ਜਲੰਧਰ (ਬਿਊਰੋ)– ਸਰਦੀਆਂ ਦੇ ਮੌਸਮ ’ਚ ਸਰੀਰ ’ਚ ਕਈ ਬਦਲਾਅ ਆਉਂਦੇ ਹਨ। ਸਾਨੂੰ ਸਰੀਰ ਦੇ ਜ਼ਰੂਰੀ ਅੰਗਾਂ ਨੂੰ ਗਰਮ ਰੱਖਣ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ। ਜੇਕਰ ਸਰੀਰ ਨੂੰ ਪੂਰੀ ਊਰਜਾ ਨਹੀਂ ਮਿਲਦੀ ਤਾਂ ਇਹ ਸਮੱਸਿਆ ਬਣ ਸਕਦੀ ਹੈ। ਸਰੀਰ ਨੂੰ ਪੂਰੀ ਊਰਜਾ ਨਾ ਮਿਲਣ ਕਾਰਨ ਹੱਥਾਂ-ਪੈਰਾਂ ਨੂੰ ਬਹੁਤ ਠੰਡ ਮਹਿਸੂਸ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਕਾਫੀ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ’ਤੇ ਜਿਨ੍ਹਾਂ ਲੋਕਾਂ ਦੇ ਸਰੀਰ ’ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਉਹ ਵੀ ਸਰਦੀਆਂ ’ਚ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋਣ ਲੱਗਦੇ ਹਨ। ਇਸ ਹਾਲਤ ’ਚ ਹੱਥਾਂ ਦੀਆਂ ਉਂਗਲਾਂ ’ਚ ਸੋਜ ਪੈ ਜਾਂਦੀ ਹੈ।
ਤੁਸੀਂ ਗਠੀਏ ਦੀ ਦਵਾਈ ਜ਼ਰੂਰ ਲੈ ਰਹੇ ਹੋਵੋਗੇ ਪਰ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੀ ਖੁਰਾਕ ’ਚ ਕੁਝ ਬਦਲਾਅ ਕਰੋਗੇ ਤਾਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ। ਖ਼ਾਸ ਤੌਰ ’ਤੇ ਜੇਕਰ ਗਠੀਆ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਤਾਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣ ਨਾਲ ਬਹੁਤ ਮਦਦ ਮਿਲੇਗੀ।
ਹਲਦੀ
ਕਈ ਖੋਜਾਂ ’ਚ ਇਹ ਸਾਬਿਤ ਹੋ ਚੁੱਕਾ ਹੈ ਕਿ ਹਲਦੀ ’ਚ ਕਰਕਿਊਮਿਨ ਨਾਮ ਦਾ ਇਕ ਰਸਾਇਣ ਪਾਇਆ ਜਾਂਦਾ ਹੈ, ਜਿਸ ’ਚ ਐਂਟੀ-ਇੰਫਲੇਮੇਟਰੀ ਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਜੋੜਾਂ ਦੇ ਵਿਚਕਾਰ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਗਠੀਏ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਪਾਲਕ
ਸਰਦੀਆਂ ’ਚ ਹਰ ਕਿਸੇ ਨੂੰ ਹਰੀਆਂ ਸਬਜ਼ੀਆਂ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਇਹ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ। ਖ਼ਾਸ ਤੌਰ ’ਤੇ ਪਾਲਕ ਦਾ ਭਰਪੂਰ ਸੇਵਨ ਕਰੋ, ਇਸ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਸ ’ਚ ਦੋ ਤਰ੍ਹਾਂ ਦੇ ਐਂਟੀ-ਆਕਸੀਡੈਂਟ ਹੁੰਦੇ ਹਨ, ਨਿਓਕਸੈਂਥਿਨ ਤੇ ਵਾਇਓਲੈਕਸੈਂਥਿਨ, ਜਿਨ੍ਹਾਂ ’ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਅਸਥਮਾ, ਗਠੀਆ ਤੇ ਇਥੋਂ ਤੱਕ ਕਿ ਮਾਈਗ੍ਰੇਨ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
ਦੁੱਧ ਤੇ ਆਂਡੇ
ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪੀੜਤ ਹੋ ਤਾਂ ਖੁਰਾਕ ’ਚ ਦੁੱਧ ਤੇ ਆਂਡੇ ਜ਼ਰੂਰ ਸ਼ਾਮਲ ਕਰੋ। ਦਰਅਸਲ ਸਰਦੀਆਂ ’ਚ ਸਰੀਰ ’ਚ ਵਿਟਾਮਿਨ ਡੀ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਸਰੀਰ ਤੇ ਜੋੜਾਂ ’ਚ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਪੂਰਾ ਕਰਨ ਲਈ ਤੁਹਾਨੂੰ ਸੂਰਜ ਦੀ ਰੌਸ਼ਨੀ ਤੋਂ ਇਲਾਵਾ ਭੋਜਨ ’ਚ ਦੁੱਧ, ਦਹੀਂ ਤੇ ਆਂਡੇ ਦਾ ਸੇਵਨ ਕਰਨਾ ਚਾਹੀਦਾ ਹੈ।
ਲਸਣ
ਲਸਣ ਇਕ ਐਂਟੀ-ਇੰਫਲੇਮੇਟਰੀ ਖਾਦ ਪਦਾਰਥ ਵੀ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਜੋੜਾਂ ਦੇ ਦਰਦ ਤੋਂ ਕੁਝ ਰਾਹਤ ਮਿਲਦੀ ਹੈ।
ਬਦਾਮ
ਬਦਾਮ ’ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸੋਜ ਨੂੰ ਘੱਟ ਕਰਦਾ ਹੈ। ਇਸ ਲਈ ਇਸ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰੋ। ਸਰਦੀਆਂ ’ਚ ਬਦਾਮ ਸਰੀਰ ਨੂੰ ਅੰਦਰੋਂ ਗਰਮ ਰੱਖਣ ਦਾ ਕੰਮ ਵੀ ਕਰਦਾ ਹੈ।
ਨੋਟ– ਤੁਸੀਂ ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਕੀ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸਰਦੀਆਂ 'ਚ ਕਬਜ਼ ਦਾ ਕਾਰਨ ਬਣਦੀਆਂ ਨੇ 'ਜੰਕ ਫੂਡ' ਸਣੇ ਇਹ ਚੀਜ਼ਾਂ, ਖੁਰਾਕ 'ਚੋਂ ਤੁਰੰਤ ਕਰੋ ਬਾਹਰ
NEXT STORY