ਕਾਹਿਰਾ— ਮਿਸਰ 'ਚ 2013 'ਚ ਮੁਸਲਿਮ ਬ੍ਰਦਰਹੁੱਡ ਦੇ ਸਮਰਥਨ 'ਚ ਹੋਏ ਹਿੰਸਕ ਧਰਨੇ ਦੇ ਮਾਮਲੇ 'ਚ ਪ੍ਰਮੁੱਖ ਇਸਲਾਮੀ ਨੇਤਾਵਾਂ ਸਣੇ 75 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਧਰਨੇ ਦੌਰਾਨ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਨਿਆਂਇਕ ਸੂਤਰਾਂ ਨੇ ਦੱਸਿਆ ਕਿ ਮੁਸਲਿਮ ਬ੍ਰਦਰਹੁੱਡ ਦੇ ਅਧਿਆਤਮਕ ਨੇਤਾ ਮੁਹੰਮਦ ਬਦੀ ਸਣੇ 75 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ ਨੂੰ ਹਿੰਸਾ ਭੜਕਾਉਣ, ਕਤਲ ਤੇ ਗੈਰ-ਕਾਨੂੰਨੀ ਪ੍ਰਦਰਸ਼ਨ ਆਯੋਜਿਤ ਕਰਨ ਸਣੇ ਸੁਰੱਖਿਆ ਸਬੰਧੀ ਅਪਰਾਧਾਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਧਰਨਾ-ਪ੍ਰਦਰਸ਼ਨ ਕਾਹਿਰਾ ਦੇ ਰਬਾ ਅਦਾਵਿਯਾ ਚੌਰਾਹੇ 'ਤੇ ਆਯੋਜਿਤ ਕੀਤਾ ਸੀ, ਜਿਸ ਕਾਰਨ ਇਸ ਨੂੰ ਰਬਾ ਮਾਮਲੇ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਇਸ ਮਾਮਲੇ 'ਚ 700 ਤੋਂ ਜ਼ਿਆਦਾ ਲੋਕਾਂ ਦੇ ਖਿਲਾਫ ਸੁਣਵਾਈ ਚੱਲ ਰਹੀ ਹੈ, ਜਿਸ ਦੀ ਮਨੁੱਖੀ ਅਧਿਕਾਰ ਸੰਗਠਨ ਨਿੰਦਾ ਕਰਦੇ ਰਹੇ ਹਨ। ਬ੍ਰਦਰਹੁੱਡ ਦੇ ਸੀਨੀਅਰ ਨੇਤਾ ਐਸਾਮ ਅਲ ਏਰੀਆਨ, ਮੁਹੰਮਦ ਬੇਲਤਾਗੀ ਤੇ ਵਿਆਤ ਇਸਲਾਮੀ ਧਰਮ ਉਪਦੇਸ਼ਕ ਸਫਵਾਤ ਹਿਗਾਜੀ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ 2013 'ਚ ਮਿਸਰ ਦੇ ਫੌਜ ਮੁਖੀ ਅਬਦੇਹ ਫਤਿਹ ਅਲ ਸੀਸੀ ਵਲੋਂ ਉਸ ਵੇਲੇ ਦੇ ਰਾਸ਼ਟਰਪਤੀ ਮੁਹੰਮਦ ਮੁਰਸੀ ਦਾ ਤਖਤਾਪਲਟ ਕੀਤੇ ਜਾਣ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। ਅਗਸਤ 'ਚ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ 800 ਤੋਂ ਵਧੇਰੇ ਪ੍ਰਦਰਸ਼ਨਕਾਰੀ ਮਾਰੇ ਗਏ। ਸਰਕਾਰ ਦਾ ਕਹਿਣਾ ਸੀ ਕਿ ਕਈ ਪ੍ਰਦਰਸ਼ਨਕਾਰੀ ਹਥਿਆਰਬੰਦ ਸਨ ਤੇ ਉਨ੍ਹਾਂ ਨੇ 43 ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ ਸੀ।
ਤੰਜ਼ਾਨੀਆ 'ਚ ਵਾਪਰਿਆ ਸੜਕ ਹਾਦਸਾ, 11 ਲੋਕਾਂ ਦੀ ਮੌਤ
NEXT STORY