ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸਕਾਟਲੈਂਡ ਵਿਚ ਪਿਛਲੇ ਹਫ਼ਤੇ ਦੌਰਾਨ ਕੋਰੋਨਾ ਕਾਰਨ ਤਕਰੀਬਨ 47 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਕਾਰਨ ਮੌਤ ਦੇ ਸਰਟੀਫਿਕੇਟ 'ਤੇ ਕੋਵਿਡ-19 ਦੇ ਜ਼ਿਕਰ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਲਗਭਗ 10,268 ਤੱਕ ਪਹੁੰਚ ਗਈ ਹੈ।
ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ (ਐੱਨ. ਆਰ. ਐੱਸ.) ਨੇ ਜਾਣਕਾਰੀ ਦਿੱਤੀ ਕਿ 12 ਤੋਂ 18 ਜੁਲਾਈ ਦਰਮਿਆਨ ਕੋਰੋਨਾ ਨਾਲ 47 ਮੌਤਾਂ ਹੋਈਆਂ ਹਨ, ਜੋ ਕਿ ਪਿਛਲੇ ਹਫ਼ਤੇ ਨਾਲੋਂ 16 ਵੱਧ ਹਨ। ਅੰਕੜਿਆਂ ਅਨੁਸਾਰ ਗਲਾਸਗੋ ਸਿਟੀ ਵਿਚ 11, ਐਡਿਨਬਰਾ ਸਿਟੀ ਵਿਚ 6, ਡੰਡੀ 'ਚ 5 ਅਤੇ 19 ਕੌਂਸਲ ਖੇਤਰਾਂ ਵਿਚ ਘੱਟੋ-ਘੱਟ ਇਕ ਮੌਤ ਦਰਜ ਹੋਈ ਹੈ। ਮਰਨ ਵਾਲਿਆਂ ਵਿਚ 27 ਪੁਰਸ਼ ਅਤੇ 20 ਔਰਤਾਂ ਹਨ। ਸਿਹਤ ਵਿਭਾਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿਚੋਂ 38 ਮੌਤਾਂ ਹਸਪਤਾਲਾਂ ਵਿਚ, 4 ਮੌਤਾਂ ਕੇਅਰ ਹੋਮਜ਼ ਵਿਚ, 4 ਮੌਤਾਂ ਘਰਾਂ ਅਤੇ 1 ਹੋਰ ਮੌਤ ਕਿਸੇ ਸੰਸਥਾ ਵਿਚ ਹੋਈ। ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਨਾਲ-ਨਾਲ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ ਗਈ ਹੈ।
ਨਾਰਵੇ ਨੇ ਸੰਸਦ 'ਤੇ ਸਾਈਬਰ ਹਮਲੇ ਨੂੰ ਲੈਕੇ ਚੀਨੀ ਰਾਜਦੂਤ ਨੂੰ ਕੀਤਾ ਤਲਬ
NEXT STORY