ਹੈਲਥ ਡੈਸਕ- ਸਰਦੀਆਂ ਦਾ ਮੌਸਮ ਸਿਰਫ਼ ਠੰਢ ਹੀ ਨਹੀਂ ਲਿਆਉਂਦਾ, ਸਗੋਂ ਇਹ ਚਮੜੀ (ਸਕਿਨ) ਅਤੇ ਵਾਲਾਂ ਦੀ ਸਿਹਤ ‘ਤੇ ਵੀ ਡੂੰਘਾ ਅਸਰ ਪਾਉਂਦੀ ਹੈ। ਠੰਢੀ ਅਤੇ ਸੁੱਕੀ ਹਵਾ ਸਕਿਨ ਦੀ ਕੁਦਰਤੀ ਨਮੀ ਖਿੱਚ ਲੈਂਦੀ ਹੈ, ਜਿਸ ਕਾਰਨ ਡ੍ਰਾਈ ਸਕਿਨ, ਖੁਜਲੀ ਅਤੇ ਡੈਂਡਰਫ਼ ਵਰਗੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਜਰਨਲ ਆਫ਼ ਦ ਅਮਰੀਕਨ ਅਕੈਡਮੀ ਆਫ਼ ਡਰਮਾਟੋਲੋਜੀ ਮੁਤਾਬਕ ਸਰਦੀਆਂ 'ਚ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਗਰਮੀਆਂ ਦੇ ਮੁਕਾਬਲੇ ਲਗਭਗ 11 ਫੀਸਦੀ ਵੱਧ ਜਾਂਦੀਆਂ ਹਨ। ਇਸ ਲਈ ਇਸ ਮੌਸਮ 'ਚ ਸਕਿਨ ਅਤੇ ਵਾਲਾਂ ਦੀ ਖਾਸ ਦੇਖਭਾਲ ਬਹੁਤ ਜ਼ਰੂਰੀ ਹੈ।
ਸਰਦੀਆਂ 'ਚ ਸਕਿਨ ਤੇ ਵਾਲਾਂ ਦੀ ਰੱਖਿਆ ਲਈ 6 ਜ਼ਰੂਰੀ ਉਪਾਅ
1. ਕੋਸੇ ਪਾਣੀ ਨਾਲ ਹੀ ਨਹਾਉਣਾ
ਰਿਸਰਚ ਅਨੁਸਾਰ 5 ਤੋਂ 10 ਮਿੰਟ ਤੱਕ ਕੋਸੇ ਪਾਣੀ ਨਾਲ ਨਹਾਉਣਾ ਸਕਿਨ ਲਈ ਸੁਰੱਖਿਅਤ ਹੁੰਦਾ ਹੈ। ਬਹੁਤ ਗਰਮ ਪਾਣੀ ਸਕਿਨ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਰੁੱਖਾਪਣ ਅਤੇ ਜਲਣ ਵਧਦੀ ਹੈ। ਸਰਦੀਆਂ 'ਚ ਲੰਮੇ ਅਤੇ ਗਰਮ ਸ਼ਾਵਰ ਤੋਂ ਬਚੋ।
2. ਨਹਾਉਣ ਤੋਂ ਤੁਰੰਤ ਬਾਅਦ ਮੌਇਸਚਰਾਈਜ਼ਰ ਲਗਾਓ
ਨਹਾਉਣ ਤੋਂ 3 ਮਿੰਟਾਂ ਦੇ ਅੰਦਰ ਮੌਇਸਚਰਾਈਜ਼ਰ ਲਗਾਉਣ ਨਾਲ ਸਕਿਨ 'ਚ ਨਮੀ ਬਣੀ ਰਹਿੰਦੀ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਿਨ ਮੁਤਾਬਕ ਸੈਰਾਮਾਈਡ-ਆਧਾਰਿਤ ਕ੍ਰੀਮ ਸਕਿਨ ਦੀ ਨਮੀ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਦੀ ਹੈ।
3. SPF 30 ਸਨਸਕ੍ਰੀਨ ਜ਼ਰੂਰ ਵਰਤੋ
ਰਿਸਰਚ ਦੱਸਦੀ ਹੈ ਕਿ ਸਰਦੀਆਂ 'ਚ ਵੀ UVA ਕਿਰਣਾਂ ਸਕਿਨ ਲਈ ਨੁਕਸਾਨਦਾਇਕ ਹੁੰਦੀਆਂ ਹਨ। ਇਸ ਲਈ ਘੱਟੋ-ਘੱਟ SPF 30 ਵਾਲੀ ਸਨਸਕ੍ਰੀਨ ਦੀ ਵਰਤੋਂ ਲਾਜ਼ਮੀ ਕਰੋ।
4. ਵਾਲਾਂ ਨੂੰ ਵਾਰ-ਵਾਰ ਨਾ ਧੋਵੋ
ਵਾਰ-ਵਾਰ ਵਾਲ ਧੋਣ ਨਾਲ ਸਕੈਲਪ ਦੀ ਸੇਬਮ ਲੇਅਰ ਘਟ ਜਾਂਦੀ ਹੈ, ਜਿਸ ਨਾਲ ਡ੍ਰਾਈਨੈੱਸ, ਖੁਜਲੀ ਅਤੇ ਡੈਂਡਰਫ਼ ਵਧਦਾ ਹੈ। ਹਫ਼ਤੇ 'ਚ 2–3 ਵਾਰ ਹੀ ਸ਼ੈਂਪੂ ਕਰੋ। ਸਲਫੇਟ-ਫ੍ਰੀ ਸ਼ੈਂਪੂ ਬਿਹਤਰ ਰਹੇਗਾ ਅਤੇ ਹਲਕੀ ਸਕੈਲਪ ਮਸਾਜ਼ ਕਰੋ।
5. ਵਾਲਾਂ ਦੀ ਨਮੀ ਕਾਇਮ ਰੱਖੋ
ਸਰਦੀਆਂ 'ਚ ਵਾਲਾਂ ਨੂੰ ਠੰਢੀ ਹਵਾ ਅਤੇ ਹੀਟ ਸਟਾਈਲਿੰਗ ਟੂਲਜ਼ ਤੋਂ ਬਚਾਓ। ਬਾਹਰ ਨਿਕਲਦੇ ਸਮੇਂ ਸਿਰ ਢੱਕੋ, ਕੰਡੀਸ਼ਨਰ ਜਾਂ ਸੀਰਮ ਵਰਤੋਂ ਅਤੇ ਹਲਕੀ ਮਸਾਜ਼ ਨਾਲ ਬਲੱਡ ਸਰਕੂਲੇਸ਼ਨ ਸੁਧਾਰੋ।
6. ਡਾਇਟ 'ਚ ਓਮੇਗਾ-3 ਅਤੇ ਮੌਸਮੀ ਫਲ ਸ਼ਾਮਲ ਕਰੋ
ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ (ਅਮਰੀਕਾ) ਦੀ ਸਟਡੀ ਮੁਤਾਬਕ ਵਿਟਾਮਿਨ E, ਓਮੇਗਾ-3 ਅਤੇ ਐਂਟੀਓਕਸੀਡੈਂਟਸ ਵਾਲੇ ਭੋਜਨ—ਜਿਵੇਂ ਬਾਦਾਮ, ਅਖਰੋਟ, ਫੈਟੀ ਫਿਸ਼, ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ—ਸਕਿਨ ਦੀ ਨਮੀ ਬਣਾਈ ਰੱਖਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ਕਰਦੇ ਹਨ।
ਧੁੱਪ ਨਾਲ ਸਕਿਨ ਰਿਪੇਅਰ ਤੇ ਵਾਲ ਮਜ਼ਬੂਤ
ਸਰਦੀਆਂ 'ਚ ਸੂਰਜ ਦੀਆਂ UVB ਕਿਰਣਾਂ ਨਾਲ ਸਰੀਰ 'ਚ ਵਿਟਾਮਿਨ D ਬਣਦਾ ਹੈ, ਜੋ ਸਕਿਨ ਰਿਪੇਅਰ ਅਤੇ ਵਾਲਾਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ 10 ਤੋਂ 30 ਮਿੰਟ ਧੁੱਪ ਲੈਣਾ ਫਾਇਦੇਮੰਦ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਬੇਹੱਦ ਲਾਹੇਵੰਦ ਹੁੰਦੀ ਹੈ ਦੁਪਹਿਰ ਦੀ ਨੀਂਦ ! ਐਨਰਜੀ ਬੂਸਟਰ ਵਾਂਗ ਕੰਮ ਕਰੇਗੀ 10-20 ਦੀ ਝਪਕੀ
NEXT STORY