ਬਰਲਿਨ (ਏਜੰਸੀ)- ਪੱਛਮੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਕਹਿਰ ਵਰ੍ਹਾ ਰਿਹਾ ਹੈ ਪਰ ਜਰਮਨੀ ਇਕਲੌਤਾ ਅਜਿਹਾ ਦੇਸ਼ ਹੈ, ਜਿੱਥੇ ਵੱਡੀ ਗਿਣਤੀ ਵਿਚ ਇਨਫੈਕਟਿਡਾਂ ਦੇ ਬਾਵਜੂਦ ਮੌਤਾਂ ਦੀ ਗਿਣਤੀ ਬਹੁਤ ਘੱਟ ਹੈ। ਮੰਗਲਵਾਰ ਤੱਕ ਇਸ ਦੇਸ਼ ਵਿਚ ਤਕਰੀਬਨ 105519 ਹਜ਼ਾਰ ਲੋਕ ਇਨਫੈਕਟਿਡ ਹੋਏ। ਇਸ ਮਾਮਲੇ ਵਿਚ ਅਮਰੀਕਾ, ਇਟਲੀ ਅਤੇ ਸਪੇਨ ਹੀ ਉਸ ਤੋਂ ਅੱਗੇ ਸਨ ਪਰ ਇਹ ਮੌਤ ਦਰ ਇਸ ਦੇ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਵਿਚ ਬਹੁਤ ਘੱਟ ਰਹੀ ਹੈ। ਜਰਮਨੀ ਵਿਚ ਤਕਰੀਬਨ 1902 ਲੋਕਾਂ ਦੀ ਹੀ ਜਾਨ ਗਈ ਹੈ। ਇਸ ਹਿਸਾਬ ਨਾਲ ਉਸ ਦੀ ਮੌਤ ਦਰ ਸਿਰਫ 1.4 ਫੀਸਦੀ ਹੈ। ਉਥੇ ਹੀ ਇਟਲੀ ਵਿਚ ਇਹ 12 ਫੀਸਦੀ, ਸਪੇਨ, ਫਰਾਂਸ ਅਤੇ ਬ੍ਰਿਟੇਨ ਵਿਚ 10 ਫੀਸਦੀ, ਚੀਨ ਵਿਚ 4 ਫੀਸਦੀ ਅਤੇ ਅਮਰੀਕਾ ਵਿਚ 2.5 ਫੀਸਦੀ ਰਹੀ ਹੈ। ਇਥੋਂ ਤੱਕ ਕਿ ਦੱਖਣੀ ਕੋਰੀਆ, ਜੋ ਕਰਵ ਫਲੈਟਨਿੰਗ ਦੇ ਮਾਡਲ ਲਈ ਜਾਣਿਆ ਗਿਆ, ਉਥੇ ਵੀ ਮੌਤ ਦਰ 1.7 ਫੀਸਦੀ ਰਹੀ ਹੈ।
ਪਤਾ ਲੱਗਦੇ ਹੀ ਸ਼ੁਰੂ ਹੋਈ ਲੋਕਾਂ ਦੀ ਟ੍ਰੈਕਿੰਗ
ਜਰਮਨੀ ਵਿਚ ਮੌਤ ਦਰ ਘੱਟ ਰੱਖਣ ਪਿੱਛੇ ਟ੍ਰੈਕਿੰਗ ਦਾ ਵੱਡਾ ਯੋਗਦਾਨ ਰਿਹਾ ਹੈ। ਕਿਸੇ ਦੇ ਪਾਜ਼ੀਟਿਵ ਪਾਏ ਜਾਣ 'ਤੇ ਲੱਛਣ ਨਾ ਮਿਲਣ ਤੋਂ ਬਾਅਦ ਵੀ ਉਹ ਜਿਸ-ਜਿਸ ਨਾਲ ਮਿਲਿਆ ਸੀ ਸਾਰਿਆਂ ਦੀ ਜਾਂਚ ਕੀਤੀ ਗਈ ਅਤੇ ਉਸ ਨੂੰ ਦੋ ਹਫਤੇ ਤੱਕ ਆਈਸੋਲੇਟ ਰਹਿਣ ਨੂੰ ਕਿਹਾ ਗਿਆ। ਇਸੇ ਤਰ੍ਹਾਂ ਪਾਜ਼ੇਟਿਵ ਦੀ ਚੇਨ ਪਛਾਣ ਗਈ। ਜੋ ਕਾਰਗਰ ਰਿਹਾ। ਉਥੇ ਹੀ ਬਾਕੀ ਦੇਸ਼ ਅਜਿਹਾ ਨਹੀਂ ਕਰ ਸਕੇ।
ਅੰਕੜੇ ਲੁਕਾਉਣ ਦੇ ਕਈ ਦੇਸ਼ਾਂ ਦੇ ਦੋਸ਼ ਨਹੀਂ ਟਿਕ ਸਕੇ।
ਹਾਲਾਂਕਿ ਜਰਮਨੀ ਵਿਚ ਮੌਤ ਦਾ ਅੰਕੜਾ ਇੰਨਾ ਘੱਟ ਰਹਿਣ 'ਤੇ ਅਮਰੀਕਾ ਸਣੇ ਕੁਝ ਦੇਸ਼ ਉਸ 'ਤੇ ਅੰਕੜਿਆਂ ਨਾਲ ਛੇੜਛਾੜ ਦਾ ਦੋਸ਼ ਲਗਾ ਰਹੇ ਹਨ ਪਰ ਕਈ ਮਾਹਰ ਤੱਥਾਂ ਦੇ ਆਧਾਰ 'ਤੇ ਜਰਮਨੀ ਦੇ ਪੱਖ ਵਿਚ ਖੜ੍ਹੇ ਹਨ। ਸਿਹਤ ਪੱਖੋਂ ਤਿਆਰੀਆਂ ਦੇ ਨਾਲ-ਨਾਲ ਚਾਂਸਲਰ ਏਂਜਲਾ ਮਰਕੇਲ ਦੇ ਲੋਕਾਂ ਦੇ ਨਾਲ ਦੋਸਤਾਨਾ ਵਾਰਤਾ ਨਾਲ ਵੀ ਦੇਸ਼ ਵਿਚ ਭਰੋਸਾ ਵਧਿਆ। ਉਨ੍ਹਾਂ ਵਲੋਂ ਲਗਾਏ ਗਏ ਲੌਕਡਾਊਨ ਨਿਯਮਾਂ ਨੂੰ ਵਿਰੋਧੀ ਧਿਰਾਂ ਸਣੇ ਸਾਰੇ ਲੋਕਾਂ ਨੇ ਇਕ ਸੁਰ ਵਿਚ ਮੰਨਿਆ। ਉਨ੍ਹਾਂ ਨੇ ਜਾਂਚ ਤੋਂ ਇਲਾਜ ਤੱਕ ਵੱਡੇ ਸਖ਼ਤ ਫੈਸਲੇ ਲਏ।
ਵਿਆਪਕ ਜਾਂਚ ਰਹੀ ਕਾਰਗਰ
ਜਨਵਰੀ ਮੱਧ ਤੱਕ ਜਦੋਂ ਕਾਫੀ ਲੋਕ ਵਾਇਰਸ ਦੀ ਘਾਤਕਤਾ ਦਾ ਅੰਦਾਜ਼ਾ ਨਹੀਂ ਲਗਾ ਸਕੇ ਸਨ ਤਾਂ ਬਰਲਿਨ ਸਥਿਤ ਇਕ ਹਸਪਤਾਲ ਨੇ ਜਾਂਚ ਦਾ ਫਾਰਮੂਲਾ ਬਣਾ ਆਨਲਾਈਨ ਪੋਸਟ ਵੀ ਕਰ ਦਿੱਤਾ ਸੀ। ਜਰਮਨੀ ਵਿਚ ਪਹਿਲਾ ਮਾਮਲਾ ਫਰਵਰੀ ਵਿਚ ਆਇਆ ਸੀ, ਉਦੋਂ ਤੱਕ ਪੂਰੇ ਦੇਸ਼ ਵਿਚ ਪ੍ਰਯੋਗਸ਼ਾਲਾਵਾਂ ਨੇ ਜਾਂਚ ਕਿੱਟਾਂ ਦਾ ਸਟਾਕ ਬਣਾਉਣ ਸਣੇ ਹੋਰ ਤਿਆਰੀਆਂ ਕਰ ਲਈਆਂ ਸਨ। ਵਾਇਰਸ ਮਾਹਰ ਡਾਕਟਰ ਕ੍ਰਿਸਟੀਅਨ ਦ੍ਰੋਸਤੇ ਮੁਤਾਬਕ ਇਨਫੈਕਸ਼ਨ 'ਤੇ ਕਾਬੂ ਕਰਨ ਵਿਚ ਮਹਾਮਾਰੀ ਪ੍ਰਯੋਗਸ਼ਾਲਾਵਾਂ ਨੇ ਭੂਮਿਕਾ ਨਿਭਾਈ, ਜਿੱਥੇ ਵੱਡੀ ਗਿਣਤੀ ਵਿਚ ਜਾਂਚ ਕੀਤੀ ਗਈ।
ਭਵਿੱਖ ਦੀ ਰਣਨੀਤੀ ਦੇ ਨਾਲ ਕੰਮ
ਜਰਮਨੀ ਨੇ ਅੱਗੇ ਦੀ ਯੋਜਨਾ ਵੀ ਬਣਾ ਲਈ ਹੈ। ਉਥੇ ਅਪ੍ਰੈਲ ਦੇ ਅਖੀਰ ਤੱਕ ਵੱਡੇ ਪੱਧਰ 'ਤੇ ਐਂਟੀਬਾਡੀ ਅਧਿਐਨ ਕੀਤਾ ਜਾਵੇਗਾ। ਇਸ ਦੇ ਤਹਿਤ ਜਰਮਨੀ ਵਿਚ ਹਰ ਹਫਤੇ ਇਕ ਲੱਖ ਲੋਕਾਂ ਦੀ ਰੈਂਡਮ ਸੈਂਪਲਿੰਗ ਹੋਵੇਗੀ ਤਾਂ ਜੋ ਲੋਕਾਂ ਵਿਚ ਸਟ੍ਰਾਂਗ ਇਮਿਊਨਿਟੀ ਬਣਾਉਣ ਦਾ ਪਤਾ ਲਗਾਇਆ ਜਾ ਸਕੇ।
76 ਦਿਨਾਂ ਲੌਕਡਾਊਨ ਮਗਰੋਂ ਵੁਹਾਨ 'ਚ ਲੋਕਾਂ ਨੂੰ ਆਖਿਰ ਮਿਲੀ 'ਆਜ਼ਾਦੀ' (ਦੇਖੋ ਤਸਵੀਰਾਂ)
NEXT STORY