ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਦੱਖਣ-ਪੂਰਬੀ ਪਾਸੇ ਸਥਿਤ ਕਰੇਨਬਰਨ ਇਲਾਕੇ ਦੇ ਕੇਸੀ ਸਟੇਡੀਅਮ ਵਿਚ 19 ਅ੍ਰਪੈਲ ਤੋਂ 21 ਅਪ੍ਰੈਲ ਤੱਕ ਹੋਣ ਜਾ ਰਹੀਆਂ 32ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਮੈਲਬੌਰਨ ਖੇਡ ਕਮੇਟੀ ਦੇ ਪ੍ਰਧਾਨ ਦਲਵਿੰਦਰ ਗਰਚਾ ਅਤੇ ਸਮੂਹ ਕਮੇਟੀ ਮੈਂਬਰਾਨ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਵਿਉਂਤਬੰਦੀ ਮੁਤਾਬਕ ਖੇਡਾਂ ਨੂੰ ਸਫਲ ਬਣਾਉਣ ਲਈ ਕੀਤੇ ਗਏ ਜ਼ਰੂਰੀ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਖੇਡਾਂ ਨੂੰ ਯਾਦਗਾਰੀ ਬਣਾਉਣ ਵਿਚ ਕੋਈ ਕਸਰ ਨਹੀ ਛੱਡੀ ਜਾਵੇਗੀ।
ਖੇਡਾਂ ਨੂੰ ਸੰਪੂਰਨ ਰੂਪ ਵਿਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਮੈਲਬੌਰਨ ਖੇਡ ਕਮੇਟੀ ਦੇ ਪ੍ਰਬੰਧਕਾਂ ਮੁਤਾਬਕ ਕੌਮੀ ਪੱਧਰ ਤੇ ਹੋਣ ਜਾ ਰਹੀਆਂ ਇਹਨਾਂ ਖੇਡਾਂ ਦਾ ਬਜਟ ਤਕਰੀਬਨ 6 ਲੱਖ ਡਾਲਰ ਮਿੱਥਿਆ ਗਿਆ ਹੈ ਅਤੇ ਫੈਡਰਲ ਸਰਕਾਰ ਵੱਲੋਂ ਇੱਕ ਲੱਖ ਡਾਲਰ, ਸੂਬਾ ਸਰਕਾਰ ਵੱਲੋਂ 2 ਲੱਖ ਡਾਲਰ, ਸਥਾਨਕ ਕੇਸੀ ਕੌਂਸਲ, ਮੈਲਬੌਰਨ ਦੇ ਗੁਰਦੁਆਰਾ ਸਾਹਿਬਾਨ,ਖੇਡ ਕਲੱਬਾਂ ਅਤੇ ਸਹਿਯੋਗੀਆਂ ਵੱਲੋਂ ਵੱਡੇ ਪੱਧਰ ਤੇ ਆਰਥਿਕ ਸਹਾਇਤਾ ਦਿੱਤੀ ਗਈ ਹੈ।ਖੇਡਾਂ ਨੂੰ ਨਸ਼ਾ ਮੁਕਤ ਕਰਨ ਦੇ ਸੰਬੰਧ ਵਿਚ ਪ੍ਰਬੰਧਕਾਂ ਨੇ ਦੱਸਿਆ ਕਿ ਖਿਡਾਰੀਆਂ ਦੇ 'ਡੋਪ ਟੈਸਟ' ਲਾਜ਼ਮੀ ਕੀਤੇ ਜਾਣਗੇ ਤਾਂ ਜੋ ਸਾਫ ਸੁਥਰੀਆਂ ਖੇਡਾਂ ਸਮਾਜ ਨੂੰ ਇਕ ਸਾਰਥਿਕ ਸੁਨੇਹਾ ਦੇ ਸਕਣ।
ਇਸ ਦੌਰਾਨ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਟੈਨਿਸ, ਬੈਡਮਿੰਟਨ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿਸ਼ਵ ਦੇ 11 ਕਲੱਬਾਂ ਤੋਂ ਇਲਾਵਾ ਆਸਟ੍ਰੇਲੀਆ ਭਰ ਤੋਂ 75 ਕਲੱਬ ਹਿੱਸਾ ਲੈ ਰਹੇ ਹਨ ਅਤੇ ਕੁੱਲ 223 ਟੀਮਾਂ ਦੇ ਤਕਰੀਬਨ 3500 ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱਖ ਫੋਰਮ ਵਿਚ ਪੰਜਾਬੀ ਭਾਈਚਾਰੇ ਦੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ, ਆਸਟ੍ਰੇਲੀਆ ਦੇ ਸੂਬਾਈ ਅਤੇ ਕੌਮੀ ਪੱਧਰ ਤੇ ਪੰਜਾਬੀਆਂ ਦੀ ਉਸਾਰੂ ਪ੍ਰਤੀਨਿਧਤਾ ਕਰਨ, ਆਸਟ੍ਰੇਲੀਆਈ ਸਕੂਲਾਂ ਵਿਚ ਪੰਜਾਬੀ ਬੋਲੀ ਦਾ ਮਿਆਰ, ਗੁਰੂ ਘਰਾਂ ਦੇ ਪ੍ਰਬੰਧਕੀ ਢਾਂਚੇ ਵਿਚ ਸੁਧਾਰ, ਨਸਲਵਾਦ ਸਮੇਤ ਕਈ ਮੁੱਦੇ ਵਿਚਾਰੇ ਜਾਣਗੇ।
19-20 ਅਪ੍ਰੈਲ ਨੂੰ ਹੋਣ ਵਾਲੀ ਸੱਭਿਆਚਾਰਕ ਸ਼ਾਮ ਵਿਚ ਗਿੱਧਾ ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।ਇਸ ਮੌਕੇ ਪੁਸਤਕ ਪ੍ਰਦਰਸ਼ਨੀ, ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਵਿਰਾਸਤੀ ਵਸਤਾਂ ਦੀ ਨੁਮਾਇਸ਼ ਵੀ ਲੋਕ ਖਿੱਚ ਦਾ ਕੇਂਦਰ ਹੋਵੇਗੀ।ਉੱਘੇ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਅਤੇ ਆਸਟ੍ਰੇਲੀਆਈ ਚਿੱਤਰਕਾਰ ਡੈਨੀਅਲ ਕੋਨਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸੁਨਹਿਰੀ ਕਾਲ ਨੂੰ ਚਿੱਤਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ।ਈਸਟਰ ਦੀਆਂ ਛੁੱਟੀਆਂ ਹੋਣ ਕਾਰਨ ਇਸ ਖੇਡ ਮੇਲੇ ਵਿਚ ਵੱਖ-ਵੱਖ ਸ਼ਹਿਰਾਂ ਤੋਂ 1 ਲੱਖ ਦੇ ਕਰੀਬ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਪਾਕਿਸਤਾਨ ਕਾਬੁਲ 'ਤੇ ਆਪਣੀ ਨੀਤੀ ਕਰੇ ਸਪੱਸ਼ਟ : ਖਲੀਲਜ਼ਾਦ
NEXT STORY