ਇੰਟਰਨੈਸ਼ਨਲ ਡੈਸਕ : ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਿਸ਼ੀਗਨ 'ਚ ਇਕ ਗਰਭਵਤੀ ਔਰਤ ਅਤੇ ਉਸ ਦੇ ਅਣਜੰਮੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਇਹ ਘਿਨੌਣਾ ਅਪਰਾਧ ਰੇਬੇਕਾ ਪਾਰਕ ਅਤੇ ਉਸ ਦੇ ਅਣਜੰਮੇ ਬੱਚੇ ਨਾਲ ਜੁੜਿਆ ਹੈ ਜਿਸ 'ਚ ਮੁੱਖ ਦੋਸ਼ੀ ਉਸ ਦੀ ਮਾਂ ਕਰਟਨੀ ਬਾਰਥੋਲੋਮਿਊ ਅਤੇ ਮਤਰੇਏ ਪਿਉ ਬਰੈਡਲੇ ਬਾਰਥੋਲੋਮਿਊ ਹਨ। ਇਨ੍ਹਾਂ ਦੋਹਾਂ 'ਤੇ ਹੱਤਿਆ, ਪ੍ਰੇਸ਼ਾਨੀ ਅਤੇ ਨਜਾਇਜ਼ ਹਿਰਾਸਤ 'ਚ ਰੱਖ ਕੇ ਲਾਸ਼ ਨੂੰ ਟਿਕਾਣੇ ਲਗਾਉਣ ਦੇ ਦੋਸ਼ ਲੱਗੇ ਹਨ।
ਲਾਪਤਾ ਹੋਣ ਅਤੇ ਲਾਸ਼ ਮਿਲਣ ਦੀ ਘਟਨਾ
ਰੇਬੇਕਾ ਪਾਰਕ ਨਵੰਬਰ ਦੀ ਸ਼ੁਰੂਆਤ 'ਚ ਲਾਪਤਾ ਹੋਈ ਸੀ ਅਤੇ ਉਹ ਪ੍ਰੈਗਨੈਂਸੀ (38 ਹਫਤੇ) ਦੇ ਅੰਤਿਮ ਪੜਾਅ 'ਤੇ ਸੀ ਅਤੇ ਕੁਝ ਹੀ ਦਿਨਾਂ 'ਚ ਬੱਚੇ ਨੂੰ ਜਨਮ ਦੇਣ ਵਾਲੀ ਸੀ। 3 ਨਵੰਬਰ ਨੂੰ ਉਹ ਆਖਰੀ ਵਾਰ ਮਿਸ਼ੀਗਨ ਦੇ ਬੂਨ ਇਲਾਕੇ 'ਚ ਆਪਣੀ ਮਾਂ ਅਤੇ ਮਤਰੇਏ ਪਿਓ ਦੇ ਘਰ ਦੇਖੀ ਗਈ ਸੀ। 4 ਨਵੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਵੱਡੇ ਪੈਮਾਨੇ 'ਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਲਗਭਗ ਤਿੰਨ ਹਫਤਿਆਂ ਬਾਅਦ 25 ਨਵੰਬਰ ਨੂੰ ਰੇਬੇਕਾ ਦੇ ਸਰੀਰ ਦੇ ਕੁਝ ਅੰਗ ਮਿਸ਼ੀਗਨ ਝੀਲ ਕਿਨਾਰੇ ਮੈਨਿਸਟੀ ਨੈਸ਼ਨਲ ਫਾਰੈਸਟ ਦੇ ਜੰਗਲਾਂ ਵਿਚੋਂ ਮਿਲੇ।
ਪੋਸਟਮਾਰਟਮ ਦੀ ਰਿਪੋਰਟ 'ਚ ਖੁਲਾਸਾ
ਪੋਸਟਮਾਰਟਮ ਦੀ ਰਿਪੋਰਟ 'ਚ ਖੁਲਾਸਾ ਹੋਇਆ ਕਿ ਲਾਸ਼ ਮਿਲਣ ਤੋਂ ਬਾਅਦ ਰੇਬੇਕਾ ਦੇ ਅਣਜੰਮੇ ਬੱਚੇ ਦੀ ਕੋਈ ਲਾਸ਼ ਨਹੀਂ ਮਿਲੀ। ਇਸ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਹੀ ਸ਼ੱਕ ਪੈਣ 'ਤੇ 1 ਦਸੰਬਰ ਨੂੰ ਕਰਟਨੀ ਅਤੇ ਬਾਰਥੋਲੋਮਿਊ ਨੂੰ ਰੇਬੇਕਾ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ।

ਅਦਾਲਤ ਵਿੱਚ ਬੇਰਹਿਮੀ ਦਾ ਪਰਦਾਫਾਸ਼
ਅਦਾਲਤ 'ਚ ਦੋਨਾਂ ਦੀ ਬੇਰਹਿਮੀ ਦਾ ਪਰਦਾਫਾਸ਼ ਹੋਇਆ। 3 ਨਵੰਬਰ ਨੂੰ ਕਰਟਨੀ ਅਤੇ ਬਰੈਡਲੀ ਨੇ ਰੇਬੇਕਾ ਨੂੰ ਆਪਣੇ ਘਰ ਬੁਲਾਇਆ ਅਤੇ ਜ਼ਬਰਦਸਤੀ ਉਸ ਨੂੰ ਦੂਜੀ ਗੱਡੀ 'ਚ ਬਿਠਾ ਕੇ ਜੰਗਲਾਂ 'ਚ ਲੈ ਗਏ। ਵਕੀਲਾਂ ਅਨੁਸਾਰ ਉਨ੍ਹਾਂ ਨੇ ਰੇਬੇਕਾ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸਨੂੰ ਜ਼ਮੀਨ 'ਤੇ ਸੁੱਟ ਕੇ ਉਸ ਦੇ ਅਣਜੰਮੇ ਬੱਚੇ ਨੂੰ ਬਾਹਰ ਕੱਢ ਲਿਆ ਅਤੇ ਦੋਨਾਂ ਨੂੰ ਜੰਗਲ 'ਚ ਮਰਨ ਲਈ ਛੱਡ ਦਿੱਤਾ।
ਮਾਂ ਨੇ ਆਪਣਾ ਜੁਰਮ ਕਬੂਲਿਆ
ਸ਼ੁਰੂਆਤ 'ਚ ਕਰਟਨੀ ਨੇ ਸਾਰੇ ਦੋਸ਼ਾਂ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਪਰ ਮੋਬਾਇਲ ਡਾਟਾ ਤੋਂ ਘਟਨਾ ਸਥਾਨ 'ਤੇ ਉਸ ਦੀ ਮੌਜੂਦਗੀ ਸਾਬਿਤ ਹੋਣ ਤੋਂ ਉਸਨੇ ਆਪਣੀ ਕਹਾਣੀ ਬਦਲੀ ਅਤੇ ਆਪਣਾ ਜੁਰਮ ਕਬੂਲ ਕਰਦਿਆਂ ਕੋਰਟ 'ਚ ਦੱਸਿਆ ਕਿ ਉਸਨੇ ਚਾਕੂ ਨਾਲ ਭਰੂਣ ਨੂੰ ਬਾਹਰ ਕੱਢਿਆ। ਉਸਨੇ ਦੱਸਿਆ ਕਿ ਉਸਦਾ ਇਰਾਦਾ ਬੱਚੇ ਨੂੰ ਬਚਾ ਕੇ ਰੇਬੇਕਾ ਦੇ ਮੰਗੇਤਰ ਨੂੰ ਸੌਂਪਣ ਦਾ ਸੀ, ਪਰ ਰੋਬੇਕਾ ਦੇ ਪੇਟ ਵਿਚੋਂ ਬੱਚੇ ਨੂੰ ਜਦੋਂ ਉਸਨੇ ਬਾਹਰ ਕੱਢਿਆ ਤਾਂ ਬੱਚਾ ਮ੍ਰਿਤਕ ਸੀ। ਉਨ੍ਹਾਂ ਰੇਬੇਕਾ ਦੀ ਲਾਸ਼ ਨੂੰ ਪਹਾੜੀਆਂ ਤੋਂ ਥੱਲੇ ਸੁੱਟ ਕੇ ਪੱਤਿਆਂ ਨਾਲ ਢੱਕ ਦਿੱਤਾ ਜਦਕਿ ਭਰੂਣ ਨੂੰ ਇਕ ਕੂਲਰ ਅਤੇ ਫਿਰ ਇਕ ਬੈਗ 'ਚ ਪਾ ਕੇ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ।

ਦੂਜੇ ਪਾਸੇ ਬਰੈਡਲੀ ਨੇ ਸਾਰਾ ਦੋਸ਼ ਕਰਟਨੀ 'ਤੇ ਲਗਾਉਂਦਿਆਂ ਕਿਹਾ ਕਿ ਇਹ ਪੂਰੀ ਯੋਜਨਾ ਕਰਟਨੀ ਨੇ ਬਣਾਈ ਸੀ ਕਿਉਂਕਿ ਉਹ ਬੱਚਾ ਲੈਣਾ ਚਾਹੁੰਦੀ ਸੀ, ਪਰ ਇਕ ਅਪਰਾਧੀ ਹੋਣ ਕਾਰਨ ਬੱਚੇ ਨੂੰ ਗੋਦ ਨਹੀਂ ਲੈ ਸਕਦੀ ਸੀ। ਦਸਤਾਵੇਜਾਂ ਅਨੁਸਾਰ ਰੇਬੇਕਾ, ਉਸਦੀ ਮਾਂ ਕਰਟਨੀ ਅਤੇ ਭੈਣ ਤਿੰਨਾਂ ਦੇ ਇਕ ਹੀ ਵਿਅਕਤੀ ਰਿਚਰਡ ਲੀ ਫਲੋਰ ਨਾਲ ਪ੍ਰੇਮ ਸੰਬੰਧ ਸਨ। ਕਰਟਨੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਬੱਚੇ ਦਾ ਅਸਲ ਪਿਤਾ ਸੀ। ਰੇਬੇਕਾ ਦਾ ਪਾਲਣ-ਪੋਸ਼ਣ ਉਸਦੀ ਬਾਇਲੋਜੀਕਲ ਮਾਂ ਨੇ ਨਹੀਂ ਕੀਤਾ ਸੀ। ਉਸਨੂੰ ਅਤੇ ਉਸਦੇ ਭਾਈ-ਭੈਣਾਂ ਨੂੰ ਸਟੈਫਨੀ ਪਾਰਕ ਅਤੇ ਉਸਦੇ ਪਤੀ ਨੇ ਗੋਦ ਲੈ ਕੇ ਪਾਲਿਆ ਸੀ। ਇਹ ਘਟਨਾ ਰਿਸ਼ਤਿਆਂ ਪ੍ਰਤੀ ਘਿਨੌਣੇ ਅਪਰਾਧ ਨੂੰ ਦਰਸਾਉਂਦੀ ਹੈ।
ਇਥੋਪੀਆ 'ਚ PM ਮੋਦੀ ਦੇ ਸੁਆਗਤ 'ਚ ਗਾਇਆ ਗਿਆ 'ਵੰਦੇ ਮਾਤਰਮ', ਦੱਸਿਆ 'ਦਿਲ ਛੂਹ ਲੈਣ ਵਾਲਾ'
NEXT STORY