ਉਟਾਹ- ਬੱਚੇ ਸ਼ਰਾਰਤੀ ਤੇ ਜ਼ਿੱਦੀ ਹੁੰਦੇ ਹਨ ਪਰ ਕਈ ਵਾਰ ਉਹ ਆਪਣੀ ਜ਼ਿੱਦ ਕਾਰਨ ਜਾਨ ਵੀ ਖਤਰੇ ਵਿਚ ਪਾ ਲੈਂਦੇ ਹਨ। ਅਮਰੀਕਾ ਦੇ ਉਟਾਹ ਵਿਚ ਰਹਿਣ ਵਾਲਾ ਇਕ 5 ਸਾਲਾ ਬੱਚਾ ਜ਼ਿੱਦ ਕਰ ਰਿਹਾ ਸੀ ਕਿ ਉਸ ਨੇ ਲੈਂਬਰਗਿਨੀ ਖਰੀਦਣੀ ਹੈ। ਉਸ ਦੀ ਮਾਂ ਨੇ ਉਸ ਨੂੰ ਇਸ ਗੱਲ 'ਤੇ ਡਾਂਟ ਦਿੱਤਾ ਤੇ ਉਹ ਘਰ ਵਿਚ ਖੜ੍ਹੀ ਐੱਸ. ਯੂ. ਵੀ. ਗੱਡੀ ਲੈ ਕੇ ਕੈਲੀਫੋਰਨੀਆ ਲਈ ਨਿਕਲ ਪਿਆ।
ਹਾਲਾਂਕਿ ਉਸ ਦੇ ਘਰ ਤੋਂ 5 ਕਿਲੋ ਮੀਟਰ ਦੀ ਦੂਰੀ 'ਤੇ ਕੌਮਾਂਤਰੀ ਹਾਈਵੇਅ 'ਤੇ ਗਸ਼ਤ ਲਗਾ ਰਹੇ ਪੁਲਸ ਕਰਮਚਾਰੀ ਨੇ ਬੱਚੇ ਨੂੰ ਫੜ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਬੱਚਾ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਇਆ। ਬੱਚੇ ਨੂੰ ਰੋਕਣ ਵਾਲੇ ਪੁਲਸ ਕਰਮਚਾਰੀ ਮੋਰਗਨ ਨੇ ਦੱਸਿਆ ਕਿ ਉਸ ਨੇ ਜਦ ਗੱਡੀ ਦਾ ਪਿੱਛਾ ਕੀਤਾ ਤਾਂ ਉਸ ਨੂੰ ਸੀਟ 'ਤੇ ਕਿਸੇ ਦਾ ਸਿਰ ਨਾ ਦਿਖਾਈ ਦਿੱਤਾ। ਪਹਿਲਾਂ ਉਸ ਨੂੰ ਲੱਗਾ ਕਿ ਕੋਈ ਦਿਵਿਆਂਗ ਵਿਅਕਤੀ ਗੱਡੀ ਚਲਾ ਰਿਹਾ ਹੋਵੇਗਾ ਫਿਰ ਜਦ ਉਸ ਨੇ ਗੱਡੀ ਰੁਕਵਾ ਕੇ ਦੇਖਿਆ ਤਾਂ ਸੀਟ 'ਤੇ 5 ਸਾਲ ਦਾ ਬੱਚਾ ਬੈਠਾ ਸੀ।
ਜਦ ਪੁਲਸ ਵਾਲੇ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਗੱਡੀ ਚਲਾਉਣੀ ਕਿਸ ਤੋਂ ਸਿੱਖੀ ਤਾਂ ਉਹ ਹੈਰਾਨ ਹੋ ਗਿਆ। ਬਸ ਇੰਨਾ ਹੀ ਕਿਹਾ ਕਿ ਉਸ ਦੀ ਮਾਂ ਨੇ ਲੈਂਬਰਗਿਨੀ ਲੈ ਕੇ ਦੇਣ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਹ ਨਾਰਾਜ਼ ਹੋ ਕੇ ਆਪਣੀ ਭੈਣ ਕੋਲ ਜਾ ਰਿਹਾ ਹੈ, ਜੋ ਕੈਲੀਫੋਰਨੀਆ ਰਹਿੰਦੀ ਹੈ।
ਬੱਚੇ ਨੇ ਲੈਂਬਰਗਿਨੀ ਖਰੀਦਣ ਲਈ ਜੇਬ ਵਿਚ 3 ਡਾਲਰ ਵੀ ਪਾਏ ਸਨ। ਹਜ਼ਾਰਾਂ ਡਾਲਰਾਂ ਦੀ ਕੀਮਤ ਤੋਂ ਸ਼ੁਰੂ ਹੋਣ ਵਾਲੀ ਲੈਂਬਰਗਿਨੀ ਨੂੰ ਖਰੀਦਣ ਲਈ ਬੱਚਾ ਸਿਰਫ 3 ਡਾਲਰ ਲੈ ਕੇ ਨਿਕਲਿਆ, ਇਹ ਦੇਖ ਪੁਲਸ ਵਾਲਿਆਂ ਨੂੰ ਵੀ ਹਾਸਾ ਆ ਗਿਆ। ਬੱਚੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ ਤੇ ਉਸ ਦਾ ਨਾਂ ਵੀ ਸਾਂਝਾ ਨਹੀਂ ਕੀਤਾ ਗਿਆ। ਜਾਂਚ ਵਿਚ ਪਤਾ ਲੱਗਾ ਕਿ ਬੱਚੇ ਦੇ ਮਾਂ-ਬਾਪ ਦਫਤਰ ਗਏ ਸਨ ਤੇ ਉਸ ਦਾ ਭਰਾ ਟੀ. ਵੀ. ਦੇਖ ਰਿਹਾ ਸੀ, ਇਸ ਲਈ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਛੋਟਾ ਬੱਚਾ ਕਾਰ ਦੀ ਚਾਬੀ ਲੈ ਕੇ ਨਿਕਲ ਗਿਆ।
'ਸਿੱਖਸ ਫਾਰ ਹਿਊਮੈਨਿਟੀ' ਵੱਲੋਂ ਵੰਡੀਆਂ ਗਈਆਂ ਮੈਡੀਕਲ ਕਿੱਟਾਂ
NEXT STORY