ਰੋਮ, (ਕੈਂਥ)— ਸਾਹਿਤ ਸੁਰ ਸੰਗਮ ਸਭਾ ਵੱਲੋਂ ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਸਾਹਿਤਕ ਸਮਾਗਮ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਵਿੱਚ ਲਹਿੰਦੇ ਪੰਜਾਬ ਵੱਲੋਂ ਖਾਸ ਮਹਿਮਾਨ ਵਜੋਂ ਸ਼ਾਕਿਰ ਅਲੀ ਅਮਜਦ ਪ੍ਰਧਾਨ ਪੰਚਨਾਦ ਅਦਬੀ ਤਨਜ਼ੀਮ ਜਰਮਨੀ ਤੋਂ ਪਹੁੰਚੇ ਅਤੇ ਗਜੰਫਰ ਅਲੀ, ਲਾਲਾ ਜ਼ੇਬ ਇਟਲੀ ਨੇ ਵੀ ਖਾਸ ਤੌਰ 'ਤੇ ਸ਼ਿਰਕਤ ਕੀਤੀ।
ਇਸ ਸਮਾਗਮ ਵਿੱਚ ਇਟਲੀ ਦੇ ਸਾਹਿਤਕਾਰ ਬਿੰਦਰ ਕੋਲੀਆਂਵਾਲ ਨੂੰ ਇਟਲੀ ਵਿੱਚ ਰਹਿੰਦਿਆਂ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਕੀਤੇ ਗਏ ਸਾਹਿਤਕ ਕਾਰਜਾਂ ਨੂੰ ਮੁੱਖ ਰੱਖ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਨਮਾਨ ਬਾਰੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਬਿੰਦਰ ਕੋਲੀਆਂਵਾਲ ਦਾ ਨਾਵਲ 'ਅਣਪਛਾਤੇ ਰਾਹਾਂ ਦੇ ਪਾਂਧੀ' ਉਨ੍ਹਾਂ ਦੀ ਇੱਕ ਵਿਸ਼ੇਸ਼ ਸਾਹਿਤਕ ਪ੍ਰਾਪਤੀ ਹੈ।
ਇਸ ਵਿੱਚ ਬਿੰਦਰ ਨੇ ਉਨ੍ਹਾਂ ਪੰਜਾਬੀਆਂ ਦੀ ਗੱਲ ਕੀਤੀ ਹੈ ਜੋ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਬਿਨਾਂ ਕਿਸੇ ਨਿਸ਼ਾਨੇ ਜਾਂ ਪਤੇ ਦੇ ਵਿਦੇਸ਼ਾਂ ਨੂੰ ਤੁਰ ਪੈਂਦੇ ਹਨ। ਇਸ ਕਿਤਾਬ ਵਿੱਚ ਬਹੁਤ ਵਿਸਥਾਰ ਨਾਲ ਲੇਖਕ ਨੇ ਨੌਜਵਾਨਾਂ ਦੀ ਇਸ ਉੱਜਲੇ ਭਵਿੱਖ ਲਈ ਹਨੇਰੇ ਵਿੱਚ ਤੁਰਦੀ ਯਾਤਰਾ ਨੂੰ ਬਿਆਨ ਕੀਤਾ। ਬਿੰਦਰ ਕੋਲੀਆਂਵਾਲ ਨੇ ਸਾਹਿਤ ਸੁਰ ਸੰਗਮ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੁਝ ਵਿਸ਼ੇ ਲੈ ਕੇ ਆਪ ਸਭ ਦੇ ਸਨਮੁੱਖ ਹੋਵਾਂਗਾ।
NSW : ਪਾਣੀ ਦੀ ਘਾਟ ਕਾਰਨ ਪ੍ਰੇਸ਼ਾਨੀ ਝੱਲ ਰਹੇ ਨੇ ਕਿਸਾਨ
NEXT STORY