ਇੰਟਰਨੈਸ਼ਨਲ ਡੈਸਕ : ਚੀਨ ਵਿੱਚ ਨਵਿਆਉਣਯੋਗ ਊਰਜਾ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਨੇ ਇੱਕ ਨਵੀਂ ਵਾਤਾਵਰਣਕ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇੱਕ ਤਾਜ਼ਾ ਅਧਿਐਨ ਮੁਤਾਬਕ, ਚੀਨ ਵਿੱਚ ਸੋਲਰ ਊਰਜਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਰਕਾਰੀ ਨੀਤੀਆਂ ਕਾਰਨ ਪੰਛੀਆਂ ਦੀ ਜੈਵ-ਭਿੰਨਤਾ ਵਿੱਚ ਕਮੀ ਦਰਜ ਕੀਤੀ ਗਈ ਹੈ। ਖੋਜਕਰਤਾਵਾਂ ਨੇ ਇਸ ਸਥਿਤੀ ਨੂੰ ਇੱਕ "ਹਰੀ ਦੁਬਿਧਾ" (green dilemma) ਵਜੋਂ ਦਰਸਾਇਆ ਹੈ, ਜਿੱਥੇ ਕਾਰਬਨ ਨਿਕਾਸੀ ਨੂੰ ਘਟਾਉਣ ਦੇ ਯਤਨ ਅਣਜਾਣੇ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਦੇ ਰਾਹ ਵਿੱਚ ਰੁਕਾਵਟ ਬਣ ਰਹੇ ਹਨ ।
ਚੀਨ ਦੇ 2,300 ਤੋਂ ਵੱਧ ਕਾਉਂਟੀਆਂ ਵਿੱਚ 2014 ਤੋਂ 2023 ਦਰਮਿਆਨ ਕੀਤੇ ਗਏ ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਸੋਲਰ ਪੈਨਲ ਲਗਾਉਣ ਲਈ ਫਸਲੀ ਜ਼ਮੀਨ ਅਤੇ ਘਾਹ ਦੇ ਮੈਦਾਨਾਂ ਨੂੰ ਤੇਜ਼ੀ ਨਾਲ ਸਾਫ਼ ਕੀਤਾ ਗਿਆ । ਇਸ ਕਾਰਨ ਪੰਛੀਆਂ ਦੇ ਰਹਿਣ-ਬਸੇਰੇ ਖੁੱਸ ਗਏ ਅਤੇ ਉਨ੍ਹਾਂ ਦੀ ਵਿਭਿੰਨਤਾ ਵਿੱਚ ਗਿਰਾਵਟ ਆਈ। ਹਾਲਾਂਕਿ ਇਹ ਪ੍ਰਭਾਵ ਦਰਮਿਆਨਾ ਹੈ, ਪਰ ਇਹ ਲਗਾਤਾਰ ਦੇਖਿਆ ਜਾ ਰਹੀ ਨਕਾਰਾਤਮਕ ਤਬਦੀਲੀ ਹੈ। ਚੀਨ ਨੇ ਸਾਲ 2060 ਤੋਂ ਪਹਿਲਾਂ ਕਾਰਬਨ ਮੁਕਤ ਹੋਣ ਦਾ ਟੀਚਾ ਮਿੱਥਿਆ ਹੈ। ਇਸ ਤਹਿਤ ਸਾਲ 2024 ਤੱਕ ਚੀਨ ਵਿੱਚ ਸੋਲਰ ਪ੍ਰੋਜੈਕਟਾਂ ਦਾ ਘੇਰਾ ਲਗਭਗ 4,520 ਵਰਗ ਕਿਲੋਮੀਟਰ (ਅਮਰੀਕਾ ਦੇ ਰੋਡ ਆਈਲੈਂਡ ਰਾਜ ਦੇ ਬਰਾਬਰ) ਤੱਕ ਪਹੁੰਚ ਚੁੱਕਾ ਹੈ। ਸਾਲ 2060 ਤੱਕ ਚੀਨ ਦੀ ਕੁੱਲ ਊਰਜਾ ਦਾ 45 ਫੀਸਦੀ ਹਿੱਸਾ ਸੋਲਰ ਊਰਜਾ ਤੋਂ ਪ੍ਰਾਪਤ ਕਰਨ ਦਾ ਅਨੁਮਾਨ ਹੈ। ਦਿਲਚਸਪ ਗੱਲ ਇਹ ਹੈ ਕਿ ਸੋਲਰ ਪਲਾਂਟਾਂ ਦੇ ਸਥਾਨਾਂ ਦੀ ਚੋਣ ਸਿਰਫ਼ ਧੁੱਪ ਵਾਲੇ ਇਲਾਕਿਆਂ ਜਾਂ ਜ਼ਮੀਨ ਦੀ ਉਪਲਬਧਤਾ ਦੇ ਅਧਾਰ 'ਤੇ ਨਹੀਂ, ਸਗੋਂ ਖੇਤਰੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬਣਾਈਆਂ ਗਈਆਂ ਸਰਕਾਰੀ "ਪੰਜ-ਸਾਲਾ ਯੋਜਨਾਵਾਂ" ਦੇ ਅਧਾਰ 'ਤੇ ਕੀਤੀ ਜਾਂਦੀ ਹੈ।
ਨਾਨਜਿੰਗ ਯੂਨੀਵਰਸਿਟੀ ਆਫ਼ ਇਨਫਾਰਮੇਸ਼ਨ ਸਾਇੰਸ ਐਂਡ ਟੈਕਨਾਲੋਜੀ ਦੇ ਖੋਜਕਰਤਾ ਹੂਈਮਿੰਗ ਝਾਂਗ ਨੇ ਦੱਸਿਆ ਕਿ ਸੋਲਰ ਫਾਰਮਾਂ ਦੇ ਵਿਕਾਸ ਦੌਰਾਨ ਵਾਤਾਵਰਣਕ ਸ਼ਰਤਾਂ ਪੂਰੀਆਂ ਕਰਨ ਲਈ ਹਰਿਆਵਲ ਵਧਾਉਣ ਦੇ ਯਤਨ ਕੀਤੇ ਗਏ ਪਰ ਇਸ ਨਾਲ "ਘਟੀਆ ਹਰਿਆਵਲ" ਦੀ ਸਮੱਸਿਆ ਪੈਦਾ ਹੋਈ, ਜਿਸ ਵਿੱਚ ਹਰਿਆਲੀ ਦੀ ਮਾਤਰਾ ਤਾਂ ਵਧੀ ਪਰ ਉਹ ਇੱਕੋ ਜਿਹੀ ਹੋਣ ਕਾਰਨ ਵਾਤਾਵਰਣ ਦੀ ਗੁਣਵੱਤਾ ਘਟ ਗਈ, ਜੋ ਪੰਛੀਆਂ ਦੇ ਅਨੁਕੂਲ ਨਹੀਂ ਰਹੀ। ਅਧਿਐਨ ਮੁਤਾਬਕ, ਸੋਲਰ ਪਲਾਂਟਾਂ ਦਾ ਮਾੜਾ ਪ੍ਰਭਾਵ ਅਮੀਰ ਅਤੇ ਗੈਰ-ਮਾਰੂਥਲ ਖੇਤਰਾਂ ਵਿੱਚ ਵਧੇਰੇ ਦੇਖਣ ਨੂੰ ਮਿਲਿਆ । ਉੱਥੇ ਰਹਿਣ ਵਾਲੇ ਸਥਾਨਕ ਅਤੇ ਪ੍ਰਵਾਸੀ ਪੰਛੀਆਂ ਦੋਵਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ। ਦੂਜੇ ਪਾਸੇ, ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਪ੍ਰਜਾਤੀਆਂ, ਜੋ ਸੋਲਰ ਫਾਰਮਾਂ ਲਈ ਢੁਕਵੀਆਂ ਨਹੀਂ ਸਨ, ਇਸ ਪ੍ਰਭਾਵ ਤੋਂ ਬਚੀਆਂ ਰਹੀਆਂ।
ਪੇਕਿੰਗ ਯੂਨੀਵਰਸਿਟੀ ਦੀ ਯੂਆਨਿੰਗ ਲਿਆਂਗ ਨੇ ਕਿਹਾ ਕਿ ਪੰਛੀ ਜੈਵ-ਭਿੰਨਤਾ ਦੇ ਮੁਲਾਂਕਣ ਲਈ ਇੱਕ ਮਹੱਤਵਪੂਰਨ ਸੂਚਕ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਸਿਰਫ਼ ਸੋਲਰ ਊਰਜਾ ਤੱਕ ਸੀਮਤ ਨਹੀਂ ਹੈ, ਸਗੋਂ ਹਵਾ ਊਰਜਾ ਦੇ ਵਿਸਥਾਰ 'ਤੇ ਵੀ ਬਰਾਬਰ ਲਾਗੂ ਹੁੰਦੀ ਹੈ । ਉਨ੍ਹਾਂ ਅਗਲੇ ਕਦਮ ਵਜੋਂ ਜੈਵ-ਭਿੰਨਤਾ ਦੇ ਨੁਕਸਾਨ ਦੀ ਆਰਥਿਕ ਅਤੇ ਸਮਾਜਿਕ ਕੀਮਤ ਨਿਰਧਾਰਤ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਨੀਤੀਆਂ ਬਣਾਉਣ ਵੇਲੇ ਵਾਤਾਵਰਣ ਸੰਭਾਲ ਨੂੰ ਬਣਦੀ ਅਹਿਮੀਅਤ ਦਿੱਤੀ ਜਾ ਸਕੇ ।
ਪਾਕਿਸਤਾਨ 'ਚ ਬੈਠ ਕੇ ਦੁਨੀਆ ਭਰ ਦੇ ਲੋਕਾਂ ਨੂੰ ਠੱਗਣ ਵਾਲੇ ਅੰਤਰਰਾਸ਼ਟਰੀ ਗੈਂਗ ਦਾ ਪਰਦਾਫਾਸ਼
NEXT STORY