15 ਅਗਸਤ 2021 ਨੂੰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ਾ ਕਰਨ ਦੇ ਬਾਅਦ ਤੋਂ ਹੁਣ ਲਗਭਗ 4 ਮਹੀਨੇ ਲੰਘ ਚੁੱਕੇ ਹਨ। ਇਹ ਤੱਥ ਕਿ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਹਥਿਆਰਾਂ ਦੀ ਤਾਕਤ ਅਤੇ ਅਮਰੀਕਾ ਦੇ ਨਾਲ ਗੱਲਬਾਤ ਦੇ ਬਾਅਦ ਕੀਤਾ ਸੀ, ਇਸ ਲਈ ਇਹ ਪ੍ਰਾਪਤੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅਮਰੀਕਾ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਉੱਥੋਂ ਦੀ ਸ਼ਰਮਨਾਕ ਨਿਕਾਸੀ ਅਜੇ ਤੱਕ ਇਕ ਬੁਝਾਰਤ ਬਣੀ ਹੋਈ ਹੈ। ਹੋ ਸਕਦਾ ਹੈ ਸਮੇਂ ਦੇ ਨਾਲ ਅਸਲ ਕਹਾਣੀ ਖੁਦ–ਬ–ਖੁਦ ਸਾਹਮਣੇ ਆ ਜਾਵੇਗੀ। ਇਨ੍ਹਾਂ 4 ਮਹੀਨਿਆਂ ਦੇ ਬਾਅਦ ਹਾਲਤਾਂ ਕਿਹੋ ਜਿਹੀਆਂ ਹਨ? ਕਿਸੇ ਵੀ ਤਰ੍ਹਾਂ ਚੰਗੀਆਂ ਨਹੀਂ ਹਨ। ਅਜੇ ਤੱਕ ਕਿਸੇ ਵੀ ਦੇਸ਼ ਨੇ ਰਸਮੀ ਤੌਰ ’ਤੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ। ਅਰਬਾਂ ਡਾਲਰ ਦਾ ਅਫਗਾਨ ਖਜ਼ਾਨਾ ਅਤੇ ਜਾਇਦਾਦ ਬਿਨਾਂ ਵਰਤਿਆਂ ਪਏ ਹਨ। ਅਫਗਾਨੀ ਮੁਦਰਾ ਢਹਿ–ਢੇਰੀ ਹੋ ਰਹੀ ਹੈ। 13 ਦਸੰਬਰ ਨੂੰ ਅਫਗਾਨੀ (ਮੁਦਰਾ) ਜੋ ਕਾਬੁਲ ’ਤੇ ਕਬਜ਼ਾ ਕੀਤੇ ਜਾਣ ਤੋਂ ਪਹਿਲਾਂ ਲਗਭਗ 77 ’ਤੇ ਸੀ ਅਤੇ 6 ਦਸੰਬਰ ਨੂੰ ਸ਼ੁਰੂ ਹੋਏ ਹਫਤੇ ’ਚ 97 ਪ੍ਰਤੀ ਡਾਲਰ ਸੀ, ਅਚਾਨਕ ਕਾਬੁਲ ਦੀ ਸਰਾਏ ਸ਼ਹਿਜ਼ਾਦਾ ਮਨੀ ਮਾਰਕੀਟ ’ਚ ਡਾਲਰ ਦੇ ਮੁਕਾਬਲੇ 112 ਤੋਂ ਸ਼ੁਰੂ ਹੋ ਕੇ 125 ਤੱਕ ਪਹੁੰਚ ਗਈ। ਵਿਸ਼ਵ ਖੁਰਾਕ ਪ੍ਰੋਗਰਾਮ ਅਨੁਸਾਰ ਅੰਦਾਜ਼ਨ 98 ਫੀਸਦੀ ਅਫਗਾਨ ਲੋੜੀਂਦੀ ਮਾਤਰਾ ’ਚ ਭੋਜਨ ਨਹੀਂ ਕਰ ਰਹੇ, 10 ’ਚੋਂ 7 ਪਰਿਵਾਰਾਂ ਨੂੰ ਭੋਜਨ ਮੰਗਣ ਲਈ ਮਜਬੂਰ ਹੋਣਾ ਪੈਂਦਾ ਹੈ।
ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ 2.30 ਕਰੋੜ ਤੋਂ ਵੱਧ ਅਫਗਾਨਾਂ, ਜੋ ਅੱਧੀ ਆਬਾਦੀ ਤੋਂ ਵੱਧ ਹਨ, ਨੂੰ ਸਰਦੀ ਦੇ ਮਹੀਨੇ ’ਚ ਭੋਜਨ ਦੀ ਬੇਹੱਦ ਘਾਟ ਦਾ ਸਾਹਮਣਾ ਕਰਨਾ ਪਵੇਗਾ ਜਿਸ ਕਾਰਨ ਲੱਖਾਂ ਲੋਕਾਂ ਨੂੰ ਭੁੱਖਮਰੀ ਜਾਂ ਪ੍ਰਵਾਸ ਦੇ ਦਰਮਿਆਨ ਬਦਲ ਚੁਣਨ ਲਈ ਮਜਬੂਰ ਹੋਣਾ ਪਵੇਗਾ।
ਇਸ ਗੰਭੀਰ ਸਥਿਤੀ ਦੀ ਪ੍ਰਵਾਹ ਨਾ ਕਰਦੇ ਹੋਏ ਤਾਲਿਬਾਨ ਪਾਕਿਸਤਾਨ ਨੂੰ ਭਾਰਤੀ ਟਰੱਕਾਂ ਨੂੰ ਕਣਕ ਦੀ ਸਪਲਾਈ ਲਈ ਅਫਗਾਨਿਸਤਾਨ ਸੜਕ ਰਸਤੇ ਰਾਹੀਂ ਉਸ ਦੇ ਰਸਤੇ ਤੋਂ ਜਾਣ ’ਚ ਮਨਾਉਣ ਲਈ ਸਫਲ ਨਹੀਂ ਹੋ ਸਕੇ।
ਇੱਥੋਂ ਤੱਕ ਕਿ ਅਫਗਾਨਿਸਤਾਨ ’ਚ ਮਨੁੱਖੀ ਹੱਕਾਂ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ ਜਿੱਥੇ ਪ੍ਰਤੱਖ ਹੱਤਿਆਵਾਂ ਆਸ ਤੋਂ ਕਿਤੇ ਵੱਧ ਆਮ ਹਨ। ਹਾਲ ਹੀ ’ਚ ਜਾਰੀ ਇਕ ਸਰਵੇਖਣ ’ਚ ਅਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਤੱਥ ਨੂੰ ਦਰਸਾਇਆ ਕਿ ਜੁਲਾਈ-ਅਗਸਤ ’ਚ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਦੇ ਮੈਂਬਰਾਂ ਨੇ ਜਾਤੀ ਅਤੇ ਧਾਰਮਿਕ ਘੱਟਗਿਣਤੀਆਂ, ਸਾਬਕਾ ਅਫਗਾਨ ਫੌਜੀਆਂ ਅਤੇ ਸਰਕਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਸ਼ੱਕੀ ਲੋਕਾਂ ਨੂੰ ਤਸੀਹੇ ਦਿੱਤੇ ਅਤੇ ਉਨ੍ਹਾਂ ਦੀਆਂ ਹੱਤਿਆਵਾਂ ਕੀਤੀਆਂ।
ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਹਿਊਮਨ ਰਾਈਟਸ ਵਾਚ ਵੱਲੋਂ ਜਾਰੀ ਇਕ ਰਿਪੋਰਟ ’ਚ ਇਸ ਮਹੀਨੇ ਦੇ ਸ਼ੁਰੂ ’ਚ 47 ਲੋਕਾਂ ਦੀ ਹੱਤਿਆ ਬਾਰੇ ਵੇਰਵਾ ਦਿੱਤਾ ਗਿਆ ਸੀ। ਇਨ੍ਹਾਂ ’ਚ ਅਫਗਾਨ ਨੈਸ਼ਨਲ ਸਕਿਓਰਿਟੀ ਫੋਰਸਿਜ਼ ਦੇ ਸਾਬਕਾ ਮੈਂਬਰ, ਹੋਰ ਫੌਜੀ ਮੁਲਾਜ਼ਮ, ਪੁਲਸ ਅਤੇ ਖੁਫੀਆ ਵਿਭਾਗ ਦੇ ਏਜੰਟ ਸਨ, ਜਿਨ੍ਹਾਂ ਨੇ ਆਤਮ–ਸਮਰਪਣ ਕਰ ਿਦੱਤਾ ਸੀ ਜਾਂ ਤਾਲਿਬਾਨੀ ਬਲਾਂ ਰਾਹੀਂ ਮੱਧ ਅਗਸਤ ਤੋਂ ਅਕਤੂਬਰ ਦੇ ਦਰਮਿਆਨ ਫੜੇ ਗਏ ਸਨ।
ਭਰੋਸੇਯੋਗ ਰਿਪੋਰਟਾਂ ਅਨੁਸਾਰ ਕੱਟੜਪੰਥੀਆਂ ਅਤੇ ਨਰਮਪੰਥੀਆਂ ਦੇ ਦਰਮਿਆਨ ਫਰਕ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਮੁੱਲਾ ਅਬਦੁਲ ਗਨੀ ਬਰਾਦਰ, ਜੋ ਤਾਲਿਬਾਨ ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਅਤੇ ਹੁਣ ਉਪ-ਪ੍ਰਧਾਨ ਮੰਤਰੀ ਹਨ, ਦੇ ਬਾਰੇ ’ਚ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਗੱਲ ’ਤੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਕੈਬਨਿਟ 1966 ਵਾਲੇ ਕੱਟੜਪੰਥੀਆਂ ਅਤੇ ਹੱਕਾਨੀ ਨੈੱਟਵਰਕ ਦੇ ਅੱਤਵਾਦੀਆਂ ਨਾਲ ਭਰੀ ਹੋਈ ਹੈ। ਖਲੀਲ ਹੱਕਾਨੀ ਜੋ ਸ਼ਰਨਾਰਥੀਆਂ ਲਈ ਮੰਤਰੀ ਅਤੇ ਹੱਕਾਨੀ ਧੜੇ ਦੇ ਸੀਨੀਅਰ ਸਲਾਹਕਾਰ ਹਨ, ਨੇ ਮੁੱਲਾ ਬਰਾਦਰ ਦੀ ਗੱਲ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਉਹੀ ਫੌਜੀ ਹਨ ਜਿਨ੍ਹਾਂ ਨੇ ਜਿੱਤ ਦਿਵਾਈ ਹੈ ਜਿਸ ਕਾਰਨ ਉਹ ਮੰਤਰੀ ਮੰਡਲ ’ਚ ਉਨ੍ਹਾਂ ਦੇ ਬਣਦੇ ਹਿਸੇ ਦੇ ਹੱਕਦਾਰ ਹਨ।
ਹਾਲਤਾਂ ਦੱਸਦੀਆਂ ਹਨ ਕਿ ਜਲਦੀ ਹੀ ਇਹ ਝਗੜਾ ਇਕ–ਦੂਸਰੇ ਦੇ ਵਿਰੁੱਧ ਗੰਭੀਰ ਅਪਸ਼ਬਦਾਂ ’ਚ ਬਦਲ ਜਾਵੇਗਾ। ਇਕ ਹੋਰ ਰਿਪੋਰਟ ਹੋਰ ਵੀ ਅੱਗੇ ਵਧ ਕੇ ਇਹ ਦਾਅਵਾ ਕਰਦੀ ਹੈ ਕਿ ਇਕ–ਦੂਸਰੇ ਦੇ ਵਿਰੁੱਧ ਬੰਦੂਕਾਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਮੁੱਲਾ ਬਰਾਦਰ, ਜਿਨ੍ਹਾਂ ਨੂੰ ਤਾਲਿਬਾਨੀ ਮਾਪਦੰਡਾਂ ਦੇ ਅਨੁਸਾਰ ਉਦਾਰਵਾਦੀ ਮੰਨਿਆ ਜਾਂਦਾ ਹੈ, ਨੂੰ ਆਪਣੇ ‘ਜ਼ਖਮਾਂ’ ਦਾ ਇਲਾਜ ਕਰਨ ਲਈ ਕੰਧਾਰ ਭੱਜਣਾ ਪਿਆ। ਇਨ੍ਹਾਂ ਅਤੇ ਹੋਰਨਾਂ ਮਤਭੇਦਾਂ ਨੂੰ ਸੁਲਝਾਉਣ ’ਚ ਪਾਕਿਸਤਾਨ ਦੀ ਇਕ ਈਮਾਨਦਾਰ ਦਲਾਲ ਬਣਨ ਦੀ ਕੋਸ਼ਿਸ਼ ਅਸਫਲ ਸਾਬਤ ਹੋਈ ਹੈ।
ਇੱਥੋਂ ਤੱਕ ਕਿ ਤਾਲਿਬਾਨ ਸਰਹੱਦ ਪਾਰ ਆਪਣੇ ਦੇਸ਼ ਦੇ ਲੋਕਾਂ ਨੂੰ ਵੀ ਸੰਭਾਲ ਸਕਣ ’ਚ ਸਮਰੱਥ ਨਹੀਂ ਹਨ। ਹਾਲ ਹੀ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਐਲਾਨ ਕੀਤਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਕੀਤੀ ਗਈ ਇਕ ਮਹੀਨਾ ਲੰਬੀ ਗੋਲੀਬੰਦੀ ਨੂੰ ਹੋਰ ਵਧਾਵੇਗੀ। ਟੀ. ਟੀ. ਪੀ. ਨੇ ਪਾਕਿਸਤਾਨ ਸਰਕਾਰ ’ਤੇ ਇਸਲਾਮਿਕ ਅਮਿਰੇਟ ਆਫ ਅਫਗਾਨਿਸਤਾਨ (ਤਾਲਿਬਾਨ) ਦੀ ਸਰਕਾਰ ਦੇ ਨਾਲ 25 ਅਕਤੂਬਰ 2021 ਨੂੰ ਕੀਤੇ ਗਏ 6 ਸੂਤਰੀ ਸਮਝੌਤੇ ’ਤੇ ਅਸਫਲ ਹੋਣ ਦਾ ਦੋਸ਼ ਲਗਾਇਆ। ਟੀ. ਟੀ. ਪੀ. ਵੱਲੋਂ ਮੁੜ ਤੋਂ ਹਮਲੇ ਸ਼ੁਰੂ ਕਰਨ ਨਾਲ ਆਈ. ਐੱਸ. ਆਈ.-ਫੌਜ ਅਤੇ ਅਫਗਾਨਿਸਤਾਨ ’ਚ ਉਨ੍ਹਾਂ ਦੇ ਪ੍ਰਤੀਨਿਧੀਆਂ ਦਰਮਿਆਨ ਸਬੰਧਾਂ ’ਚ ਹੋਰ ਵੀ ਵੱਧ ਤਣਾਅ ਆਵੇਗਾ।
ਅਫਗਾਨਿਸਤਾਨ ਦੇ ਲਾਚਾਰ ਲੋਕਾਂ ਲਈ ਇਸ ਸਭ ਦਾ ਕੀ ਅਰਥ ਹੈ? ਜਿਵੇਂ-ਜਿਵੇਂ ਅਸਥਿਰਤਾ ਵਧੇਗੀ, ਆਰਥਿਕ ਪਾਬੰਦੀਆਂ ਹੋਰ ਵੀ ਜ਼ਿਆਦਾ ਦੁੱਖ ਦੇਣ ਲੱਗਣਗੀਆਂ ਅਤੇ ਪਾਕਿਸਤਾਨ ਦੇ ਨਾਲ ਸਬੰਧ ਹੋਰ ਵੀ ਵੱਧ ਬੇਚੈਨੀ ਭਰੇ ਬਣਨਗੇ। ਪਾਕਿਸਤਾਨ ਨੂੰ ਮਜਬੂਰਨ ਆਪਣੀ ਨਾਰਕੋ ਅਰਥਵਿਵਸਥਾ ਵੱਲ ਵਾਪਸ ਮੁੜਨਾ ਪਵੇਗਾ। ਇਸ ਤੋਂ ਵੀ ਵਧ ਕੇ ਜਿੱਥੇ ਇਸ ਦਾ ਸਮਾਜ ਅੱਗੇ ਵਧਣ ਦੀ ਬਜਾਏ ਪਿੱਛੇ ਵੱਲ ਪਰਤੇਗਾ, ਅਲਕਾਇਦਾ ਅਤੇ ਦਾਇਸ਼ ਵਰਗੇ ਇਸਲਾਮੀ ਸੰਗਠਨਾਂ ਦਾ ਹੋਰ ਵੱਧ ਵਿਸਤਾਰ ਹੋਵੇਗਾ। ਬੜੇ ਦੁੱਖ ਦੀ ਗੱਲ ਹੈ ਕਿ ਬੀਤੇ 2 ਦਹਾਕਿਆਂ ਦੇ ਦਰਮਿਆਨ ਬੜੀ ਮਿਹਨਤ ਨਾਲ ਕਮਾਏ ਗਏ ਲਾਭਾਂ ਨੂੰ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਨੇ ਤਬਾਹ ਕਰ ਦਿੱਤਾ ਪਰ ਉਨ੍ਹਾਂ ਤੋਂ ਵੀ ਵੱਧ ਸੱਤਾ ’ਚ ਬੈਠੇ ਅਫਗਾਨੀਆਂ ਨੇ ਜਿਨ੍ਹਾਂ ਕੋਲ ਆਪਣੇ ਦੇਸ਼ ਦੀ ਕਾਇਆਕਲਪ ਕਰਨ ਦਾ ਇਕ ਅਸਲ ਮੌਕਾ ਸੀ।
ਮਨੀਸ਼ ਤਿਵਾੜੀ
ਆਸਟ੍ਰੇਲੀਆ ਦੇ ਬ੍ਰਿਸਬੇਨ ਨੇੜੇ ਜਹਾਜ਼ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ
NEXT STORY