ਹਿਊਸਟਨ- ਅਮਰੀਕਾ ਤੇ ਚੀਨ ਦੇ ਸਬੰਧਾਂ ਵਿਚ ਵੱਧ ਰਹੇ ਤਣਾਅ ਵਿਚਕਾਰ ਹਿਊਸਟਨ ਵਿਚ ਚੀਨੀ ਦੂਤਘਰ ਸ਼ੁੱਕਰਵਾਰ ਨੂੰ ਅਧਿਕਾਰਕ ਰੂਪ ਨਾਲ ਬੰਦ ਹੋ ਗਿਆ। ਚੀਨ ਦੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਤਰੀਕੇ, ਸ਼ਿੰਜਿਯਾਂਗ ਵਿਚ ਉਈਗਰ ਮੁਸਲਮਾਨਾਂ 'ਤੇ ਉਸ ਦੀ ਕਾਰਵਾਈ ਅਤੇ ਹਾਂਗਕਾਂਗ ਵਿਚ ਉਸ ਵਲੋਂ ਵਿਵਾਦ ਵਾਲੇ ਸੁਰੱਖਿਆ ਕਾਨੂੰਨ ਲਾਗੂ ਕਰਨ ਕਰਕੇ ਹਾਲੀਆ ਕੁਝ ਮਹੀਨਿਆਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਗਿਆ ਹੈ।
ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਅਮਰੀਕਾ ਨੇ ਚੀਨ ਤੋਂ ਹਿਊਸਟਨ ਵਿਚ ਆਪਣੇ ਮਹਾਵਣਜ ਦੂਤਘਰ ਨੂੰ 72 ਘੰਟਿਆਂ ਵਿਚ ਬੰਦ ਕਰਨ ਨੂੰ ਕਿਹਾ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦੋਸ਼ ਲਾਇਆ ਕਿ ਇਹ ਦੂਤਘਰ ਜਾਸੂਸੀ ਅਤੇ ਬੌਧਿਕ ਜਾਇਦਾਦ ਦੀ ਚੋਰੀ ਦਾ ਗੜ੍ਹ ਹੈ। ਅਮਰੀਕਾ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਵਣਜ ਦੂਤਘਰ 'ਤੇ ਅਮਰੀਕਾ ਵਿਚ ਚੀਨ ਦੇ ਜਾਸੂਸੀ ਮੁਹਿੰਮਾਂ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।
ਹਿਊਸਟਨ ਵਣਜ ਦੂਤਘਰ ਤੋਂ ਚੀਨ ਦਾ ਝੰਡਾ ਉਤਾਰ ਦਿੱਤਾ ਗਿਆ ਹੈ ਅਤੇ ਅਮਰੀਕੀ ਅਧਿਕਾਰੀਆਂ ਨੇ ਇਸ ਇਮਾਰਤ ਨੂੰ ਕਬਜੇ ਵਿਚ ਲੈ ਲਿਆ ਹੈ। ਚੀਨ ਦੇ ਵਣਜ ਦੂਤਘਰ ਦੇ ਕਰਮਚਾਰਆਂ ਨੂੰ ਸ਼ੁੱਕਰਵਾਰ ਨੂੰ ਇਮਾਰਤ ਤੋਂ ਆਪਣਾ ਸਾਮਾਨ ਲੈ ਜਾਂਦੇ ਦੇਖਿਆ ਗਿਆ ਅਤੇ ਇਮਾਰਤ ਦੇ ਬਾਹਰ ਤਕਰੀਬਨ 30 ਪ੍ਰਦਰਸ਼ਨਕਾਰੀਆਂ ਨੂੰ ਬੈਨਰਾਂ ਨਾਲ ਜਸ਼ਨ ਮਨਾਉਂਦੇ ਦੇਖਿਆ ਗਿਆ। ਹਿਊਸਟਨ ਪੁਲਸ ਨੇ ਵਣਜ ਦੂਤਘਰ ਦੀ ਇਮਾਰਤ ਦੇ ਚਾਰੋ ਪਾਸੇ ਸੁਰੱਖਿਆ ਸਖਤ ਕਰ ਦਿੱਤੀ ਹੈ। ਇਸ ਇਮਾਰਤ ਵਿਚ ਪਿਛਲੇ 4 ਦਹਾਕਿਆਂ ਤੋਂ ਚੀਨ ਸਰਕਾਰ ਦਾ ਦਫਤਰ ਸੀ।
ਹਿਊਸਟਨ ਵਿਚ ਚੀਨੀ ਵਣਜ ਦੂਤਘਰ ਬੰਦ ਕਰਨ ਦੇ ਅਮਰੀਕਾ ਦੇ ਫੈਸਲੇ 'ਤੇ ਪਲਟਵਾਰ ਕਰਦੇ ਹੋਏ ਚੀਨ ਨੇ ਸ਼ੁੱਕਰਵਾਰ ਨੂੰ ਚੇਂਗਦੂ ਸਥਿਤ ਅਮਰੀਕੀ ਮਹਾਵਣਜ ਦੂਤਘਰ ਬੰਦ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਕਦਮਾਂ ਨਾਲ ਦੋਹਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਤਣਾਅਪੂਰਣ ਚੱਲ ਰਹੇ ਦੋ-ਪੱਖੀ ਸਬੰਧਾਂ ਵਿਚ ਤਣਾਅ ਹੋਰ ਵੱਧ ਗਿਆ ਹੈ।
ਯਮਨ 'ਚ ਕੋਰੋਨਾ ਵਾਇਰਸ ਕਾਰਨ 97 ਸਿਹਤ ਕਾਮਿਆਂ ਦੀ ਮੌਤ
NEXT STORY