ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਮੈਲਬੌਰਨ ਵਲੋਂ ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਭੰਗੂ ਅਤੇ ਉੱਘੇ ਸਮਾਜਸੇਵੀ, ਲੇਖਕ ਤੇ ਚਿੰਤਕ ਸਵਰਨ ਭੰਗੂ ਹੋਰਾਂ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਇਹ ਦੋਵੇਂ ਅੱਜ-ਕੱਲ ਆਸਟ੍ਰੇਲੀਆ ਦੇ ਦੌਰੇ 'ਤੇ ਹਨ। ਇਸ ਸਮਾਗਮ 'ਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪਹੁੰਚੇ ਹੋਏ ਸਨ।
ਸਮਾਗਮ ਵਿੱਚ ਪਹੁੰਚਣ 'ਤੇ ਭੰਗੂ ਜੋੜੀ ਦਾ ਅਕੈਡਮੀ ਵਲੋਂ ਅਮਰਦੀਪ ਕੌਰ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਅਮਰਦੀਪ ਕੌਰ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮਰਹੂਮ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਗਿਆ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਵਰਨ ਭੰਗੂ ਨੇ ਆਪਣੇ ਸੰਬੋਧਨ ਦੌਰਾਨ ਗਿਆਨ ਦੀ ਮਹੱਤਤਾ 'ਤੇ ਰੌਸ਼ਨੀ ਪਾਈ ਤੇ ਕਿਹਾ ਕਿ ਹਰ ਵਿਅਕਤੀ ਨੂੰ ਇੱਕ ਗੁਣੀ ਮਨੁੱਖ ਵਜੋਂ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਵਲੋਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸਵਰਨ ਭੰਗੂ ਜੀ ਨੇ ਵਿਸ਼ਵ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਮਨੁੱਖੀ ਮਨ ਉੱਤੇ ਪੈ ਰਹੇ ਨਾਕਾਰਾਤਮਕ ਪ੍ਰਭਾਵਾਂ ’ਤੇ ਗਹਿਰੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਵੀ ਆਪਣੇ ਸੰਬੋਧਨ ਦੌਰਾਨ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਉਸ ਦੇ ਪਰਿਵਾਰ ਪ੍ਰਤੀ ਆਪਣੀਆਂ ਗਹਿਰੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਪਣੇ ਰੰਗਮੰਚ ਤੋਂ ਫ਼ਿਲਮਾਂ ਤੱਕ ਦੇ ਸਫ਼ਰ ਬਾਰੇ ਵੀ ਗੱਲ ਕੀਤੀ ਅਤੇ ਪੰਜਾਬ ਤੋਂ ਵਿਦੇਸ਼ ਜਾ ਰਹੇ ਨੌਜਵਾਨਾਂ ਦੀ ਵਧਦੀ ਗਿਣਤੀ ’ਤੇ ਚਿੰਤਾ ਜਤਾਈ। ਗੁਰਪ੍ਰੀਤ ਭੰਗੂ ਜੀ ਨੇ ਅਕੈਡਮੀ ਨਾਲ ਫ਼ਿਲਮ ਦੀ ਸ਼ੂਟਿੰਗ ਦੌਰਾਨ ਜੁੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਅਕੈਡਮੀ ਵਿੱਚ ਹੀ ਸ਼ੂਟ ਕੀਤੀ ਗਈ ਉਹ ਫ਼ਿਲਮ ਜਲਦ ਹੀ ਦਰਸ਼ਕਾਂ ਦੇ ਰੂਬਰੂ ਪੇਸ਼ ਕੀਤੀ ਜਾਵੇਗੀ।

ਇਸ ਮੌਕੇ ਆਸਟ੍ਰੇਲੀਆ ਤੋਂ ਨੌਜਵਾਨ ਗਾਇਕ ਬਾਗ਼ੀ ਭੰਗੂ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ “ਪੀੜਾਂ ਦਾ ਪਰਾਗਾ” ਗਾ ਕੇ ਜਿੱਥੇ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ ਭਰਪੂਰ ਸਿੰਘ ਹੋਰਾਂ ਵੀ ਨੇ “ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ” ਸਮੇਤ ਕਈ ਗ਼ਜ਼ਲਾਂ ਰਾਹੀਂ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹਰਿਮੰਦਰ ਕੰਗ ਹੋਰਾਂ ਨੇ ਵੀ ਵਿਚਾਰ ਪੇਸ਼ ਕੀਤੇ।
ਇੰਡੋਨੇਸ਼ੀਆਈ ਸ਼ਿਪਯਾਰਡ ਵਿਚ ਤੇਲ ਟੈਂਕਰ ’ਚ ਧਮਾਕਾ; 10 ਲੋਕਾਂ ਦੀ ਮੌਤ, 21 ਜ਼ਖਮੀ
NEXT STORY