ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਦੇ ਸਾਬਕਾ ਉਪ-ਰਾਸ਼ਟਰਪਤੀ ਅਸਰੂਲਾ ਸਾਲੇਹ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਕਮਜ਼ੋਰ ਪੈਣ ਤੋਂ ਬਾਅਦ ਤਾਲਿਬਾਨ ਨੇ ਭਾਵੇਂ ਹੀ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਲਿਆ ਹੈ ਪਰ ਉਹ ਸਮਰਪਣ ਨਹੀਂ ਕਰਨ ਵਾਲੇ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਦੇਸ਼ ਦੇ ਆਪਣੇ ਅੰਤਿਮ ਟਿਕਾਣੇ ਕਾਬੁਲ ਦੇ ਪੂਰਬ-ਉੱਤਰ ’ਚ ਸਥਿਤ ਪੰਜਸ਼ੀਰ ਘਾਟੀ ਵੱਲ ਚਲੇ ਗਏ ਹਨ, ਅੰਡਰਗਰਾਊਂਡ ਹੋਣ ਤੋਂ ਪਹਿਲਾਂ ਸਾਲੇਹ ਨੇ ਐਤਵਾਰ ਟਵਿੱਟਰ ’ਤੇ ਲਿਖਿਆ, ‘‘ਮੈਂ ਉਨ੍ਹਾਂ ਲੱਖਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰਾਂਗਾ, ਜਿਨ੍ਹਾਂ ਨੇ ਮੈਨੂੰ ਚੁਣਿਆ। ਮੈਂ ਤਾਲਿਬਾਨ ਦੇ ਨਾਲ ਕਦੀ ਵੀ ਨਹੀਂ ਰਹਾਂਗਾ, ਕਦੀ ਨਹੀਂ।’’
ਇਕ ਦਿਨ ਬਾਅਦ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਹਮਣੇ ਆਉਣ ਲੱਗੀਆਂ, ਜਿਸ ’ਚ ਸਾਬਕਾ ਉਪ-ਰਾਸ਼ਟਰਪਤੀ ਆਪਣੇ ਸਾਬਕਾ ਸਰਪ੍ਰਸਤ ਤੇ ਤਾਲਿਬਾਨ ਵਿਰੋਧੀ ਫਾਈਟਰ ਅਹਿਮਦ ਸ਼ਾਹ ਮਸੂਦ ਦੇ ਬੇਟੇ ਨਾਲ ਪੰਜਸ਼ੀਰ ’ਚ ਨਜ਼ਰ ਆ ਰਹੇ ਹਨ। ਇਹ ਇਲਾਕਾ ਹਿੰਦੂਕੁਸ਼ ਦੇ ਪਹਾੜਾਂ ਨੇੜੇ ਸਥਿਤ ਹੈ। ਸਾਲੇਹ ਤੇ ਮਸੂਦ ਦੇ ਬੇਟੇ, ਜੋ ਮਿਲੀਸ਼ੀਆ ਫੋਰਸ ਦੀ ਕਮਾਨ ਸੰਭਾਲਦੇ ਹਨ, ਪੰਜਸ਼ੀਰ ’ਚ ਤਾਲਿਬਾਨ ਦੇ ਮੁਕਾਬਲੇ ਲਈ ਗੁਰਿੱਲਾ ਮੂਵਮੈਂਟ ਲਈ ਇਕੱਠੇ ਹੋ ਰਹੇ ਹਨ। ਆਪਣੀ ਕੁਦਰਤੀ ਖੁਸ਼ਬੂ ਲਈ ਮਸ਼ਹੂਰ ਪੰਜਸ਼ੀਰ ਵੈਲੀ 1990 ਦੀ ਸਿਵਲ ਵਾਰ ’ਚ ਕਦੀ ਵੀ ਤਾਲਿਬਾਨ ਦੇ ਹਿੱਸੇ ’ਚ ਨਹੀਂ ਆਈ ਤੇ ਨਾ ਹੀ ਇਸ ਤੋਂ ਇਕ ਦਹਾਕਾ ਪਹਿਲਾਂ ਇਸ ਨੂੰ (ਤੱਤਕਾਲੀ) ਸੋਵੀਅਤ ਸੰਘ ਜਿੱਤ ਸਕਿਆ ਸੀ। ਇਕ ਨਿਵਾਸੀ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ ’ਤੇ ਕਿਹਾ ਕਿ ਅਸੀਂ ਤਾਲਿਬਾਨ ਨੂੰ ਪੰਜਸ਼ੀਰ ’ਚ ਦਾਖਲੇ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਪੂਰੀ ਤਾਕਤ ਨਾਲ ਉਸ ਦਾ ਵਿਰੋਧ ਕਰਾਂਗੇ ਤੇ ਲੜਾਂਗੇ। ਇਹ ਇਕ ਤਰ੍ਹਾਂ ਨਾਲ ਤਾਲਿਬਾਨ ਖਿਲਾਫ ਸਾਲੇਹ ਦੇ ਲੰਬੇ ਸੰਘਰਸ਼ ’ਚੋਂ ਇਕ ਹੋਵੇਗਾ। ਘੱਟ ਉਮਰ ’ਚ ਹੀ ਅਨਾਥ ਹੋਏ ਸਾਲੇਹ ਨੇ ਗੁਰਿੱਲਾ ਕਮਾਂਡਰ ਮਸੂਦ ਨਾਲ 1990 ਦੇ ਦਹਾਕੇ ’ਚ ਕਈ ਲੜਾਈਆਂ ਲੜੀਆਂ। ਉਨ੍ਹਾਂ ਨੇ ਸਰਕਾਰ ’ਚ ਸੇਵਾਵਾਂ ਦਿੱਤੀਆਂ। 1996 ’ਚ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕਰ ਲਿਆ। ਸਾਲੇਹ ਦੱਸਦੇ ਹਨ ਕਿ ਉਨ੍ਹਾਂ ਦਾ ਪਤਾ ਜਾਣਨ ਲਈ ਕੱਟੜਪੰਥੀਆਂ ਨੇ ਉਨ੍ਹਾਂ ਦੀ ਭੈਣ ਨੂੰ ਵੀ ਟਾਰਚਰ ਕੀਤਾ ਸੀ।
ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੋ ਭਾਰਤ 'ਤੇ ਕੀ ਪਵੇਗਾ ਅਸਰ
NEXT STORY