ਬ੍ਰਿਸਬੇਨ (ਏਜੰਸੀ)— ਪੱਛਮੀ ਆਸਟ੍ਰੇਲੀਆ ਦੇ ਖ਼ੂਬਸੂਰਤ ਸ਼ਹਿਰ ਪਰਥ ਦੀ ਕਰਟਨ ਯੂਨੀਵਰਸਿਟੀ ਦੇ ਸਟੇਡੀਅਮ ਵਿਚ ਸਲਾਨਾ ਤੀਸਰਾ ਸੱਭਿਆਚਾਰਕ ਸਮਾਰੋਹ 'ਮੇਲਾ ਪੰਜਾਬਣਾਂ ਦਾ' ਆਯੋਜਿਤ ਕੀਤਾ ਗਿਆ। ਇਸ ਵਿਚ ਪੰਜਾਬਣਾਂ ਨੇ ਰਿਵਾਇਤੀ ਪਹਿਰਾਵੇ ਵਿਚ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਅਤੇ ਚੜ੍ਹਦੇ-ਲਹਿੰਦੇ ਪੰਜਾਬ ਨੂੰ ਜਿਊਂਦਾ ਕੀਤਾ। ਮੇਲੇ ਦੀ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਨੇ ਮੁੱਖ ਮਹਿਮਾਨ ਐੱਮ.ਐੱਲ.ਏ. ਜੈਨੀਨ ਮੈਰੀ ਫਰੀਮਨ (ਮੀਰਾਬੁੱਕਾ) ਨੂੰ ਜੀ ਆਇਆਂ ਕਹਿੰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਨਾਲ ਹੋਈ।
ਗੀਤ ਬਾਵਾ ਨੇ ਆਪਣੇ ਸੁਚੱਜੇ ਸਟੇਜ ਸੰਚਾਲਨ ਵਿਚ ਪੰਜਾਬੀ ਲੋਕ ਬੋਲੀਆਂ ਤੇ ਟੱਪਿਆਂ ਰਾਹੀਂ ਖ਼ੂਬ ਰੰਗ ਬੰਨ੍ਹਿਆ। ਇਸ ਉਪਰੰਤ ਬੱਚਿਆਂ ਨੇ ਗਿੱਧਾ ਅਤੇ ਭੰਗੜਾ ਪਾਇਆ। ਬੱਚਿਆਂ ਵੱਲੋਂ ਪਾਏ ਗਿੱਧੇ ਤੇ ਭੰਗੜੇ ਨੇ ਮਹੌਲ ਨੂੰ ਹੋਰ ਸੁਹਾਵਣਾ ਬਣਾਇਆ। ਪੰਜਾਬੀ ਮੁਟਿਆਰਾਂ ਦੇ ਸੱਭਿਆਚਾਰਕ ਗਰੁੱਪਾਂ ਵੱਲੋਂ ਪੁਰਾਣੇ ਅਤੇ ਨਵੇਂ ਗੀਤਾਂ ਤੇ ਭੰਗੜਾ ਅਤੇ ਕੋਰੀਓਗਰਾਫੀ ਦੀ ਪੇਸ਼ਕਾਰੀ ਦੀ ਸਰੋਤਿਆਂÎ ਨੇ ਭਰਪੂਰ ਹੌਂਸਲਾ-ਅਫ਼ਜ਼ਾਈ ਕੀਤੀ। ਸ਼ੋਸਲ ਮੀਡੀਆ ਦੀਆਂ ਚਰਚਿਤ ਹਸਤੀਆਂ ਸੈਮੀ ਗਿੱਲ, ਨਾਜ਼ ਅਤੇ ਕਿੰਗ ਬੀ ਦੀਆਂ ਵਿਅੰਗ ਰੂਪੀ ਸੁਨੇਹੇ ਭਰੀਆਂ ਹਾਸਰਸ ਕਮੇਡੀ ਵੰਨਗੀਆਂ ਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ। ਛੋਟੀਆਂ ਬੱਚੀਆਂ ਅਤੇ ਮੁਟਿਆਰਾਂ ਦੇ ਕੈਟ ਵਾਕ ਦੇ ਵੱਖ-ਵੱਖ ਮੁਕਾਬਲਿਆਂ ਵਿਚ ਨੰਨੀ ਪੰਜਾਬਣ ਐਮੀ ਕੌਰ ਅਤੇ ਮੁਟਿਆਰ ਪੰਜਾਬਣ ਕਰਨ ਸੰਧੂ ਨੂੰ ਚੁਣਿਆ ਗਿਆ।
ਮੇਲੇ ਦੀ ਵਿਸ਼ੇਸ਼ ਖਿੱਚ ਮੁਟਿਆਰਾਂ ਦਾ ਗਿੱਧਾ ਤੇ ਜਿੰਦੂਆ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਨਿਵਾਜ਼ਿਆ। ਇਸ ਮੌਕੇ ਮੇਲੇ ਦੀ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਤੇ ਮੁੱਖ ਮਹਿਮਾਨ ਜੈਨੀਨ ਮੈਰੀ ਫਰੀਮਨ ਨੇ ਸਟੇਜ ਪੇਸ਼ਕਾਰਾਂ ਅਤੇ ਸਪਾਂਸਰਾਂ ਨੂੰ ਸਨਮਾਨਿਤ ਕੀਤਾ। ਮੇਲੇ ਵਿਚ ਲੱਗੇ ਪੰਜਾਬੀ ਖਾਣੇ, ਗਹਿਣਿਆਂ, ਸੂਟਾਂ ਅਤੇ ਮਹਿੰਦੀ ਲਗਾਉਣ ਦੇ ਸਟਾਲਾਂ 'ਤੇ ਪੰਜਾਬਣਾਂ ਦੀ ਭਾਰੀ ਭੀੜ ਸੀ। ਇਹ ਮੇਲਾ ਪੰਜਾਬਣ ਮੁਟਿਆਰਾਂ ਦੀ ਬਾਤ ਪਾਉਂਦਾ ਹੋਇਆ ਸਮਾਪਤ ਹੋਇਆ।
ਕੇਰਲ ਹੜ੍ਹ ਪੀੜਤਾਂ ਲਈ 12 ਸਾਲਾ ਲੜਕੀ ਨੇ ਦਾਨ ਕੀਤਾ 'ਸੋਨੇ ਦਾ ਕੇਕ'
NEXT STORY