ਢਾਕਾ : ਬੰਗਲਾਦੇਸ਼ 'ਚ ਹਿੰਸਾ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪ੍ਰਮੁੱਖ ਨੌਜਵਾਨ ਆਗੂ ਸ਼ਰੀਫ ਉਸਮਾਨ ਹਾਦੀ ਦੀ ਹੱਤਿਆ ਤੋਂ ਕੁਝ ਹੀ ਦਿਨਾਂ ਬਾਅਦ, ਹੁਣ ਇੱਕ ਹੋਰ ਵਿਦਿਆਰਥੀ ਆਗੂ ਮੁਹੰਮਦ ਮੋਤਲੇਬ ਸਿਕਦਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਨਿਸ਼ਾਨਾ ਬਣਾਇਆ ਹੈ। ਇਹ ਘਟਨਾ ਬੰਗਲਾਦੇਸ਼ ਦੇ ਦੱਖਣ-ਪੱਛਮੀ ਸ਼ਹਿਰ ਖੁਲਨਾ ਵਿੱਚ ਸੋਮਵਾਰ ਨੂੰ ਵਾਪਰੀ, ਜਿੱਥੇ ਸਿਕਦਰ ਦੇ ਸਿਰ 'ਚ ਗੋਲੀ ਮਾਰੀ ਗਈ।
ਹਾਲਤ ਬੇਹੱਦ ਗੰਭੀਰ ਨੈਸ਼ਨਲ ਸਿਟੀਜ਼ਨ ਪਾਰਟੀ (NCP) ਦੀ ਸੰਯੁਕਤ ਪ੍ਰਧਾਨ ਕੋਆਰਡੀਨੇਟਰ ਮਹਿਮੂਦਾ ਮਿਤੂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਸਿਕਦਰ, ਜੋ ਕਿ NCP ਦੇ ਖੁਲਨਾ ਡਿਵੀਜ਼ਨ ਦੇ ਮੁਖੀ ਅਤੇ ਪਾਰਟੀ ਦੇ ਵਰਕਰ ਫਰੰਟ ਦੇ ਕੇਂਦਰੀ ਕੋਆਰਡੀਨੇਟਰ ਹਨ, ਨੂੰ ਗੰਭੀਰ ਹਾਲਤ 'ਚ ਖੁਲਨਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ, ਉਨ੍ਹਾਂ ਦੇ ਸਿਰ ਦੇ ਖੱਬੇ ਪਾਸੇ ਗੋਲੀ ਲੱਗੀ ਹੈ ਅਤੇ ਕਾਫੀ ਖੂਨ ਵਹਿ ਜਾਣ ਕਾਰਨ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਪਹਿਲਾਂ ਹੋ ਚੁੱਕੀ ਹੈ ਸ਼ਰੀਫ ਹਾਦੀ ਦੀ ਮੌਤ ਜ਼ਿਕਰਯੋਗ ਹੈ ਕਿ ਇਹ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਹਾਲ ਹੀ ਵਿੱਚ ਇੱਕ ਹੋਰ ਪ੍ਰਮੁੱਖ ਵਿਦਿਆਰਥੀ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਹੋਈ ਹੈ। ਹਾਦੀ, ਜੋ ਪਿਛਲੇ ਸਾਲ ਸ਼ੇਖ ਹਸੀਨਾ ਸਰਕਾਰ ਵਿਰੁੱਧ ਹੋਏ ਪ੍ਰਦਰਸ਼ਨਾਂ ਦੇ ਮੁੱਖ ਚਿਹਰਾ ਸਨ, ਨੂੰ 12 ਦਸੰਬਰ ਨੂੰ ਢਾਕਾ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਗੋਲੀ ਮਾਰੀ ਗਈ ਸੀ। ਸਿੰਗਾਪੁਰ ਵਿੱਚ ਇਲਾਜ ਦੌਰਾਨ ਵੀਰਵਾਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ। ਹਾਦੀ 12 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਬੰਗਲਾਦੇਸ਼ ਵਿੱਚ ਲਗਾਤਾਰ ਵਿਦਿਆਰਥੀ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਦੇਸ਼ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠ ਰਹੇ ਹਨ।
ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਸਾਊਦੀ ਅਰਬ ਦੇ ਸਰਵਉੱਚ ਸਨਮਾਨ ਨਾਲ ਸਨਮਾਨਤ
NEXT STORY