ਜਲੰਧਰ (ਰਮਨਦੀਪ ਸਿੰਘ ਸੋਢੀ): ਜੇਕਰ ਤੁਸੀਂ ਭਾਰਤ ਤੋਂ ਦੁਬਈ ਜਾਂ ਕਿਸੇ ਵੀ ਹੋਰ ਮੁਲਕ ‘ਚ ਵਾਪਸ, ਘੁੰਮਣ ਜਾਂ ਆਪਣੇ ਵਰਕ ਪਰਮਿਟ ‘ਤੇ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਅਹਿਮ ਹੈ।ਕੋਰੋਨਾ ਤੋਂ ਬਾਅਦ ਫਲਾਈਟਾਂ ਸ਼ੁਰੂ ਹੋਣ ਉਪਰੰਤ ਬਹੁਤ ਸਾਰੇ ਲੋਕ ਸਿੱਧੀ ਟਿਕਟ ਬੁੱਕ ਕਰਵਾਕੇ ਤੇ ਵੀਜ਼ਾ ਸਮੇਤ ਏਅਰਪੋਰਟ ਚਲੇ ਜਾਂਦੇ ਹਨ ਪਰ ਅੱਗੋਂ ਏਅਰਲਾਈਨ ਦਾ ਸਟਾਫ਼ ਉਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦੇ ਰਿਹਾ। ਦਰਅਸਲ ਜੇਕਰ ਤੁਸੀਂ ਭਾਰਤ ਤੋਂ ਕਿਸੇ ਵੀ ਮੁਲਕ ਜਾਣਾ ਚਾਹੁੰਦੇ ਹੋ ਤਾਂ ਟਿਕਟ ਤੇ ਵੀਜ਼ੇ ਤੋਂ ਇਲਾਵਾ ਤੁਹਾਡੇ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਬੇਹੱਦ ਲਾਜਮੀ ਹੈ।
ਇਹ ਰਿਪੋਰਟ ਹਸਪਤਾਲ ਦੇ ਰੰਗਦਾਰ ਲੈਟਰਹੈੱਡ ਉੱਪਰ ਸਟੈਂਪ ਅਤੇ ਡਾਕਟਰ ਦੇ ਦਸਤਖ਼ਤਾਂ ਸਮੇਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੋਰੋਨਾ ਰਿਪੋਰਟ ਹੱਥ ਨਾਲ ਨਾ ਬਣੀ ਹੋਵੇ, ਮਤਲਬ ਕੰਪਿਊਟਰ ਰਾਹੀਂ ਪ੍ਰਿੰਟ ਕੀਤੀ ਗਈ ਰਿਪੋਰਟ ਹੀ ਸਵੀਕਾਰ ਕੀਤੀ ਜਾਵੇਗੀ। ਜੇਕਰ ਤੁਸੀਂ ਈਮੇਲ ਜਾਂ ਇੰਟਰਨੈੱਟ ਤੋਂ ਡਾਊਨਲੋਡ ਕੀਤੀ ਗਈ ਰਿਪੋਰਟ ਲੈ ਕੇ ਜਾਂਦੇ ਹੋ ਤਾਂ ਉਸ ਨੂੰ ਕਿਸੇ ਵੀ ਹਾਲਤ ‘ਚ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਲਈ ਹਮੇਸ਼ਾ ਯਾਦ ਰਹੇ ਕਿ ਕੋਰੋਨਾ ਰਿਪੋਰਟ ਜਿਸ ਵੀ ਹਸਪਤਾਲ ਜਾਂ ਲੈਬ ਤੋਂ ਕਰਵਾ ਰਹੇ ਹੋ ਤਾਂ ਉਸ ਦੀ ਰਿਪੋਰਟ ਲੈਟਰਹੈੱਡ ‘ਤੇ ਲਈ ਜਾਵੇ।
ਇਸ ਤੋਂ ਇਲਾਵਾ ਜੇਕਰ ਤੁਸੀਂ ਦੁਬਈ ‘ਚ ਵਰਕ ਪਰਮਿਟ ‘ਤੇ ਜਾ ਰਹੇ ਹੋ ਤਾਂ ਤੁਹਾਡੇ ਕੋਲ ਕੋਰੋਨਾ ਰਿਪੋਰਟ ਤੋਂ ਇਲਾਵਾ GDRFA ਦੀ ਮਨਜ਼ੂਰੀ ਲੈਟਰ ਹੋਣੀ ਬੇਹੱਦ ਜਰੂਰੀ ਹੈ। ਇਸ ਦੇ ਨਾਲ ਵਿਜਟਰ ਵੀਜ਼ਾ 'ਤੇ ਜਾਣ ਵਾਲੇ ਯਾਤਰੀਆਂ ਕੋਲ ਇਸ਼ੋਰੈਂਸ ਹੋਣੀ ਵੀ ਲਾਜਮੀ ਹੈ। ਸੋ ਜੇਕਰ ਤੁਹਾਡੇ ਕੋਲ ਇਹਨਾਂ ਵਿੱਚੋਂ ਇੱਕ ਵੀ ਕਾਗਜ਼ ਨਹੀਂ ਹੋਵੇਗਾ ਤਾਂ ਤੁਸੀਂ ਦੁਬਈ ਸਮੇਤ ਕਿਸੇ ਵੀ ਦੂਜੇ ਮੁਲਕ ‘ਚ ਟ੍ਰੈਵਲ ਨਹੀਂ ਕਰ ਪਾਓਗੇ ਤੇ ਤੁਹਾਨੂੰ ਆਪਣੀ ਟਿਕਟ ਵੀ ਵਿਅਰਥ ਗਵਾਉਣੀ ਪਵੇਗੀ।
ਅੰਮ੍ਰਿਤਸਰ ਏਅਰਪੋਰਟ ‘ਤੇ ਦੁਬਈ ਜਾਣ ਵਾਲੇ ਬਹੁਤ ਸਾਰੇ ਯਾਤਰੀ ਖੱਜਲ ਖੁਆਰ ਹੋ ਰਹੇ ਹਨ ਜਿੰਨ੍ਹਾਂ ਦਾ ਏਅਰਲਾਈਨ ਕੰਪਨੀਆਂ ‘ਤੇ ਵੱਡਾ ਗਿਲ੍ਹਾ ਹੈ। ਏਅਰਪੋਰਟ ਤੋਂ ਵਾਪਸੀ ਸਮੇਂ ਜਗਬਾਣੀ ਨਾਲ ਗੱਲਬਾਤ ਕਰਦਿਆਂ ਨਿਰਾਸ਼ ਹੋਏ ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਇੰਨੀ ਵਿਸਥਾਰ ‘ਚ ਟਿਕਟ ਬੁੱਕ ਕਰਵਾਉਣ ਵੇਲੇ ਏਅਰਲਾਈਨ ਨੇ ਜਾਣਕਾਰੀ ਕਿਉਂ ਨਹੀਂ ਦਿੱਤੀ? ਉਹਨਾਂ ਨੇ ਕਿਹਾ ਕਿ ਏਅਰਲਾਈਨ ਦਾ ਫਰਜ਼ ਬਣਦਾ ਹੈ ਕਿ ਉਹ ਯਾਤਰੀਆਂ ਨੂੰ ਬਕਾਇਦਾ ਗਾਈਡਲਾਈਨਜ਼ ਜਾਰੀ ਕਰਕੇ ਉਪਰੋਕਤ ਸ਼ਰਤਾਂ ਬਾਰੇ ਜਾਣੂੰ ਕਰਵਾਉਣ ਜਦਕਿ ਏਅਰਲਾਈਨ ਸਟਾਫ ਦਾ ਤਰਕ ਹੈ ਕਿ ਅਸੀਂ ਟਿਕਟ ਦੇ ਉੱਪਰ ਹੀ ਗਾਈਡਲਾਈਨਜ ਲਿਖੀਆਂ ਹੋਈਆਂ ਹਨ।
ਇੱਕ ਪ੍ਰਾਈਵੇਟ ਏਅਰਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਇੰਨੀ ਸਖ਼ਤੀ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਬੀਤੇ ਦਿਨ ਕਿਸੇ ਯਾਤਰੀ ਨੇ ਜਾਅਲੀ ਕੋਰੋਨਾ ਨੈਗੇਟਿਵ ਰਿਪੋਰਟ ਬਣਾ ਲਈ ਸੀ ਜਿਸ ਨੂੰ ਫੜੇ ਜਾਣ ਤੋਂ ਬਾਅਦ ਸਾਰੀਆਂ ਏਅਰਲਾਈਨਜ ਨੇ ਸਖ਼ਤੀ ਕਰਦਿਆਂ ਸਟਾਫ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਲੈਟਰ ਹੈੱਡ ਉੱਪਰ ਪ੍ਰਿੰਟ ਕੀਤੀ ਗਈ ਕਲਰਡ ਤੇ ਦਸਤਖ਼ਤ ਵਾਲੀ ਰਿਪੋਰਟ ਤੋਂ ਇਲਾਵਾ ਬਾਕੀ ਜਰੂਰੀ ਕਾਗਜ਼ਾਂ ਤੋਂ ਬਿਨ੍ਹਾਂ ਜਹਾਜ ‘ਚ ਬਿਠਾਇਆ ਤਾਂ ਸੰਬੰਧਤ ਮੁਲਾਜਮ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਦੇਣ ਦੇ ਨਾਲ ਨੌਕਰੀ ਵੀ ਗਵਾਉਣੀ ਪਵੇਗੀ।
ਆਸਟ੍ਰੇਲੀਆ : ਫ੍ਰੇਜ਼ਰ ਟਾਪੂ 'ਤੇ ਲੱਗੀ ਜੰਗਲੀ ਅੱਗ ਹੋਈ ਬੇਕਾਬੂ, ਚਿਤਾਵਨੀ ਜਾਰੀ
NEXT STORY