ਬੀਜਿੰਗ (ਬਿਊਰੋ): ਲੱਦਾਖ ਵਿਚ ਜਾਰੀ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਹਾਲੇ ਹੱਲ ਵੀ ਨਹੀਂ ਹੋਇਆ ਸੀ ਕਿ ਚੀਨ ਨੇ ਇਕ ਵਾਰ ਫਿਰ ਅਰੂਣਾਚਲ ਪ੍ਰਦੇਸ਼ 'ਤੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਅਸਲ ਵਿਚ ਅਰੂਣਾਚਲ ਪ੍ਰਦੇਸ਼ ਵਿਚ ਚੀਨ ਵੱਲੋਂ ਇਕ ਨਵਾਂ ਪਿੰਡ ਵਸਾਉਣ ਦੀਆਂ ਰਿਪੋਰਟਾਂ ਸਬੰਧੀ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਿਰਮਾਣ ਕੰਮ ਇਕ ਸਧਾਰਨ ਗਤੀਵਿਧੀ ਹੈ ਕਿਉਂਕਿ ਇਹ ਉਸ ਦੇ ਆਪਣੇ ਖੇਤਰ ਵਿਚ ਕੀਤਾ ਜਾ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਨੇ ਕਹੀ ਇਹ ਗੱਲ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਮੀਡੀਆ ਬ੍ਰੀਫਿੰਗ ਵਿਚ ਕਿਹਾ,''ਚੀਨ-ਭਾਰਤ ਦੀ ਸਰਹੱਦ ਦੇ ਪੂਰਬੀ ਸੈਕਟਰ ਜਾਂ ਜੈਂਗਨਾਨ (ਦੱਖਣੀ ਤਿੱਬਤ) ਨੂੰ ਲੈ ਕੇ ਚੀਨ ਦੀ ਸਥਿਤੀ ਸਪੱਸ਼ਟ ਹੈ। ਅਸੀਂ ਕਦੇ ਵੀ ਚੀਨੀ ਖੇਤਰ ਵਿਚ ਗੈਰ ਕਾਨੂੰਨੀ ਢੰਗ ਨਾਲ ਬਣਾਏ ਗਏ ਕਥਿਤ ਅਰੂਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ। ਚੀਨ ਦਾ ਆਪਣੇ ਖੇਤਰ ਵਿਚ ਨਿਰਮਾਣ ਕੰਮ ਕਰਨਾ ਪੂਰੀ ਤਰ੍ਹਾਂ ਨਾਲ ਪ੍ਰਭੂਸੱਤਾ ਦਾ ਮਾਮਲਾ ਹੈ। ਚੀਨ ਵੱਲੋਂ ਆਪਣੇ ਖੇਤਰ ਵਿਚ ਵਿਕਾਸ ਅਤੇ ਨਿਰਮਾਣ ਨਾਲ ਜੁੜੀਆਂ ਗਤੀਵਿਧੀਆਂ ਬਿਲਕੁੱਲ ਸਧਾਰਨ ਗੱਲ ਹੈ।''
ਚੀਨ ਜ਼ਮੀਨ 'ਤੇ ਕਰਦਾ ਹੈ ਆਪਣਾ ਦਾਅਵਾ
ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ 3488 ਕਿਲੋਮੀਟਰ ਲੰਬੀ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ਸਬੰਧੀ ਹੈ। ਚੀਨ ਐੱਲ.ਏ.ਸੀ. ਨੂੰ ਮਾਨਤਾ ਨਹੀਂ ਦਿੰਦਾ ਹੈ ਅਤੇ ਕਰੀਬ 90,000 ਵਰਗ ਕਿਲੋਮੀਟਰ ਦੀ ਜ਼ਮੀਨ 'ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ। ਬੀਜਿੰਗ ਅਰੂਣਾਚਲ ਪ੍ਰਦੇਸ਼ ਨੂੰ ਆਪਣੇ ਨਕਸ਼ੇ ਵਿਚ ਦੱਖਣੀ ਤਿਬੱਤ ਦਿਖਾਉਂਦਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਪਿੰਡ ਵਸਾ ਕੇ ਇਸ ਇਲਾਕੇ 'ਤੇ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਚੀਨ ਨੇ ਅਰੂਣਾਚਲ ਪ੍ਰਦੇਸ਼ ਵਿਚ 101 ਘਰਾਂ ਦਾ ਇਕ ਨਵਾਂ ਪਿੰਡ ਬਣਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਹ ਪਿੰਡ ਭਾਰਤ ਦੀ ਵਾਸਤਵਿਕ ਸਰਹੱਦ ਦੇ 4.5 ਕਿਲੋਮੀਟਰ ਅੰਦਰ ਬਣਿਆ ਹੋਇਆ ਹੈ।
ਭਾਰਤ ਨੇ ਦਿੱਤਾ ਇਹ ਬਿਆਨ
ਰਿਪੋਰਟਾਂ ਵਿਚ ਕੁਝ ਸੈਟੇਲਾਈਟ ਇਮੇਜਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਪਿੰਡ ਨੂੰ ਨਵੰਬਰ 2019 ਤੋਂ ਨਵੰਬਰ 2020 ਦਰਮਿਆਨ ਬਣਾਇਆ ਗਿਆ ਹੈ। ਇਸ ਰਿਪੋਰਟ ਨੂੰ ਲੈਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕੀਤਾ। ਭਾਵੇਂਕਿ ਵਿਦੇਸ਼ ਮੰਤਰਾਲੇ ਨੇ ਪਿੰਡ ਵਸਾਉਣ ਦੀ ਖ਼ਬਰ ਨੂੰ ਖਾਰਿਜ ਨਹੀਂ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਘਟਨਾਕ੍ਰਮਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਭਾਰਤ ਨਾਲ ਲੱਗਦੇ ਸਰਹੱਦੀ ਖੇਤਰਾਂ ਵਿਚ ਚੀਨ ਦੇ ਨਿਰਮਾਣ ਦੀ ਹਾਲ ਹੀ ਵਿਚ ਜਾਰੀ ਰਿਪੋਰਟ ਦੇਖੀ ਹੈ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਅਮਰੀਕਾ ਆਉਣ ਵਾਲੇ ਲੋਕਾਂ ਲਈ ਕੋਵਿਡ-19 ਜਾਂਚ ਤੇ ਇਕਾਂਤਵਾਸ ਕੀਤਾ ਲਾਜ਼ਮੀ
ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਪਿਛਲੇ ਕਈ ਸਾਲਾਂ ਤੋਂ ਅਰੂਣਾਚਲ ਪ੍ਰਦੇਸ਼ ਦੇ ਬਾਰਡਰ ਨਾਲ ਲੱਗਦੇ ਇਲਾਕਿਆਂ ਵਿਚ ਇਸ ਤਰ੍ਹਾਂ ਦੇ ਢਾਂਚੇ ਦੇ ਨਿਰਮਾਣ ਕਰ ਰਿਹਾ ਹੈ। ਇਸ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਵੀ ਬਾਰਡਰ 'ਤੇ ਸੜਕਾਂ, ਪੁਲ ਆਦਿ ਸਮੇਤ ਕਈ ਸਾਰੇ ਬੁਨਿਆਦੀ ਢਾਂਚੇ ਵਿਕਸਿਤ ਕੀਤੇ ਹਨ, ਜਿਸ ਨਾਲ ਬਾਰਡਰ ਨੇੜੇ ਰਹਿ ਰਹੇ ਸਥਾਨਕ ਲੋਕਾਂ ਨੂੰ ਮਦਦ ਮਿਲੀ ਹੈ। ਚੀਨ ਦੀ ਸਰਕਾਰੀ ਮੀਡੀਆ ਨੇ ਵੀ ਇਸ ਸੰਬੰਧੀ ਕਈ ਆਰਟੀਕਲ ਪ੍ਰਕਾਸ਼ਿਤ ਕੀਤੇ ਹਨ। ਚੀਨ ਦੀ ਸਰਕਾਰੀ ਮੀਡੀਆ ਨੇ ਕਿਹਾ ਕਿ ਭਾਰਤ ਵਿਚ ਪਿੰਡ ਵਸਾਉਣ ਦੀ ਖ਼ਬਰ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੀਨੀ ਮਾਹਰ ਦਾ ਦਾਅਵਾ
ਗਲੋਬਲ ਟਾਈਮਜ਼ ਨਾਲ ਗੱਲਬਾਤ ਵਿਚ ਇਕ ਚੀਨੀ ਮਾਹਰ ਝਾਂਗ ਯੋਂਗਪਨ ਨੇ ਕਿਹਾ ਕਿ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਚੀਨ-ਭਾਰਤ ਸਰਹੱਦ 'ਤੇ ਹਾਲਾਤ ਹੋਰ ਮੁਸ਼ਕਲ ਬਣਾਉਣ ਦੀ ਕੋਸ਼ਿਸ਼ ਹੈ। ਸਿੰਗੁਆ ਯੂਨੀਵਰਸਿਟੀ ਵਿਚ ਨੈਸ਼ਨਲ ਸਟ੍ਰੇਟਜੀ ਇੰਸਟੀਚਿਊਟ ਵਿਚ ਖੋਜੀ ਸਕਾਲਰ ਕਿਯਾਨ ਫੇਨ ਨੇ ਗਲੋਬਲ ਟਾਈਮਜ਼ ਨੂੰ ਕਿਹਾ ਕਿ ਇਸ ਇਲਾਕੇ ਨੂੰ ਚੀਨ ਦੀ ਸਰਕਾਰ ਨੇ ਕਦੇ ਮਾਨਤਾ ਨਹੀਂ ਦਿੱਤੀ। ਚੀਨ ਅਤੇ ਭਾਰਤ ਨੇ ਇਸ ਇਲਾਕੇ ਵਿਚ ਸਰਹੱਦ ਲਾਈਨ ਦਾ ਨਿਰਧਾਰਨ ਤੱਕ ਨਹੀਂ ਕੀਤਾ ਹੈ ਇਸ ਲਈ ਉਹ ਚੀਨ 'ਤੇ ਭਾਰਤੀ ਖੇਤਰ ਵਿਚ ਪਿੰਡ ਬਣਾਉਣ ਦਾ ਦੋਸ਼ ਨਹੀਂ ਲਗਾ ਸਕਦੇ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕੈਨੇਡਾ 'ਚ ਕੋਰੋਨਾ ਟੀਕਾਕਰਨ ਦੀ ਗਤੀ ਹੋਈ ਹੌਲੀ, ਟਰੂਡੋ ਨੇ ਫਾਈਜ਼ਰ ਦੇ CEO ਨਾਲ ਕੀਤੀ ਗੱਲ
NEXT STORY