ਰੋਮ,(ਕੈਂਥ)- ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੁੱਧ ਨੀਤੀਆਂ ਤੋਂ ਤੰਗ ਆ ਕੇ ਇਕ ਅਪਰਾਧਿਕ ਰਿਕਾਰਡ ਵਾਲੇ ਓਸੇਨੀਆ ਸਈ ਜਿਹੜਾ ਕਿ ਮੂਲ ਤੌਰ ’ਤੇ ਸ਼ੇਨੈਗਲ ਦਾ ਹੈ ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ, ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇਕ ਮਿਡਲ ਸਕੂਲ ਦੀ 51 ਮਾਸੂਮ ਵਿਦਿਆਰਥੀਆਂ ਨਾਲ ਖਚਾਖੱਚ ਭਰੀ ਬੱਸ ਨੂੰ 47 ਸਾਲਾ ਡਰਾਈਵਰ ਸਮੇਤ ਅਗਵਾ ਕਰ ਲਿਆ। ਇਸ ਘਟਨਾ ਵਿਚ 40 ਮਿੰਟ ਤੱਕ ਬੱਚੇ ਆਤੰਕ ਦੇ ਸਾਏ ਹੇਠ ਰਹੇ, ਜਿਨ੍ਹਾਂ ਨੂੰ ਕਿ ਅਗਵਾਕਾਰ ਸਈ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਮੁਲਜ਼ਮ ਸਈ ਨੇ ਬੱਸ ਵਿਚ ਮੌਜੂਦ ਇਕ ਟੀਚਰ ਨੂੰ ਬੱਚਿਆਂ ਦੇ ਫੋਨ ਖੋਹ ਕੇ ਪਲਾਸਟਿਕ ਜਿਹੀ ਕਿਸੇ ਚੀਜ਼ ਨਾਲ ਮਾਰਨ ਦੇ ਇਰਾਦੇ ਨਾਲ ਹੱਥ ਬੰਨ੍ਹਣ ਲਈ ਕਿਹਾ ਪਰ ਇਨ੍ਹਾਂ ਵਿਚੋਂ ਇਕ 13 ਸਾਲ ਦਾ ਬੱਚਾ ਕਿਸੇ ਢੰਗ ਨਾਲ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦੇਣ ਵਿਚ ਕਾਮਯਾਬ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਬੱਚਿਆਂ ਨੂੰ ਬਚਾਉਣ ਲਈ ਕਾਰਵਾਈ ਵਿਚ ਜੁਟ ਗਈ। ਅਗਵਾਕਾਰ, ਜਿਹੜਾ ਕਿ ਵਾਰ-ਵਾਰ ਬੱਚਿਆਂ ਨੂੰ ਇਹ ਕਹਿ ਰਿਹਾ ਸੀ ਕਿ ਕੋਈ ਨਹੀਂ ਬਚੇਗਾ, ਨੇ ਬੱਸ ਨੂੰ ਇਕ ਰੋਡ ਵਿਚ ਖੜ੍ਹੀ ਕਰ ਕੇ ਰਸਤੇ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਅਗਵਾਕਾਰ ਬੱਚਿਆਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ, ਪੁਲਸ ਨੇ ਪਿਛਲੇ ਸ਼ੀਸ਼ੇ ਤੋੜ ਕੇ ਸਭ ਬੱਚਿਆਂ ਨੂੰ ਬਾਹਰ ਕੱਢ ਲਿਆ ਪਰ ਇੰਨੇ ਵਿਚ ਮੁਲਜ਼ਮ ਨੇ ਬੱਸ ਨੂੰ ਅੱਗ ਲਾ ਦਿੱਤੀ, ਜਿਸ ਦੇ ਧੂੰਏਂ ਦੇ ਜ਼ਹਿਰੀਲੇ ਪ੍ਰਭਾਵ ਕਾਰਨ 12 ਬੱਚਿਆਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਪੁਲਸ ਅਨੁਸਾਰ ਬੱਚੇ ਇਸ ਘਟਨਾ ਕਾਰਨ ਕਾਫ਼ੀ ਸਹਿਮੇ ਹੋਏ ਸਨ, ਜਿਨ੍ਹਾਂ ਕਿਹਾ ਕਿ ਇਹ ਚਮਤਕਾਰ ਹੀ ਹੈ ਕਿ ਉਹ ਇਸ ਹਮਲੇ ਵਿਚ ਜ਼ਿੰਦਾ ਬਚ ਗਏ। ਇਟਲੀ ਸਰਕਾਰ ਦੀਆਂ ਪ੍ਰਵਾਸੀਆਂ ਵਿਰੁੱਧ ਨੀਤੀਆਂ ਤੋਂ ਖਫ਼ਾ ਓਸੇਨਿਆ ਸਈ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਘਟਨਾ ਵਿਚ ਸਕੂਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਸਭ ਬੱਚੇ ਬਿਲਕੁੱਲ ਠੀਕ-ਠਾਕ ਹਨ।
ਮੁਸਲਿਮ ਦੇਸ਼ਾਂ ਨੇ 'ਇਸਲਾਮੋਫੋਬੀਆ' ਖਿਲਾਫ ਕਦਮ ਚੁੱਕਣ ਦੀ ਕੀਤੀ ਅਪੀਲ
NEXT STORY