ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੱਢਿਆ ਜਾਣਾ ਜਾਰੀ ਹੈ। ਇਸ ਵਿਚਕਾਰ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੁਰੱਖਿਅਤ ਜਗ੍ਹਾ 'ਤੇ ਰਹਿਣ ਕਿਉਂਕਿ ਕਾਬੁਲ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਵੱਧ ਗਿਆ ਹੈ।
ਸਮਾਚਾਰ ਏਜੰਸੀ ਏ.ਐੱਫ.ਪੀ. ਮੁਤਾਬਕ ਬੁੱਧਵਾਰ ਨੂੰ ਇਹਨਾਂ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਅਤੇ ਸਾਰਿਆਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਕਿਉਂਕਿ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ ਹੋਣ ਦਾ ਖਤਰਾ ਹੈ। ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਵੱਲੋਂ ਅਫਗਾਨਿਸਤਾਨ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਕਾਬੁਲ ਹਵਾਈ ਅੱਡੇ ਦੇ ਆਲੇ-ਦੁਆਲੇ ਹੋ ਤਾਂ ਕਿਸੇ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਓ।
ਉੱਥੇ ਬ੍ਰਿਟੇਨ ਨੇ ਵੀ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਤੁਰੰਤ ਅਫਗਾਨਿਸਤਾਨ ਛੱਡ ਦੇਣ ਜਾਂ ਅਗਲੇ ਆਦੇਸ਼ ਦਾ ਇੰਤਜ਼ਾਰ ਕਰਨ। ਬ੍ਰਿਟੇਨ ਨੇ ਹਾਲ ਹੀ ਵਿਚ ਉੱਥੋਂ 11,000 ਤੋਂ ਵੱਧ ਲੋਕਾਂ ਨੂੰ ਕੱਢਿਆ ਹੈ, ਜਿਸ ਵਿਚ ਬ੍ਰਿਟੇਨ ਦੇ ਹਜ਼ਾਰਾਂ ਨਾਗਰਿਕ ਅਤੇ 7 ਹਜ਼ਾਰ ਤੋਂ ਵਧੇਰੇ ਅਫਗਾਨ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ ਨੇ ਤਾਲਿਬਾਨ ਨੂੰ ਸੌਂਪੀ TTP ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ
ਗੌਰਤਲਬ ਹੈ ਕਿ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਉਹਨਾਂ ਦੇਸ਼ਾਂ ਵਿਚ ਸ਼ਾਮਲ ਹਨ ਜੋ ਅਫਗਾਨਿਸਤਾਨ ਤੋਂ ਆਪਣੇ ਲੋਕਾਂ ਨੂੰ ਕੱਢਣ ਵਿਚ ਜੁਟੇ ਹੋਏ ਹਨ। 14 ਅਗਸਤ ਦੇ ਬਾਅਦ ਤੋਂ ਕਾਬੁਲ ਹਵਾਈ ਅੱਡੇ 'ਤੇ ਬਚਾਅ ਮੁਹਿੰਮ ਚੱਲ ਰਹੀ ਹੈ। ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਭਾਵੇਂਕਿ ਹੁਣ ਤਾਲਿਬਾਨ ਵੱਲੋਂ ਅਮਰੀਕਾ ਅਤੇ ਨਾਟੋ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਆਪਣੀ ਬਚਾਅ ਮੁਹਿੰਮ ਨੂੰ 31 ਅਗਸਤ ਤੱਕ ਪੂਰਾ ਕਰ ਲੈਣ, ਇਸ ਮਗਰੋਂ ਕਿਸੇ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ ਤਾਲਿਬਾਨ ਨੇ ਕਿਹਾ ਹੈ ਕਿ ਕੋਈ ਵੀ ਅਫਗਾਨ ਨਾਗਰਿਕ ਅਮਰੀਕਾ ਨਾਲ ਬਾਹਰ ਨਾ ਜਾਵੇ।
ਕਾਬੁਲ ਹਵਾਈ ਅੱਡੇ 'ਤੇ ਹਾਲਾਤ ਵਿਗੜ ਚੁੱਕੇ ਹਨ। ਕਈ ਵਾਰ ਗੋਲੀਬਾਰੀ ਹੋਈ ਹੈ ਅਤੇ ਕੁਝ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਹੁਣ ਜਦੋਂ 31 ਅਗਸਤ ਨੇੜੇ ਹੈ ਤਾਂ ਲੋਕਾਂ ਦਾ ਕਾਬੁਲ ਹਵਾਈ ਅੱਡੇ 'ਤੇ ਜਾਣਾ ਵੱਧ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਲਗਾਤਾਰ ਹਵਾਈ ਅੱਡੇ ਪਹੁੰਚ ਰਹੇ ਹਨ ਅਤੇ ਦੇਸ਼ ਛੱਡਣ ਦੀ ਕੋਸ਼ਿਸ਼ ਵਿਚ ਹਨ।
ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ
NEXT STORY