ਜਲੰਧਰ (ਬਿਊਰੋ)– ਅਕਸਰ ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਸ਼ਾਮ ਨੂੰ ਘਰ ਪਹੁੰਚਦਿਆਂ ਹੀ ਪੈਰਾਂ ’ਚ ਥਕਾਵਟ, ਸੋਜ ਤੇ ਦਰਦ ਮਹਿਸੂਸ ਹੋਣ ਲੱਗਦਾ ਹੈ। ਅੱਜ ਦੇ ਸਮੇਂ ’ਚ ਜ਼ਿਆਦਾਤਰ ਲੋਕ ਪੈਰਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਹਾਲਾਂਕਿ ਪੈਰਾਂ ’ਚ ਦਰਦ ਹੋਣ ਦੇ ਪਿੱਛੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਪਰ ਇਸ ਦਾ ਸਭ ਤੋਂ ਵੱਡਾ ਕਾਰਨ ਘੰਟਿਆਂ ਤਕ ਇਕ ਜਗ੍ਹਾ ’ਤੇ ਬੈਠ ਕੇ ਜਾਂ ਖੜ੍ਹੇ ਹੋ ਕੇ ਕੰਮ ਕਰਨਾ ਹੈ।
ਪੈਰਾਂ ਦੇ ਇਸ ਦਰਦ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਪੇਨਕਿੱਲਰ ਦਾ ਸੇਵਨ ਤੁਹਾਡੀ ਸਿਹਤ ’ਤੇ ਵੀ ਬੁਰਾ ਅਸਰ ਪਾ ਸਕਦਾ ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਸ਼ਾਮ ਹੁੰਦਿਆਂ ਹੀ ਪੈਰਾਂ ’ਚ ਦਰਦ ਦੀ ਸ਼ਿਕਾਇਤ ਕਰਦੇ ਹੋ ਤਾਂ ਇਹ ਘਰੇਲੂ ਨੁਸਖ਼ੇ ਅਜ਼ਮਾ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ–
ਗਰਮ ਪਾਣੀ
ਦਿਨ ਭਰ ਦੀ ਥਕਾਵਟ, ਪੈਰਾਂ ਦਾ ਦਰਦ ਤੇ ਸੋਜ ਘੱਟ ਕਰਨ ਲਈ ਤੁਸੀਂ ਪੈਰਾਂ ਦੀ ਗਰਮ ਪਾਣੀ ਨਾਲ ਟਕੋਰ ਕਰੋ। ਪੈਰਾਂ ਦੀ ਟਕੋਰ ਕਰਨ ਨਾਲ ਮਾਸਪੇਸ਼ੀਆਂ ਦੇ ਦਰਦ ਦੇ ਨਾਲ-ਨਾਲ ਪੈਰਾਂ ਦੀ ਸੋਜ ਤੇ ਥਕਾਵਟ ਵੀ ਦੂਰ ਹੁੰਦੀ ਹੈ। ਇਸ ਨੁਸਖ਼ੇ ਨੂੰ ਕਰਨ ਲਈ ਟੱਬ ’ਚ ਗਰਮ ਪਾਣੀ ਲੈ ਕੇ ਉਸ ’ਚ ਅੱਧਾ ਚਮਚ ਸੇਂਧਾ ਲੂਣ ਮਿਲਾ ਕੇ ਆਪਣੇ ਪੈਰਾਂ ਨੂੰ 10 ਤੋਂ 15 ਮਿੰਟ ਡੁਬੋ ਕੇ ਰੱਖੋ।
ਬਰਫ ਦੀ ਟਕੋਰ
ਪੈਰਾਂ ਦੀ ਥਕਾਵਟ ਤੇ ਸੋਜ ਨੂੰ ਦੂਰ ਕਰਨ ਲਈ ਬਰਫ ਦੀ ਟਕੋਰ ਵੀ ਬੇਹੱਦ ਅਸਰਦਾਰ ਹੈ। ਇਸ ਨੁਸਖ਼ੇ ਨੂੰ ਕਰਨ ਲਈ ਇਕ ਕਾਟਨ ਦੇ ਕੱਪੜੇ ’ਚ ਬਰਫ ਬੰਨ੍ਹ ਕੇ ਇਸ ਨਾਲ ਪੈਰਾਂ ਦੀ ਟਕੋਰ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਥਕਾਵਟ ਹੀ ਨਹੀਂ, ਸੋਜ ਵੀ ਦੂਰ ਹੁੰਦੀ ਹੈ।
ਸਰ੍ਹੋਂ ਦੇ ਤੇਲ ਨਾਲ ਮਾਲਸ਼
ਪੈਰਾਂ ਦੀ ਥਕਾਵਟ ਤੇ ਸੋਜ ਘੱਟ ਕਰਨ ਲਈ ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਸਾਜ ਕਰੋ।
ਬੇਕਿੰਗ ਸੋਡਾ
ਪੈਰਾਂ ਦੀ ਸੋਜ ਤੇ ਦਰਦ ਨੂੰ ਘੱਟ ਕਰਨ ਲਈ ਬੇਕਿੰਗ ਸੋਡਾ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੁਸਖ਼ੇ ਨੂੰ ਕਰਨ ਲਈ ਚੌਲਾਂ ਦੇ ਪਾਣੀ ਨੂੰ ਉਬਾਲ ਕੇ ਉਸ ’ਚ ਬੇਕਿੰਗ ਸੋਡਾ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਪੈਰਾਂ ਦੀ ਸੋਜ ਵਾਲੀ ਜਗ੍ਹਾ ’ਤੇ ਲਗਾਉਣ ਤੋਂ ਬਾਅਦ ਪੈਰ 10 ਮਿੰਟ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ।
ਨੋਟ– ਕਈ ਵਾਰ ਪੈਰਾਂ ’ਚ ਦਰਦ ਤੇ ਸੋਜ ਦੇ ਪਿੱਛੇ ਕਈ ਰੋਗ ਵੀ ਹੋ ਸਕਦੇ ਹਨ। ਅਜਿਹੇ ’ਚ ਇਨ੍ਹਾਂ ਨੁਸਖ਼ਿਆਂ ਨੂੰ ਇਕ-ਦੋ ਦਿਨ ਅਜ਼ਮਾਉਣ ਤੋਂ ਬਾਅਦ ਜੇਕਰ ਰਾਹਤ ਨਾ ਮਿਲੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਪੰਜਾਬ 'ਚ ਚੱਲੇਗੀ ਗਰਮੀ ਦੀ ਲਹਿਰ! ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
NEXT STORY