦੀ ਸਿਹਤ ਨੂੰ ਖ਼ਰਾਬ ਕਰ ਸਕਦੀ ਹੈ। ਬਾਅਦ ਵਿਚ ਬੱਚਾ ਵੀ ਉਹੀ ਕੰਮ ਕਰੇਗਾ, ਜੋ ਉਸ ਦੇ ਸਾਹਮਣੇ ਕੀਤਾ ਜਾ ਰਿਹਾ ਹੈ।
ਲੜਾਈ-ਝਗੜਾ ਨਾ ਕਰੋ
ਬਹੁਤ ਸਾਰੇ ਮਾਪੇ ਅਜਿਹੇ ਹਨ, ਜੋ ਆਪਣੇ ਬੱਚਿਆਂ ਦੇ ਸਾਹਮਣੇ ਹੀ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ। ਜੋ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। ਮਾਪਿਆਂ ਦਾ ਝਗੜਾ ਵੇਖ ਕੇ ਬੱਚੇ ਹੋਰਾਂ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਉਹ ਆਪਣੇ ਮਾਪਿਆਂ ਦੀਆਂ ਸਾਰੀਆਂ ਗੱਲ਼ਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਫਿਰ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਸਹੀ ਨਹੀਂ ਹੈ।
ਕੁੱਟ-ਮਾਰ ਨਾ ਕਰੋ
ਘਰ ਵਿੱਚ ਬੱਚਿਆਂ ਦੇ ਸਾਹਮਣੇ ਲੜਾਈ ਦੌਰਾਨ ਕਦੇ ਕੁੱਟ-ਮਾਰ ਨਾ ਕਰੋ, ਕਿਉਂਕਿ ਇਸ ਤਰ੍ਹਾਂ ਦੀ ਹਿੰਸਾ ਬੱਚੇ ਦੀ ਜ਼ਿੰਦਗੀ ਨੂੰ ਖ਼ਰਾਬ ਕਰ ਸਕਦੀ ਹੈ। ਕਿਸੇ ਕਿਸਮ ਦੀ ਹਿੰਸਾ, ਭਾਵੇਂ ਦੁਰਵਿਵਹਾਰ ਜਾਂ ਸਰੀਰਕ ਹੋਵੇ, ਵੱਡੇ ਹੋ ਰਹੇ ਬੱਚਿਆਂ ਦੀ ਸਿਹਤ 'ਤੇ ਡੂੰਘਾ ਮਾਨਸਿਕ ਪ੍ਰਭਾਵ ਪਾ ਸਕਦੀ ਹੈ। ਬੱਚੇ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ ਦੁਰਵਿਵਹਾਰ ਕਰਨਾ ਸਿੱਖਦੇ ਹਨ, ਜਿਸ ਦਾ ਨਤੀਜਾ ਬੁਰਾ ਹੁੰਦੀ ਹੈ।
ਨਸ਼ੀਲੇ ਪਦਾਰਥਾਂ ਦਾ ਸੇਵਨ ਨਾ ਕਰੋ
ਬਹੁਤ ਸਾਰੇ ਮਾਪੇ ਅਜਿਹੇ ਹਨ, ਜੋ ਆਪਣੇ ਬੱਚਿਆਂ ਦੇ ਸਾਹਮਣੇ ਸ਼ਰਾਬ, ਸਿਗਰਟ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਬੱਚੇ ਆਪਣੇ ਮਾਪਿਆਂ ਦੀਆਂ ਅਜਿਹੀਆਂ ਆਦਤਾਂ ਕਰਕੇ ਵੱਡੇ ਹੋ ਕੇ ਨਸ਼ੇ ਜਾਂ ਸ਼ਰਾਬ ਦੇ ਆਦੀ ਹੋ ਜਾਂਦੇ ਹਨ, ਜਿਸ ਨਾਲ ਉਹਨਾਂ ਦੀ ਜ਼ਿੰਦਗੀ ਖ਼ਰਾਬ ਹੋ ਸਕਦੀ ਹੈ। ਇਸੇ ਲਈ ਬੱਚਿਆਂ ਦੇ ਸਾਹਮਣੇ ਅਜਿਹੀਆਂ ਚੀਜ਼ਾਂ ਦਾ ਸੇਵਨ ਨਾ ਕਰੋ।
ਸਖ਼ਤ ਅਨੁਸ਼ਾਸਨ
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਅਨੁਸ਼ਾਸਨ ਸਿਖਾਉਂਦੇ ਹਨ, ਇਹ ਵੀ ਬੱਚੇ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਮਾਪੇ ਬੱਚੇ 'ਤੇ ਜ਼ਬਰਦਸਤੀ ਕਿਸੇ ਚੀਜ਼ ਨੂੰ ਕਰਨ ਦਾ ਦਬਾਅ ਪਾਉਂਦੇ ਹਨ ਤਾਂ ਬੱਚਿਆਂ ਦਾ ਵਿਵਹਾਰ ਬਦਲਣਾ ਸ਼ੁਰੂ ਹੋ ਜਾਂਦਾ ਹੈ। ਉਹ ਹੌਲੀ-ਹੌਲੀ ਆਪਣੇ ਮਾਤਾ-ਪਿਤਾ ਤੋਂ ਦੂਰ ਰਹਿਣ ਲੱਗਦੇ ਹਨ, ਜਿਸ ਦਾ ਮਾੜਾ ਅਸਰ ਉਹਨਾਂ ਦੇ ਦਿਮਾਗ 'ਤੇ ਪੈਂਦਾ ਹੈ।
ਪੜ੍ਹਾਈ 'ਤੇ ਪੈ ਸਕਦਾ ਮਾੜਾ ਅਸਰ
ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਦੇ ਸਾਹਮਣੇ ਲੜਾਈ-ਝਗੜਾ ਕਰਦੇ ਹਨ ਤਾਂ ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ 'ਤੇ ਵੀ ਪੈ ਸਕਦਾ ਹੈ। ਮਾਤਾ-ਪਿਤਾ ਦਾ ਝਗੜਾ ਵੇਖ ਕੇ ਉਨ੍ਹਾਂ ਦਾ ਮਨ ਪੜ੍ਹਾਈ ਵਿੱਚ ਵੀ ਨਹੀਂ ਲੱਗਦਾ, ਜਿਸ ਕਾਰਨ ਉਨ੍ਹਾਂ ਦੇ ਦਿਮਾਗ ਦੀ ਸਮਰੱਥਾ ਘਟਣ ਲੱਗਦੀ ਹੈ। ਝਗੜੇ ਉਨ੍ਹਾਂ ਦੀ ਹਰ ਗਤੀਵਿਧੀ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਕਰਕੇ ਅਜਿਹੀ ਸਥਿਤੀ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਲੜਾਈ ਨਾ ਕਰੋ।
Health Tips: ਖੂਨ ਦੀ ਘਾਟ ਦੂਰ ਕਰਨ ਲਈ ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ, ਬੀਮਾਰੀਆਂ ਹੋਣਗੀਆਂ ਛੂ-ਮੰਤਰ
NEXT STORY