ਰੋਮ, (ਕੈਂਥ)— ਇਟਲੀ ਯੂਰਪ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਕੁਦਰਤੀ ਕਹਿਰ ਤਬਾਹੀ ਮਚਾਈ ਰੱਖਦਾ ਹੈ । ਭੂਚਾਲ, ਹੜ੍ਹ, ਤੇਜ਼ ਹਵਾਵਾਂ ਤੇ ਕਦੇ ਬਰਫੀਲਾ ਤੂਫਾਨ ਆਦਿ ਕੁਦਰਤੀ ਆਫਤਾਂ ਲੋਕਾਂ ਦੇ ਜਨਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦੀਆਂ ਹਨ । ਸਾਲ 2019 'ਚ ਵੀ ਇਟਲੀ ਕੁਦਰਤੀ ਕਹਿਰ ਤੋਂ ਬਚ ਨਹੀਂ ਸਕਿਆ । 2019 ਦੀ ਫਰਵਰੀ ਤੋਂ ਹੀ ਕੁਦਰਤ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਤੇਜ਼ ਤੂਫਾਨ ਅਤੇ ਮੀਂਹ ਨੇ ਇਟਲੀ ਦੇ ਮੱਧ ਅਤੇ ਦੱਖਣ ਵਿੱਚ ਠੰਡ, ਬਰਫ਼ ਅਤੇ ਤੇਜ਼ ਹਵਾਵਾਂ ਨੇ ਅਜਿਹਾ ਕਹਿਰ ਮਚਾਇਆ ਕਿ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਦਿੱਤਾ। ਇਸ ਤੇਜ਼ ਤੂਫਾਨ ਕਾਰਨ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ 4 ਲੋਕ ਮਾਰੇ ਗਏ। ਮਰਨ ਵਾਲੇ ਚਾਰੇ ਲੋਕ ਇਟਾਲੀਅਨ ਸਨ।

ਹੜ੍ਹਾਂ ਨੇ ਮਚਾਈ ਤਬਾਹੀ—
ਕੁਦਰਤੀ ਕਰੋਪੀ ਦਾ ਇਹ ਸਿਲਸਿਲਾ ਸਾਲ ਦੇ ਅਖੀਰ ਤੱਕ ਚੱਲਦਾ ਰਿਹਾ ਜਿਸ ਕਾਰਨ ਤੇਜ਼ ਮੀਂਹ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਸੂਬਿਆਂ ਨੂੰ ਹੜ੍ਹ ਨੇ ਜਾਨੀ ਅਤੇ ਮਾਲੀ ਨੁਕਸਾਨ ਨਾਲ ਕਾਫ਼ੀ ਝੰਬਿਆ। ਇਸ ਕਾਰਨ ਇਟਲੀ ਦੀ ਸਰਕਾਰ ਨੂੰ ਲੱਖਾਂ ਯੂਰੋ ਦਾ ਨੁਕਸਾਨ ਝੱਲਣਾ ਪਿਆ। ਸੰਨ 2014 ਤੋਂ ਸੰਨ 2019 ਤੱਕ ਇਕੱਲੇ ਹੜ੍ਹ ਕਾਰਨ ਹੀ 78 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਮੌਸਮ ਵਿਭਾਗ ਦੇ ਸਰਵੇ ਅਨੁਸਾਰ ਜੇਕਰ ਇਟਲੀ 'ਚ ਗਲੇਸ਼ੀਅਰ ਵੀ ਲਗਾਤਾਰ ਪਿਘਲਦੇ ਰਹੇ ਤਾਂ ਸੰਨ 2050 ਤੱਕ 300 ਮਿਲੀਅਨ ਲੋਕ ਸਮੁੰਦਰ ਵਿੱਚ ਡੁੱਬ ਜਾਣਗੇ।
ਮੌਜੂਦਾ ਹਾਲਾਤਾਂ ਅਨੁਸਾਰ ਇਟਲੀ ਦੇ ਕਈ ਇਲਾਕਿਆਂ ਵਿੱਚ ਖਰਾਬ ਮੌਸਮ ਤੇ ਤੇਜ਼ ਮੀਂਹ ਦੇ ਚੱਲਦਿਆਂ ਹੜ੍ਹਾਂ ਵਰਗੇ ਹਾਲਤ ਬਣੇ ਹੋਏ ਹਨ ।ਇਸ ਸਮੇਂ ਇਟਲੀ ਦੇ ਵੀਨੇਸ਼ੀਆ ਅਤੇ ਲਾਗੂਨਾ ਇਲਾਕੇ ਸਭ ਤੋਂ ਵੱਧ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਇਟਲੀ ਸਰਕਾਰ ਨੇ 65 ਮਿਲੀਅਨ ਯੂਰੋ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਇਲਾਕਿਆਂ ਦੇ 46 ਤੋਂ ਵੱਧ ਸ਼ਹਿਰ ਹੜ੍ਹਾਂ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ ।

ਪੰਜਾਬੀਆਂ ਲਈ ਰਿਹਾ ਜੱਦੋ-ਜਹਿਦ ਵਾਲਾ ਸਾਲ—
ਭਾਰਤੀ ਮਜ਼ਦੂਰਾਂ ਲਈ ਇਹ ਸਾਲ ਕਾਫੀ ਜੱਦੋ-ਜਹਿਦ ਵਾਲਾ ਰਿਹਾ। ਇਸ ਸਾਲ ਖੇਤ ਮਜ਼ਦੂਰਾਂ ਤੇ ਡੇਅਰੀ ਫਾਰਮ ਮਜ਼ਦੂਰਾਂ ਨੂੰ ਮਿਹਨਤ ਦੇ ਬਦਲੇ ਮਜ਼ਦੂਰੀ 'ਚ ਗੋਲੀਆਂ ਅਤੇ ਧੱਕੇ ਮਿਲੇ । ਪੰਜਾਬੀਆਂ ਲਈ ਵੀ ਇਹ ਸਾਲ ਕਿਸੇ ਮੁਸੀਬਤ ਤੋਂ ਘੱਟ ਨਹੀਂ ਰਿਹਾ ਕਿਉਂਕਿ ਇਹ ਸਾਲ ਕਈ ਭਾਰਤੀ ਨੌਜਵਾਨਾਂ ਲਈ ਕਾਲ ਬਣ ਕੇ ਆਇਆ । ਸਾਲ ਦੇ ਅਖੀਰਲੇ ਮਹੀਨੇ ਕੁਝ ਪੰਜਾਬੀ ਤੇ ਭਾਰਤੀ ਨੌਜਵਾਨਾਂ ਦੀ ਹੋਣੀ ਵਾਲੇ ਸਾਬਤ ਹੋਏ, ਜਿਨ੍ਹਾਂ ਦੌਰਾਨ ਵੱਖ-ਵੱਖ 2 ਘਟਨਾਵਾਂ 'ਚ 5 ਪੰਜਾਬੀਆਂ ਦੀ ਡੇਅਰੀ ਫਾਰਮਾਂ 'ਚ ਦਰਦਨਾਕ ਮੌਤ ਹੋ ਗਈ। ਦੁੱਖ ਵਾਲੀ ਗੱਲ ਇਹ ਵੀ ਰਹੀ ਹੈ ਕਿ ਕਈ ਭਾਰਤੀ ਨੌਜਵਾਨਾਂ ਨੇ ਘਰੇਲੂ ਤੰਗੀਆਂ-ਤੁਰਸ਼ੀਆਂ ਜਾਂ ਨਸ਼ੇ ਕਾਰਨ ਆਪ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਆਪਣੇ ਬੁੱਢੇ ਮਾਪਿਆਂ ਅਤੇ ਬੀਵੀ ਬੱਚਿਆਂ ਨੂੰ ਨਿਆਸਰਾ ਕਰ ਗਏ।

ਸਿੱਖ ਸੰਗਤਾਂ ਨੂੰ ਵੀ ਮਿਲੀ ਨਿਰਾਸ਼ਾ—
ਸਾਲ 2019 ਇਟਲੀ ਦੀਆਂ ਸਿੱਖ ਸੰਗਤਾਂ ਲਈ ਵੀ ਨਿਰਾਸ਼ਾ ਵਾਲਾ ਰਿਹਾ ਕਿਉਂਕਿ ਇਸ ਸਾਲ ਵੀ ਉਨ੍ਹਾਂ ਦੀ ਸਿੱਖ ਧਰਮ ਨੂੰ ਰਜਿਸਟਰਡ ਹੋਣ ਵਾਲੀ ਸੋਚ ਨੂੰ ਬੂਰ ਨਹੀ ਪਿਆ ਉਲਟਾ ਕਰੀਬ 10 ਹੋਰ ਸਿੱਖਾਂ 'ਤੇ ਜਨਤਕ ਥਾਂ 'ਤੇ ਸਿਰੀ ਸਾਹਿਬ ਪਹਿਨਣ ਕਾਰਨ ਕੇਸ ਦਰਜ ਹੋ ਗਏ। ਇਸ ਸਾਲ ਵੀ ਇਟਲੀ ਦੇ ਸਿੱਖ ਆਗੂਆਂ ਨੇ ਧਰਮ ਦੇ ਰਜਿਸਟਰਡ ਕਰਵਾਉਣ ਵਾਲੇ ਮੁੱਦੇ 'ਤੇ ਸੰਗਤਾਂ ਨੂੰ ਲਾਰਾ ਲਾਈ ਰੱਖਿਆ, ਜਿਸ ਕਾਰਨ ਇਟਲੀ ਵਿੱਚ ਸਿਰੀ ਸਾਹਿਬ ਕਾਰਨ ਕੋਰਟਾਂ-ਕਚਿਹਰੀਆਂ ਵਿੱਚ ਜਲੀਲ ਹੁੰਦੀ ਸੰਗਤ ਦੇ ਮਨਾਂ ਅੰਦਰ ਨਿਰਾਸ਼ਾ ਅਤੇ ਅਜੀਬ ਤਰ੍ਹਾਂ ਦਾ ਦਰਦ ਦੇਖਿਆ ਜਾ ਰਿਹਾ ਹੈ। ਇਟਲੀ ਦੇ ਸਿੱਖ ਆਗੂ ਪੰਜਾਬੀ ਕਲਾਕਾਰਾਂ ਲਈ ਬੇਸ਼ੱਕ ਇੱਕ ਸੁਰ ਹੋਏ ਦੇਖੇ ਗਏ ਪਰ ਅਫ਼ਸੋਸ ਪੰਥ ਦੇ ਮਹਾਨ ਕਾਰਜ ਲਈ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਕਰਵਾਉਣ ਸੰਬੰਧੀ ਆਪਸੀ ਸਾਂਝ ਤੇ ਏਕਤਾ ਲਈ ਕਿਧਰੇ ਦੂਰ-ਦੂਰ ਤੱਕ ਨਜ਼ਰੀ ਨਹੀਂ ਆਏ ।

2019 'ਚ ਵੀ ਰਿਹਾ ਸਿਆਸੀ ਸੰਕਟ—
ਇਸ ਸਾਲ ਸਿਆਸੀ ਸੰਕਟ ਨੇ ਵੀ ਇਟਲੀ ਦੇ ਲੋਕਾਂ ਨੂੰ ਖਾਸ ਕਰਕੇ ਵਿਦੇਸ਼ੀਆਂ ਨੂੰ ਚੱਕਰਾਂ ਵਿੱਚ ਪਾਇਆ ।ਇਟਲੀ ਦੇ ਮੌਜੂਦਾ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਵੀ ਇਸ ਸਾਲ ਦੁਬਾਰਾ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕੀ। ਪਹਿਲੀ ਵਾਰ 1 ਜੂਨ, 2018 ਅਤੇ ਦੂਜੀ ਵਾਰ 5 ਸਤੰਬਰ, 2019 । ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਦੀ ਬਣੀ ਪਹਿਲੀ ਸਰਕਾਰ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਚਾਹੇ ਆਪਣੇ ਕੁਰਸੀ 'ਤੇ ਥੋੜਾ ਸਮਾਂ ਹੀ ਟਿੱਕ ਪਾਏ ਪਰ ਉਨ੍ਹਾਂ 'ਦੇਕਰੇਤੋ ਦੀ ਸਿਕੂਰੇਸਾ ਸਲਵੀਨੀ' ਪ੍ਰਸਤਾਵ ਨੂੰ ਲਾਗੂ ਕਰਕੇ ਵਿਦੇਸ਼ੀਆਂ ਲਈ ਅਨੇਕਾਂ ਅਜਿਹੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ, ਜਿਨ੍ਹਾਂ ਕਾਰਨ ਵਿਦੇਸ਼ੀਆਂ ਨੂੰ ਭੱਵਿਖ ਸਬੰਧੀ ਡਰ ਸਤਾ ਰਿਹਾ ਹੈ।
ਅਮਰੀਕੀ ਹਵਾਈ ਹਮਲੇ 'ਚ ਮਾਰੇ ਗਏ 4 ਅੱਤਵਾਦੀ
NEXT STORY