ਰੋਮ ਇਟਲੀ (ਕੈਂਥ)— ਇਟਲੀ ਦੇ ਭਾਰਤੀ ਇਤਿਹਾਸ ਵਿੱਚ ਸ਼ਾਇਦ ਅਜਿਹੀ ਪਹਿਲੀ ਘਟਨਾ ਹੋਵੇਗੀ ਜਦੋਂ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਭਾਰਤੀ ਮਾਂ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੋਵੇ। ਇਸ ਘਟਨਾ ਸੰਬਧੀ ਮਿਲੀ ਜਾਣਕਾਰੀ ਅਨੁਸਾਰ ਆਜ਼ਾਨੋ ਦੇਚੀਮੋ ਵਿਖੇ ਇਕ ਭਾਰਤੀ ਪਰਿਵਾਰ ਦੇ ਘਰ ਵਿਚੋਂ ਕਾਓਰਲੇ ਦੀ ਕਾਰਾਬਿਨੇਰੀ ਯੂਨਿਟ ਨੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਇਹ ਨਸ਼ੀਲੇ ਪਦਾਰਥ ਸਮੁੰਦਰੀ ਖੇਤਰ ਦੇ ਗ੍ਰਾਹਕਾਂ ਨੂੰ ਵੇਚੇ ਜਾਣੇ ਸਨ।
ਇਟਾਲੀਅਨ ਪੁਲਸ ਦੇ ਟਰੇਂਡ ਖੋਜੀ ਕੁੱਤਿਆਂ ਦੀ ਮਦਦ ਨਾਲ ਇਕ ਖਾਸ ਆਪਰੇਸ਼ਨ ਦੌਰਾਨ ਇਸ ਪਰਿਵਾਰ ਵਿਚ 42 ਸਾਲਾ ਸੁਖਪ੍ਰੀਤ ਕੌਰ ਅਤੇ ਉਸਦੇ 19 ਸਾਲਾ ਬੇਟੇ ਔਲਖ ਸਿੰਘ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮਾਂ ਅਤੇ ਬੇਟੇ ਨੂੰ ਨਸ਼ੀਲੇ ਪਦਾਰਥਾਂ ਦੇ ਵਪਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਬੀਤੇ ਐਤਵਾਰ ਦੀ ਰਾਤ ਨੂੰ ਮੁਕੰਮਲ ਜਾਣਕਾਰੀ ਦੇ ਅਧਾਰ 'ਤੇ ਪੁਲਸ ਵੱਲੋਂ ਇਸ ਪਰਿਵਾਰ ਦੇ ਘਰ ਵਿਚ ਛਾਪਾ ਮਾਰਿਆ ਗਿਆ। ਪੁਲਸ ਦੇ ਆਉਣ 'ਤੇ ਮਹਿਲਾ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਉਹ ਨਾਕਾਮ ਰਹੀ। ਪੁਲਸ ਨੇ ਛਾਪੇ ਦੌਰਾਨ ਘਰ ਵਿਚੋਂ 80 ਗ੍ਰਾਮ ਹੈਰੋਇਨ, 63 ਗ੍ਰਾਮ ਭੰਗ, ਨਸ਼ਾ ਤੋਲਣ ਵਾਲੇ ਛੋਟੇ ਤੋਲ ਯੰਤਰ, ਨਸ਼ਾ ਪੈਕ ਕਰਨ ਵਾਲਾ ਸਾਰਾ ਸਮਾਨ ਬਰਾਮਦ ਕੀਤਾ। ਪੁਲਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਡੋਜ਼ ਬਣਾ ਕੇ ਵੇਚਣ ਲਈ ਪੈਕ ਕੀਤੇ ਗਏ ਸਨ।
ਮੌਕੇ ਉੱਤੇ ਬਰਾਮਦ ਕੀਤੀਆਂ ਗਈਆਂ ਸਾਰੀਆਂ ਵਸਤੂਆਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਂ-ਬੇਟੇ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਤੱਕ ਜੇਲ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਘਰ ਦੀ ਜੇਲ ਦੀ ਸਜਾ ਹੋਣੀ ਮੁਨਾਸਿਬ ਨਹੀਂ ਹੈ, ਕਿਉਂਕਿ ਇਹ ਦੋਵੇਂ ਇਕ ਹੀ ਘਰ ਵਿਚ ਰਹਿੰਦੇ ਹਨ ਅਤੇ ਇਟਾਲੀਅਨ ਕਾਨੂੰਨ ਮੁਤਾਬਕ ਦੋ ਦੋਸ਼ੀਆਂ ਨੂੰ ਆਪਸ ਵਿਚ ਮਿਲਣ ਦੀ ਮਨਾਹੀ ਹੈ। ਦੋਵਾਂ ਦੋਸ਼ੀਆਂ ਨੂੰ ਵੱਖ-ਵੱਖ ਜੇਲ ਵਿਚ ਰੱਖਿਆ ਗਿਆ ਹੈ। ਭਾਰਤੀ ਮਾਂ-ਪੁੱਤਰ ਵੱਲੋਂ ਕੀਤੀ ਇਸ ਸ਼ਰਮਨਾਕ ਕਾਰਵਾਈ ਦੀ ਇਟਲੀ ਦੇ ਭਾਰਤੀ ਭਾਈਚਾਰੇ ਵੱਲੋਂ ਚਾਰ-ਚੁਫੇਰਿਓ ਨਿਖੇਧੀ ਕੀਤੀ ਹੈ।
ਇਟਲੀ 'ਚ ਭਿਆਨਕ ਸੜਕ ਹਾਦਸੇ ਦੌਰਾਨ ਇਕ ਭਾਰਤੀ ਨੌਜਵਾਨ ਦੀ ਮੌਤ, ਕਈ ਜ਼ਖਮੀ
NEXT STORY