ਜਲੰਧਰ (ਬਿਊਰੋ) - ਮੌਸਮ 'ਚ ਬਦਲਾਅ ਆਉਣ ਦੇ ਨਾਲ-ਨਾਲ ਕਈ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸਰਦੀ ਹੋਵੇ ਜਾਂ ਗਰਮੀ, ਦੋਵਾਂ ਦੇ ਆਉਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਗਰਮੀ ਦੇ ਮੌਸਮ ਵਿੱਚ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਗਰਮੀ ’ਚ ਜਿਵੇਂ-ਜਿਵੇਂ ਤੇਜ਼ ਧੁੱਪ ਤੇ ਗਰਮ ਹਵਾਵਾਂ ਚਲਦੀਆਂ ਹਨ, ਉਸੇ ਤਰ੍ਹਾਂ ਸਾਡਾ ਮਨ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਬਦਲ ਰਹੇ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਖਾਣ ਨਾਲ ਸਿਹਤ ਚੰਗੀ ਅਤੇ ਤੰਦਰੁਸਤ ਰਹਿੰਦੀ ਹੈ। ਗਰਮੀ ਦੇ ਮੌਸਮ ’ਚ ਤੁਹਾਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਆਪਣਾ ਧਿਆਨ ਕਿਵੇਂ ਰੱਖਣਾ ਚਾਹੀਦਾ ਹੈ, ਦੇ ਬਾਰੇ ਦੱਸਾਂਗੇ...
ਲੂ ਲੱਗਣ ਦਾ ਖ਼ਤਰਾ
ਗਰਮੀਆਂ ਵਿੱਚ ਲੂ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਸ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਆਪਣੇ ਆਪ ਨੂੰ ਦਿਨ ਭਰ ਹਾਈਡ੍ਰੇਟਿਡ ਰੱਖੋ। ਨਾਲ ਹੀ ਤੇਜ਼ ਧੁੱਪ ਵਿੱਚ ਜਾਣ ਤੋਂ ਬਚੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਤੇਜ਼ ਬੁਖ਼ਾਰ, ਉਲਟੀਆਂ, ਤੇਜ਼ ਸਾਹ, ਚੱਕਰ ਆਉਣੇ, ਕਮਜ਼ੋਰੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।
ਧੱਫੜ ਅਤੇ ਪਿੱਤ
ਗਰਮੀਆਂ 'ਚ ਜ਼ਿਆਦਾ ਪਸੀਨਾ ਆਉਣ ਨਾਲ ਚਮੜੀ 'ਤੇ ਧੱਫੜ ਜਾਂ ਪਿੱਤ ਨਿਕਲਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਸਰੀਰ 'ਚ ਵਾਰ-ਵਾਰ ਖਾਰਸ਼ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਤੰਗ ਅਤੇ ਗੂੜ੍ਹੇ ਰੰਗ ਦੇ ਕੱਪੜੇ ਨਾ ਪਾਓ। ਰੋਜ਼ਾਨਾ ਨਿੰਮ ਦੀਆਂ ਪੱਤੀਆਂ ਨੂੰ ਪਾਣੀ 'ਚ ਭਿਓ ਕੇ ਇਸ਼ਨਾਨ ਕਰੋ। ਇਸ ਨਾਲ ਚਮੜੀ ਦੀ ਇਨਫੈਕਸ਼ਨ ਦੇ ਨਾਲ-ਨਾਲ ਧੱਫੜ ਅਤੇ ਪਿੱਤ ਨਹੀਂ ਹੋਵੇਗੀ।
ਟਾਈਫਾਈਡ ਦਾ ਖ਼ਤਰਾ
ਤੇਜ਼ ਗਰਮੀ ਵਿੱਚ ਟਾਈਫਾਈਡ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਪਾਣੀ ਤੋਂ ਹੋਣ ਵਾਲੀ ਬੀਮਾਰੀ ਹੈ। ਦੂਸ਼ਿਤ ਪਾਣੀ ਦੀ ਵਰਤੋਂ ਅਤੇ ਖ਼ਰਾਬ ਭੋਜਨ ਖਾਣ ਨਾਲ ਤੁਸੀਂ ਟਾਈਫਾਈਡ ਦਾ ਸ਼ਿਕਾਰ ਹੋ ਸਕਦੇ ਹੋ। ਟਾਈਫਾਈਡ ਦੇ ਲੱਛਣ ਉਦੋਂ ਵਿਖਾਈ ਦਿੰਦੇ ਨੇ ਜਦੋਂ ਬੈਕਟੀਰੀਆ ਪਾਣੀ ਨਾਲ ਸਰੀਰ ਵਿੱਚ ਦਾਖਲ ਹੁੰਦੇ ਹਨ। ਇਸ ਤੋਂ ਬਚਣ ਲਈ ਆਪਣੀ ਡਾਈਟ ਦਾ ਖ਼ਾਸ ਧਿਆਨ ਰੱਖੋ। ਬੱਚਿਆਂ ਨੂੰ ਟਾਈਫਾਈਡ ਤੋਂ ਬਚਾਅ ਦਾ ਟੀਕਾਕਰਨ ਜ਼ਰੂਰ ਕਰਨਾ ਚਾਹੀਦਾ ਹੈ।
ਪੀਲੀਆ
ਗਰਮੀਆਂ ਵਿੱਚ ਪੀਲੀਆ ਹੋਣਾ ਆਮ ਸਮੱਸਿਆ ਹੈ। ਦੂਸ਼ਿਤ ਪਾਣੀ ਅਤੇ ਭੋਜਨ ਦਾ ਸੇਵਨ ਕਰਨ ਨਾਲ ਹੈਪੇਟਾਈਟਸ ਜਾਂ ਪੀਲੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਬੀਮਾਰੀ ਦੇ ਕਾਰਨ ਮਰੀਜ਼ ਦੀਆਂ ਅੱਖਾਂ ਅਤੇ ਨਹੁੰ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਲੀਵਰ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ। ਇਸ ਲਈ ਤੁਸੀਂ ਹਲਕਾ ਅਤੇ ਘਰ ਦਾ ਬਣਿਆ ਭੋਜਨ ਖਾਓ।
ਗਰਮੀਆਂ ਵਿੱਚ ਬੀਮਾਰੀਆਂ ਤੋਂ ਬਚਣ ਲਈ ਕਰੋ ਇਹ ਕੰਮ
. ਇਮਿਊਨਿਟੀ ਵਧਾਉਣ ਲਈ ਵਿਟਾਮਿਨ-ਸੀ ਨਾਲ ਭਰਪੂਰ ਭੋਜਨ ਖਾਓ। ਇਸ ਦੌਰਾਨ ਸੰਤਰੇ, ਮੌਸਮੀ ਜੂਸ ਪੀਣ ਦੀ ਬਜਾਏ ਇਸ ਦਾ ਸੇਵਨ ਕਰੋ। ਰੇਸ਼ੇਦਾਰ ਫਲ ਦਾ ਸੇਵਨ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
. ਰੋਜ਼ਾਨਾ ਕਸਰਤ ਕਰੋ। ਇਸ ਲਈ 15 ਮਿੰਟ ਮੈਡੀਟੇਸ਼ਨ, 30-30 ਮਿੰਟ ਯੋਗਾ ਅਤੇ ਸੈਰ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ ਅਤੇ ਬੀਮਾਰੀਆਂ ਦੂਰ ਹੋਣਗੀਆਂ। ਯੋਗਾ ਅਤੇ ਮੈਡੀਟੇਸ਼ਨ ਕਰਨ ਨਾਲ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲੇਗੀ।
. ਗਰਮੀਆਂ ਵਿੱਚ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਰੋਜ਼ਾਨਾ ਨਹਾਓ ਅਤੇ ਸਾਫ਼-ਸਫਾਈ ਦਾ ਧਿਆਨ ਰੱਖੋ। ਇਸ ਤੋਂ ਇਲਾਵਾ ਰੋਜ਼ਾਨਾ ਘਰ ਦੀ ਸਫ਼ਾਈ ਵੀ ਕਰੋ।
. ਪ੍ਰੋਸੈਸਡ, ਮਸਾਲੇਦਾਰ, ਤੇਲਯੁਕਤ ਚੀਜ਼ਾਂ ਆਦਿ ਦਾ ਸੇਵਨ ਨਾ ਕਰੋ। ਇਸ ਦੀ ਬਜਾਏ ਘਰ ਦਾ ਬਣਿਆ ਤਾਜ਼ਾ ਅਤੇ ਸਾਦਾ ਭੋਜਨ ਖਾਓ।
. ਬੀਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖੋ। ਦਿਨ ’ਚ 8-10 ਗਲਾਸ ਪਾਣੀ ਪੀਓ।
. ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਇਸ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ। ਇਸ ਨਾਲ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਆਰਾਮ ਮਿਲੇਗਾ। ਇਮਿਊਨਿਟੀ ਵੀ ਵਧੇਗੀ।
ਸਿਹਤ ਲਈ ਬੇਹੱਦ ਗੁਣਕਾਰੀ ਹੈ 'ਗਲੋਅ', ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਕਰੇ ਦੂਰ
NEXT STORY