ਜੈਨੇਵਾ (ਬਿਊਰੋ)— ਯੁੱਧ ਪ੍ਰਭਾਵਿਤ ਅਫਗਾਨਿਤਾਨ ਵਿਚ ਸੋਕੇ ਦੀ ਸਮੱਸਿਆ ਨੇ ਮਨੁੱਖੀ ਸੰਕਟ ਨੂੰ ਬਦਤਰ ਬਣਾ ਦਿੱਤਾ ਹੈ। ਸਥਿਤੀ ਇਸ ਹੱਦ ਤੱਕ ਬਦਤਰ ਹੈ ਕਿ ਲੋਕ ਆਪਣਾ ਕਰਜ਼ ਚੁਕਾਉਣ ਅਤੇ ਖਾਧ ਸਮੱਗਰੀ ਖਰੀਦਣ ਖਾਤਰ ਆਪਣੀਆਂ ਛੋਟੀਆਂ-ਛੋਟੀਆਂ ਧੀਆਂ ਨੂੰ ਵਿਆਹ ਲਈ 'ਵੇਚਣ' ਨੂੰ ਮਜਬੂਰ ਹਨ। ਅਫਗਾਨਿਸਤਾਨ ਦੇ ਸੋਕਾ ਪ੍ਰਭਾਵਿਤ ਹੇਰਾਤ ਅਤੇ ਬਗਦੀਜ ਸੂਬੇ ਵਿਚ ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਅਨੁਮਾਨ ਲਗਾਇਆ ਹੈ ਕਿ ਇਕ ਮਹੀਨੇ ਤੋਂ ਲੈ ਕੇ 16 ਸਾਲ ਤੱਕ ਉਮਰ ਦੇ ਘੱਟੋ-ਘੱਟ 161 ਬੱਚੇ ਸਿਰਫ ਚਾਰ ਮਹੀਨੇ ਵਿਚ ਵੇਚੇ ਗਏ।
ਯੂਨੀਸੈਫ ਦੀ ਬੁਲਾਰਨ ਐਲੀਸਨ ਪਾਰਕਰ ਨੇ ਜੈਨੇਵਾ ਵਿਚ ਪੱਤਰਕਾਰਾਂ ਨੂੰ ਦੱਸਿਆ,''ਅਫਗਾਨਿਸਤਾਨ ਵਿਚ ਬੱਚਿਆਂ ਦੀ ਸਥਿਤੀ ਬਹੁਤ ਖਰਾਬ ਹੈ।'' ਅਫਗਾਨਿਸਤਾਨ 'ਤੇ ਇਕ ਅੰਤਰਰਾਸ਼ਟਰੀ ਸੰਮੇਲਨ ਵਿਚ ਜੈਨੇਵਾ ਵਿਚ ਬੋਲ ਰਹੀ ਪਾਰਕਰ ਨੇ ਕਿਹਾ ਕਿ ਜੁਲਾਈ ਤੋਂ ਅਕਤੂਬਰ ਵਿਚਕਾਰ ਕੀਤੇ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਕੁੜੀਆਂ ਦੀ ਜਾਂ ਤਾਂ ਕੁੜਮਾਈ ਕਰ ਦਿੱਤੀ ਗਈ ਜਾਂ ਵਿਆਹ ਕਰ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਇਕ ਤਰ੍ਹਾਂ ਦਾ ਕਰਜ਼ ਚੁਕਾਉਣ ਲਈ ਵੇਚ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੋਕੇ ਤੋਂ ਪਹਿਲਾਂ 80 ਫੀਸਦੀ ਤੋਂ ਜ਼ਿਆਦਾ ਪਰਿਵਾਰ ਕਰਜ਼ ਦੀ ਚਪੇਟ ਵਿਚ ਸਨ। ਕਈ ਪਰਿਵਾਰਾਂ ਨੂੰ ਉਮੀਦ ਸੀ ਕਿ ਚੰਗੀ ਫਸਲ ਹੋਣ 'ਤੇ ਉਹ ਕਰਜ਼ ਚੁਕਾ ਦੇਣਗੇ ਪਰ ਉਹ ਅਜਿਹਾ ਨਹੀਂ ਕਰ ਪਾਏ।
ਪਾਰਕਰ ਨੇ ਕਿਹਾ ਕਿ ਬਦਕਿਸਮਤੀ ਨਾਲ ਇੱਥੇ ਕੁੜੀਆਂ ਹੁਣ ਕਰਜ਼ ਚੁਕਾਉਣ ਦਾ ਜ਼ਰੀਆ ਬਣ ਰਹੀਆਂ ਹਨ। ਸਰਵੇਖਣ ਵਿਚ ਪਾਇਆ ਗਿਆ ਹੈ ਕਿ ਜਿਨ੍ਹਾਂ ਬੱਚੀਆਂ ਦੀ ਕੁੜਮਾਈ ਕੀਤੀ ਗਈ ਹੈ ਉਨ੍ਹਾਂ ਵਿਚੋਂ ਕਈ ਤਾਂ ਕੁਝ ਮਹੀਨਿਆਂ ਦੀਆਂ ਹਨ। ਇਸ ਦੇ ਇਲਾਵਾ 11 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਕੁੜੀਆਂ ਦਾ ਵਿਆਹ ਕਰ ਦਿੱਤਾ ਗਿਆ। ਇਨ੍ਹਾਂ 161 ਪ੍ਰਭਾਵਿਤ ਬੱਚਿਆਂ ਵਿਚੋਂ 6 ਮੁੰਡੇ ਹਨ। ਅਫਗਾਨਿਸਤਾਨ ਵਿਚ ਬੱਚਿਆਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਾਉਣ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪਾਰਕਰ ਨੇ ਇਸ਼ਾਰਾ ਕੀਤਾ ਕਿ ਅਫਗਾਨਿਸਤਾਨ ਦੇ ਸਮਾਜ ਵਿਚ ਬਾਲ ਵਿਆਹ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਰੀਬ 35 ਫੀਸਦੀ ਆਬਾਦੀ ਇਸ ਵਿਚ ਸ਼ਾਮਲ ਹੈ ਜਦਕਿ ਕਿਤੇ-ਕਿਤੇ ਇਹ 80 ਫੀਸਦੀ ਤੱਕ ਹੈ।
ਉਨ੍ਹਾਂ ਨੇ ਕਿਹਾ,''ਬਦਕਿਸਮਤੀ ਨਾਲ ਇਹ ਸਥਿਤੀ ਹੋਰ ਵੀ ਬਦਤਰ ਹੁੰਦੀ ਜਾ ਰਹੀ ਹੈ। ਬੱਚੇ ਯੁੱਧ ਅਤੇ ਸੋਕੇ ਦੀ ਕੀਮਤ ਅਦਾ ਕਰ ਰਹੇ ਹਨ।'' ਜੈਨੇਵਾ ਵਿਚ ਇਕੱਠੇ ਅਫਗਾਨ ਦੇ ਸਿਵਲ ਸੋਸਾਇਟੀ ਦੇ ਮੈਂਬਰ ਵੀ ਇਸ ਗੱਲ 'ਤੇ ਸਹਿਮਤ ਸਨ ਕਿ ਦੇਸ਼ ਵਿਚ ਛੋਟੀਆਂ-ਛੋਟੀਆਂ ਕੁੜੀਆਂ ਨੂੰ ਵਿਆਹ ਲਈ 'ਵੇਚਿਆ' ਜਾ ਰਿਹਾ ਹੈ। ਅਫਗਾਨਿਸਤਾਨ ਵਿਚ ਵੌਇਸ ਆਫ ਵੂਮਨ ਦੀ ਪ੍ਰਮੁੱਖ ਸੁਰਾਯਾ ਪਾਕਜਦ ਨੇ ਕਿਹਾ,''ਇਹ ਬਹੁਤ ਹੈਰਾਨ ਕਰਨ ਵਾਲਾ ਹੈ।'' ਉਨ੍ਹਾਂ ਨੇ ਕਾਨਫਰੰਸ ਤੋਂ ਵੱਖ ਪੱਤਰਕਾਰਾਂ ਨੂੰ ਕਿਹਾ,''ਅਫਗਾਨਿਸਤਾਨ ਵਿਚ ਆਰਥਿਕ ਸੰਕਟ ਦੇ ਹੱਲ ਲਈ 8-12 ਸਾਲ ਦੀਆਂ ਕੁੜੀਆਂ ਦਾ ਵਿਆਹ ਬੁੱਢੇ ਵਿਅਕਤੀਆਂ ਨਾਲ ਕੀਤਾ ਜਾ ਰਿਹਾ ਹੈ।''
ਪਾਕਜਦ ਨੇ ਕਿਹਾ ਕਿ ਉਹ ਇਕ ਅਜਿਹੀ ਕੁੜੀ ਦੇ ਪਿਤਾ ਨਾਲ ਮਿਲੀ ਹੈ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਲਈ 'ਵੇਚ' ਦਿੱਤਾ ਅਤੇ ਕਿਹਾ ਕਿ ਉਸ ਕੋਲ ਇਸ ਦੇ ਇਲਾਵਾ ਕੋਈ ਵਿਕਲਪ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਕੁੜੀ ਦੇ ਪਿਤਾ ਨੇ ਉਸ ਨੂੰ ਦੱਸਿਆ ਸੀ,''ਮੈਂ ਆਪਣੀ ਧੀ ਨਾਲ ਪਿਆਰ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕੀ ਕੀਤਾ। ਮੈਨੂੰ ਇਸ ਦਾ ਬਹੁਤ ਦੁੱਖ ਹੈ। ਪਰ ਕੀ ਤੁਸੀਂ ਮੈਨੂੰ ਇਸ ਦੇ ਇਲਾਵਾ ਕੋਈ ਵਿਕਲਪ ਦੇਓਗੇ? ਮੇਰੀਆਂ 5 ਹੋਰ ਧੀਆਂ ਹਨ। ਮੈਂ ਉਨ੍ਹਾਂ ਨਾਲ ਅਜਿਹਾ ਨਹੀਂ ਕਰਾਂਗਾ। ਜੇ ਤੁਸੀਂ ਮੈਨੂੰ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਦੂਜਾ ਵਿਕਲਪ ਦਿਓ।'' ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਵੀ ਕਿਹਾ ਹੈ ਕਿ ਦਹਾਕਿਆਂ ਬਾਅਦ ਪਏ ਇਸ ਭਿਆਨਕ ਸੋਕੇ ਨੇ ਹਾਲਾਤ ਨੂੰ ਹੋਰ ਬਦਤਰ ਬਣਾ ਦਿੱਤਾ ਹੈ।
ਆਸਟ੍ਰੇਲੀਆ : ਪਲੇਟਫਾਰਮ 'ਤੇ 50 ਸਾਲਾ ਵਿਅਕਤੀ ਮਿਲਿਆ ਬੇਹੋਸ਼
NEXT STORY