ਹੁਸ਼ਿਆਰਪੁਰ (ਮੁੱਗੋਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਦੇ ਖੇਤਰ ਨਾਲ ਜੋਡ਼ਨ ਲਈ ਇਕ ਖੁੱਲ੍ਹੀ ਲਾਇਬ੍ਰੇਰੀ ਦਾ ਆਰੰਭ ਕੀਤਾ ਗਿਆ ਹੈ। ਉਕਤ ਲਾਇਬ੍ਰੇਰੀ ਵਾਸਤੇ ਬਾਲ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਬਲਜਿੰਦਰ ਮਾਨ ਵੱਲੋਂ ਜਾਣਕਾਰੀ ਭਰਪੂਰ ਕਿਤਾਬਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਹਰਭਜਨ ਸਿੰਘ ਕਾਹਲੋਂ, ਸਰਵਣ ਰਾਮ ਭਾਟੀਆ, ਮਨਜੀਤ ਮਾਨ, ਬੱਗਾ ਸਿੰਘ ਚਿੱਤਰਕਾਰ, ਪੰਮੀ ਖੁਸ਼ਹਾਲਪੁਰੀ ਸਮੇਤ ਸਾਹਿਤ ਖੇਤਰ ਨਾਲ ਜੁਡ਼ੇ ਵਿਅਕਤੀ ਹਾਜ਼ਰ ਸਨ। ਪ੍ਰਿੰ. ਪਰਵਿੰਦਰ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਲਈ ਉਸਾਰੂ ਸੋਚ ਨੂੰ ਸਮਰਪਿਤ ਕਿਤਾਬਾਂ ਪਡ਼੍ਹਨੀਆਂ ਤੇ ਉਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੋ ਵਿਅਕਤੀ ਬਚਪਨ ਤੋਂ ਹੀ ਆਪਣੀ ਪਡ਼੍ਹਾਈ ਅਤੇ ਕੰਮਕਾਰ ਨਾਲ ਸਬੰਧਤ ਗਿਆਨ ਪ੍ਰਾਪਤ ਕਰਦਾ ਹੋਇਆ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਪਡ਼੍ਹਨ ਲਈ ਉਤਸ਼ਾਹਿਤ ਹੋ ਜਾਂਦਾ ਹੈ, ਉਹ ਜ਼ਿੰਦਗੀ ਦੇ ਹਰ ਖੇਤਰ ਵਿਚ ਵਾਪਰ ਰਹੀਆਂ ਘਟਨਾਵਾਂ ਸਬੰਧੀ ਆਪਣਾ ਅਨੁਭਵ ਪੈਦਾ ਕਰ ਲੈਂਦਾ ਹੈ। ਉਹ ਹਰ ਗੱਲ ਨੂੰ ਸਮੇਂ ਤੇ ਹਾਲਾਤ ਅਨੁਸਾਰ ਸਮਝਣ ਦੇ ਯੋਗ ਹੋ ਜਾਂਦਾ ਹੈ। ਬਲਜਿੰਦਰ ਮਾਨ ਨੇ ਕਿਹਾ ਕਿ ਹਰ ਕਾਲਜ ਵਿਚ ਖੁੱਲ੍ਹੀ ਲਾਇਬ੍ਰੇਰੀ ਖੁੱਲ੍ਹਣੀ ਚਾਹੀਦੀ ਹੈ, ਤਾਂ ਕਿ ਪਾਠਕ ਇਸ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਜਰਮਨ, ਸਿੰਗਾਪੁਰ ਅਤੇ ਹੋਰ ਵਿਕਸਿਤ ਦੇਸ਼ਾਂ ਵਿਚ ਕਿਤਾਬਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਮੇਨ ਥਾਵਾਂ ’ਤੇ ਲਾਇਬ੍ਰੇਰੀਆਂ ਖੋਲ੍ਹੀਆਂ ਜਾਂਦੀਆਂ ਹਨ। ਪੰਜਾਬੀਆਂ ਨੂੰ ਵੀ ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪਡ਼੍ਹਨ ਦੀ ਆਦਤ ਪਾਉਣੀ ਚਾਹੀਦੀ ਹੈ।
ਸੇਂਟ ਸੋਲਜਰ ਗਰੁੱਪ ਨੇ ਕਰਵਾਇਆ 8ਵਾਂ ‘ਮੈਗਾ ਜਾਬ ਫੇਅਰ-2018’
NEXT STORY