ਪੇਸ਼ਾਵਰ (ਬਿਊਰੋ)– ਆਪਣੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਚੀਨ ਦੋਸਤੀ ਦਾ ਸਹਾਰਾ ਲੈ ਕੇ ਪਾਕਿਸਤਾਨ ਨੂੰ ਚਾਰੋਂ ਪਾਸਿਓਂ ਆਪਣੇ ਪ੍ਰਭਾਵ ਅੰਦਰ ਲੈ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਗਵਾਦਰ ਬੰਦਰਗਾਹ ਦੇ ਸੰਚਾਲਨ ਦੀ ਜ਼ਿੰਮੇਵਾਰੀ ਚੀਨ ਨੂੰ ਸੌਂਪੀ ਹੋਈ ਹੈ।
ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ. ਪੀ. ਈ. ਸੀ.) ਚੀਨ ਦੇ ਸ਼ਿਨਜਿਯਾਂਗ ਸੂਬੇ ਤੇ ਗਵਾਦਰ ਬੰਦਰਗਾਹ ਨੂੰ ਜੋੜਦਾ ਹੈ। ਇਸ ਬੰਦਰਗਾਹ ਰਾਹੀਂ ਚੀਨ ਆਪਣੇ ਉਤਪਾਦਾਂ ਨੂੰ ਪੱਛਮੀ ਏਸ਼ੀਆ ਤੇ ਯੂਰਪ ਦੇ ਦੇਸ਼ਾਂ ’ਚ ਭੇਜਦਾ ਹੈ। ਦੋਸਤੀ ਦੇ ਨਾਂ ’ਤੇ ਚੀਨ ਲਗਾਤਾਰ ਪਾਕਿ ਦਾ ਸ਼ੋਸ਼ਣ ਕਰ ਰਿਹਾ ਹੈ।
ਤਾਜ਼ਾ ਮਾਮਲੇ ’ਚ ਪਾਕਿ ਦੇ ਗਵਾਦਰ ਸ਼ਹਿਰ ਦੇ ਕੋਲ ਅਰਬ ਸਾਗਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜ ਰਹੀਆਂ 5 ਚੀਨੀ ਕਿਸ਼ਤੀਆਂ ਨੂੰ ਜ਼ਬਤ ਕੀਤਾ ਗਿਆ ਹੈ। ਪਾਕਿ ਨੇ ਇਹ ਕਾਰਵਾਈ ਸਥਾਨਕ ਮਛੇਰਿਆਂ ਦੇ ਵਿਰੋਧ ਤੋਂ ਬਾਅਦ ਕੀਤੀ ਹੈ। ਚੀਨ ਦੀਆਂ ਇਹ ਕਿਸ਼ਤੀਆਂ ਪਾਕਿਸਤਾਨ ਦੇ ਅਧਿਕਾਰਕ ਖੇਤਰ ’ਚ ਬਿਨਾਂ ਮਨਜ਼ੂਰੀ ਦੇ ਮੱਛੀਆਂ ਫੜ ਰਹੀਆਂ ਸਨ।
ਚੀਨ ਦੇ ਹੱਥਾਂ ’ਚ ਗਵਾਦਰ ’ਚ ਆਪਣੀ ਜ਼ਮੀਨ ਗੁਆ ਚੁੱਕੇ ਸਥਾਨਕ ਮਛੇਰਿਆਂ ਨੂੰ ਹੁਣ ਸਮੁੰਦਰ ’ਚ ਮੱਛੀਆਂ ਫੜਨ ਦੇ ਆਪਣੇ ਇਲਾਕੇ ਨੂੰ ਗੁਆਉਣ ਦਾ ਡਰ ਬੈਠ ਗਿਆ ਹੈ। ਇਸ ਨੂੰ ਲੈ ਕੇ ਪਾਕਿ ਦੇ ਗਵਾਦਰ ਸ਼ਹਿਰ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ ਹੈ।
ਸੈਂਕੜੇ ਲੋਕਾਂ ਨੇ ਇਸ ਨੂੰ ਆਪਣੀ ਰੋਜ਼ੀ-ਰੋਟੀ ’ਤੇ ਹਮਲਾ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਕੰਮ ਨੂੰ ਤੁਰੰਤ ਰੋਕਿਆ ਜਾਵੇ। ਪ੍ਰਦਰਸ਼ਨ ਕਰਨ ਵਾਲਿਆਂ ’ਚ ਮਛੇਰਿਆਂ ਦੀ ਵੱਡੀ ਗਿਣਤੀ ਸੀ। ਗਵਾਦਰ ਬੰਦਰਗਾਹ ਤੋਂ ਬਲੂਚਿਸਤਾਨ ਦੇ ਲੋਕ ਪੂਰੀ ਤਰ੍ਹਾਂ ਨਾਲ ਬੇਦਖ਼ਲ ਕਰ ਦਿੱਤੇ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ 100 ਦੇ ਪਾਰ, ਵਧਾਈ ਗਈ ਤਾਲਾਬੰਦੀ
NEXT STORY