ਢਾਕਾ— ਬੰਗਲਾਦੇਸ਼ ਨੇ ਸੋਮਵਾਰ ਨੂੰ ਦੇਸ਼ ਦੇ ਦੱਖਣ-ਪੂਰਬ 'ਚ ਕੈਂਪਾਂ 'ਚ ਰਹਿ ਰਹੇ ਕਰੀਬ 10 ਲੱਖ ਰੋਹਿੰਗਿਆ ਸ਼ਰਣਾਰਥੀਆਂ ਦੀ ਮੋਬਾਇਲ ਸੇਵਾ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਕੈਂਪਾਂ 'ਚ ਕੁਝ ਹਫਤੇ ਪਹਿਲਾਂ ਹਿੰਸਕ ਘਟਨਾਵਾਂ ਹੋਈਆਂ ਸਨ। ਇਸ ਤੋਂ ਬਾਅਦ ਫੌਜ ਨੇ ਇਨ੍ਹਾਂ 'ਤੇ ਤਸ਼ੱਦਦ ਢਾਈ ਸੀ।
ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਦੇ ਬੁਲਾਰੇ ਜ਼ਾਕਿਰ ਹੁਸੈਨ ਖਾਨ ਨੇ ਕਿਹਾ ਕਿ ਦੂਰ ਸੰਚਾਰ ਆਪ੍ਰੇਟਰਾਂ ਦੇ ਕੋਲ ਕੈਂਪਾਂ ਦਾ ਨੈਟਵਰਕ ਬੰਦ ਕਰਨ ਲਈ 7 ਦਿਨ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕੈਂਪਾਂ 'ਚ ਮੋਬਾਇਲ ਫੋਨ ਦੀ ਵਰਤੋਂ ਹੋ ਰਹੀ ਹੈ। ਹੁਸੈਨ ਨੇ ਕਿਹਾ ਕਿ ਅਸੀਂ ਆਪ੍ਰੇਟਰਾਂ ਨੂੰ ਇਸ ਨੂੰ ਬੰਦ ਕਰਨ ਲਈ ਕਿਹਾ ਕਿ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਮੋਬਾਇਲ ਨੈੱਟਵਰਕ 'ਤੇ ਪਾਬੰਦੀ ਲਾਈ ਹੈ।
ਇਕ ਰੋਹਿੰਗਿਆ ਨੇਤਾ ਨੇ ਨਾਮ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਪਾਬੰਦੀ ਨਾਲ ਰੋਹਿੰਗਿਆ ਜੀਵਨ ਪ੍ਰਭਾਵਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਮਿਆਂਮਾਰ ਜਾਂ ਦੁਨੀਆ ਦੇ ਹੋਰ ਹਿੱਸਿਆਂ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਦੇ ਨਾਲ ਹੁਣ ਸੰਪਰਕ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਸਾਡਾ ਪੈਸੇ ਲੈਣ-ਦੇਣ ਦਾ ਕੰਮ ਵੀ ਮੋਬਾਇਲ ਰਾਹੀਂ ਹੀ ਹੁੰਦਾ ਸੀ ਪਰ ਹੁਣ ਇਹ ਵੀ ਰੁਕ ਗਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੋਹਿੰਗਿਆ ਇਲਾਕੇ 'ਚ ਮੋਬਾਇਲ ਸੇਵਾ 'ਤੇ ਪਾਬੰਦੀ ਲਾਈ ਗਈ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ। ਪਰ ਇਸ ਵਾਰ ਇਸ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।
ਉਧਰ ਪੁਲਸ ਬੁਲਾਰੇ ਇਕਬਾਲ ਹੁਸੈਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਰਣਾਰਥੀ ਮਿਆਂਮਾਰ ਤੋਂ ਨਸ਼ੇ ਦੀਆਂ ਗੋਲੀਆਂ ਦੀ ਤਸਕਰੀ ਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮੋਬਾਇਲ ਫੋਨ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੀਆਂ ਅਜਿਹੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਲਈ ਪ੍ਰਭਾਵੀ ਸਾਬਿਤ ਹੋਵੇਗਾ।
ਜਰਮਨੀ : ਮਿਲਿਆ WWII ਦਾ 250 kg ਵਜ਼ਨੀ ਬੰਬ, 15,000 ਲੋਕਾਂ ਨੂੰ ਕੱਢਿਆ ਗਿਆ
NEXT STORY