ਟੋਰਾਂਟੋ— ਓਕਵਿਲੇ 'ਚ ਇਕ ਨੌਜਵਾਨ ਨਾਲ ਧੱਕੇਸ਼ਾਹੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਾਲਟਨ ਪੁਲਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਸੀ।
ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਗਈ, ਜਿਸ 'ਚ ਪੁਲਸ ਅਧਿਕਾਰੀ ਇਕ ਨੌਜਵਾਨ ਨੂੰ ਵਾਰ-ਵਾਰ ਧੱਕਾ ਮਾਰਦੇ ਹੋਏ ਅਤੇ ਉਸ ਦਾ ਬੈਗ ਸੁੱਟਦੇ ਹੋਏ ਸਾਫ ਦਿਖਾਈ ਦੇ ਰਿਹਾ ਹੈ, ਇੰਨਾ ਹੀ ਨਹੀਂ ਇਸ ਦੌਰਾਨ ਨੌਜਵਾਨ ਜ਼ਮੀਨ 'ਤੇ ਵੀ ਡਿੱਗ ਗਿਆ ਸੀ।
ਵੀਡੀਓ 'ਚ ਤਿੰਨ ਹੋਰ ਅਧਿਕਾਰੀ ਵੀ ਇਸ ਘਟਨਾ ਨੂੰ ਵੇਖਦੇ ਹੋਏ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਨੇ ਇਸ 'ਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਕ ਬਿਆਨ 'ਚ ਹਾਲਟਨ ਦੇ ਪੁਲਸ ਮੁਖੀ ਸਟੀਫਨ ਟੈਨਰ ਨੇ ਕਿਹਾ ਕਿ ਅਧਿਕਾਰੀ ਜਿਸ ਨੇ ਇਹ ਹਰਕਤ ਕੀਤੀ ਸੀ ਉਸ ਨੂੰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਹੈ। ਸਟੀਫਨ ਟੈਨਰ ਨੇ ਕਿਹਾ ਕਿ ਮੈਂ ਇਸ ਵੀਡੀਓ 'ਚ ਜੋ ਕੁਝ ਵੀ ਦੇਖਿਆ ਉਸ ਨਾਲ ਬਹੁਤ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਪੁਲਸ ਦਾ ਮੰਨਣਾ ਹੈ ਕਿ ਇਹ ਘਟਨਾ ਅਪ੍ਰੈਲ 'ਚ ਵਾਪਰੀ ਸੀ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਹਾਲਟਨ ਦੇ ਪੁਲਸ ਮੁਖੀ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਤੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। ਟੈਨਰ ਨੇ ਕਿਹਾ, ''ਤੁਹਾਡਾ ਪੁਲਸ ਮੁਖੀ ਹੋਣ ਦੇ ਨਾਤੇ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਹਾਂ ਕਿ ਇਸ ਮਾਮਲੇ ਨਾਲ ਜਲਦ ਤੋਂ ਜਲਦ ਨਜਿੱਠਿਆ ਜਾਵੇਗਾ।''
ਉੱਥੇ ਹੀ, ਓਕਵਿਲੇ ਦੇ ਮੇਅਰ ਰੌਬ ਬਰਟਨ ਨੇ ਕਿਹਾ ਕਿ ਉਹ ਖੁਸ਼ ਹਨ ਕਿ ਹਾਲਟਨ ਪੁਲਸ ਮੁਖੀ ਨੇ ਅਧਿਕਾਰੀ ਨੂੰ ਮੁਅੱਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਲੋਂ ਨੌਜਵਾਨ ਨਾਲ ਇਸ ਤਰ੍ਹਾਂ ਪੇਸ਼ ਆਉਣਾ ਕਿਸੇ ਵੀ ਹਾਲਾਤ 'ਚ ਸਹੀ ਨਹੀਂ ਮੰਨਿਆ ਜਾ ਸਕਦਾ।
ਕੈਨੇਡਾ ਦੇ ਪੀ. ਐੱਮ. ਟਰੂਡੋ ਤੇ ਨੇਤਾ ਜਗਮੀਤ ਸਿੰਘ ਨੇ 'ਪਿਤਾ ਦਿਹਾੜੇ' ਸਾਂਝੀਆਂ ਕੀਤੀਆਂ ਖਾਸ ਤਸਵੀਰਾਂ
NEXT STORY