ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਉਹ ਆਪਣਾ ਜੀਵਨ ਪਰਿਵਾਰ, ਛੋਟੇ ਸਮੂਹ ਜਾਂ ਸਮਾਜ ਵਿਚ ਰਹਿ ਕੇ ਹੀ ਸਫ਼ਲ ਬਣਾਉਂਦਾ ਹੈ। ਮਨੁੱਖ ਦੀ ਜ਼ਿੰਦਗੀ ਵਿਚ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰਿਵਾਰ ਹੀ ਉਸ ਦੇ ਵਿਚ ਕਦਰਾਂ ਕੀਮਤਾਂ, ਨੈਤਿਕ ਅਤੇ ਵਿਵਹਾਰਿਕ ਗੁਣ ਪੈਦਾ ਕਰਦਾ ਹੈ। ਸਭ ਤੋਂ ਪਹਿਲਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਪਰਿਵਾਰ ਵਿਚ ਹੀ ਸੰਭਵ ਹੁੰਦਾ ਹੈ। ਵਿਅਕਤੀ ਆਪਣੇ ਪਰਿਵਾਰ ਵਿਚ ਮੌਜੂਦ ਮੈਂਬਰ ਜਿਵੇਂ ਮਾਂ-ਬਾਪ, ਭਰਾ-ਭੈਣ, ਦਾਦਾ-ਦਾਦੀ, ਚਾਚਾ-ਚਾਚੀ ਨਾਲ ਪ੍ਰਤੱਖ ਰੂਪ ਵਿਚ ਜੁੜਿਆ ਹੁੰਦਾ ਹੈ। ਬਿਨਾਂ ਪਰਿਵਾਰ ਤੋਂ ਸਮਾਜ ਦਾ ਅਸਤਿਤਵ ਸੰਭਵ ਹੀ ਨਹੀਂ ਹੈ। ਵਿਅਕਤੀ ਦੀਆਂ ਜਨਮ ਤੋਂ ਮੌਤ ਤੱਕ ਦੀਆਂ ਸਾਰੀਆਂ ਕਿਰਿਆਵਾਂ ਪਰਿਵਾਰ ਵਿਚ ਹੀ ਹੁੰਦੀਆਂ ਹਨ।
ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪਰਿਵਾਰ ਸਮਾਜ ਦੀ ਇਕ ਛੋਟੀ ਇਕਾਈ ਹੁੰਦਾ ਹੈ ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਬੱਚੇ ਦੇ ਸਮਾਜਿਕ, ਮਾਨਸਿਕ ਅਤੇ ਸੰਸਕ੍ਰਿਤਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਪ੍ਰਸਿੱਧ ਸਮਾਜ ਸ਼ਾਸਤਰੀ ਚਾਰਲਸ ਕੂਲੇ ਦੇ ਅਨੁਸਾਰ ਪਰਿਵਾਰ ਇਕ ਅਜਿਹਾ ਮੌਲਿਕ ਸਮੂਹ ਹੈ ਜਿਸ ਨਾਲ ਬੱਚੇ ਦੇ ਸਮਾਜਿਕ ਜੀਵਨ ਅਤੇ ਆਦਰਸ਼ਾਂ ਦਾ ਨਿਰਮਾਣ ਹੁੰਦਾ ਹੈ। ਪਰਿਵਾਰ ਇਕ ਅਜਿਹਾ ਸੂਬਾ ਹੈ, ਜੋ ਵਿਆਹ ਅਤੇ ਖੂਨ ਦੇ ਸੰਬੰਧਾਂ ਨਾਲ ਸੰਗਠਿਤ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਫੈਲਾਉਂਦਾ ਹੈ।
ਪਰਿਵਾਰ ਦਾ ਸਰੂਪ ਹਰ ਸਮਾਜ ਵਿਚ ਭਿੰਨ ਹੁੰਦਾ ਹੈ। ਇੱਥੋਂ ਤੱਕ ਕਿ ਇਕ ਹੀ ਸਮਾਜ ਦੇ ਵੱਖ-ਵੱਖ ਰਾਜਾਂ ਦੇ ਵਿਸਥਾਰ ਵਿਚ ਭੂਗੋਲਿਕ, ਸਮਾਜਿਕ ਅਤੇ ਸੰਸਕ੍ਰਿਤਕ ਹਾਲਾਤ ਵੱਖ ਹੁੰਦੇ ਹਨ। ਇਸ ਲਈ ਪਰਿਵਾਰ ਦਾ ਸਰੂਪ ਵੀ ਇਕੋ ਜਿਹਾ ਨਹੀਂ ਹੁੰਦਾ।
ਹਰ ਸਾਲ 15 ਮਈ ਨੂੰ ਸੰਸਾਰ ਭਰ ਵਿਚ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। 1993 ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਅਧਿਕਾਰਿਤ ਤੌਰ ’ਤੇ ਇਸ ਦੀ ਘੋਸ਼ਣਾ ਕੀਤੀ। ਇਹ ਦਿਨ ਮਨਾਉਣ ਦਾ ਉਦੇਸ਼ ਪਰਿਵਾਰ ਦੇ ਮਹੱਤਵ ਨੂੰ ਸਵੀਕਾਰ ਕਰਨਾ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਜਾਗਰੂਕਤਾ ਵਧਾਉਣ ਦਾ ਹੈ।
ਸੰਨ 1996 ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮਹਾਸਚਿਵ ਨੇ ਹਰ ਸਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਦੇ ਜਸ਼ਨ ਲਈ ਇਕ ਥੀਮ ਚੁਣਨ ਦਾ ਨਿਰਦੇਸ਼ ਦਿੱਤਾ ਹੈ। ਜ਼ਿਆਦਾਤਰ ਥੀਮ ਬੱਚਿਆਂ ਦੀ ਸਿੱਖਿਆ, ਗਰੀਬੀ, ਪਰਿਵਾਰਕ ਸੰਤੁਲਨ ਅਤੇ ਸਮਾਜਿਕ ਮੁੱਦਿਆਂ ਨੂੰ ਦੁਨੀਆਂ ਭਰ ਦੇ ਪਰਿਵਾਰਾਂ ਦੀ ਭਲਾਈ ਦੇ ਨਾਲ ਸਬੰਧਤ ਹੁੰਦੀ ਹੈ।
ਅੰਤਰਰਾਸ਼ਟਰੀ ਪਰਿਵਾਰ ਦਿਵਸ 2020 ਦਾ ਥੀਮ ਹੈ, "ਫੈਮਿਲੀਜ਼ ਇਨ ਡਿਵੈਲਪਮੈਂਟ: ਕੋਪਨਹੈਗਨ ਐਂਡ ਬੀਜਿੰਗ +25"
ਕੋਪਨਹੈਗਨ ਘੋਸ਼ਣਾ ਅਤੇ ਬੀਜਿੰਗ ਪਲੇਟਫਾਰਮ ਫਾੱਰ ਐਕਸ਼ਨ ਦੀ ਇਸ ਸਾਲ 25ਵੀਂ ਵਰੇਗੰਢ ਹੈ ਜੋ ਸਭ ਤੋਂ ਜ਼ਿਆਦਾ ਚੁਣੌਤੀਪੂਰਣ ਵੈਸ਼੍ਵਿਕ ਸਿਹਤ ਅਤੇ ਸਮਾਜਿਕ ਸੰਕਟ ਦੇ ਸਮੇਂ ਆਈ ਹੈ। ਕੋਵਿਡ-19 ਮਹਾਮਾਰੀ ਸਭ ਤੋਂ ਕਮਜ਼ੋਰ ਵਿਅਕਤੀਆਂ ਅਤੇ ਪਰਿਵਾਰਾਂ ਦੀ ਰੱਖਿਆ ਕਰਨ ਵਾਲੀ ਸਮਾਜਿਕ ਨੀਤੀਆਂ ਵਿਚ ਨਿਵੇਸ਼ ਦੇ ਮਹੱਤਵ ਨੂੰ ਪ੍ਰਗਟ ਕਰਦੀ ਹੈ।
ਇਸ ਸਮੇਂ ਪਰਿਵਾਰ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਪਰਿਵਾਰ ਕੀ ਹੈ ਜੋ ਸਾਨੂੰ ਸੁਰੱਖਿਅਤ ਮਹਿਸੂਸ ਕਰਾਉਂਦਾ ਹੈ। ਇਹ ਸਾਨੂੰ ਮਿਲਜੁਲ ਕੇ ਜੀਵਨ ਵਿਚ ਆਉਣ ਵਾਲੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਯੋਗ ਬਣਾਉਂਦਾ ਹੈ। ਅੱਜ ਦੀ ਨੌਜਵਾਨ ਪੀੜੀ ਸਾਂਝੇ ਪਰਿਵਾਰ ਦੀ ਮਹੱਤਤਾ ਨੂੰ ਭੁੱਲ ਗਈ ਹੈ। ਆਪਣਾ ਇਕਹਿਰਾ ਪਰਿਵਾਰ ਵਸਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਪਰ ਔਖੇ ਵੇਲੇ ਇਹ ਨੌਜਵਾਨ ਨਿਰਾਸ਼ਾ ਦੇ ਹਨੇਰੇ ਵਿਚ ਚਲੇ ਜਾਂਦੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਪਰਿਵਾਰ ਦੀ ਮਹੱਤਤਾ ਨੂੰ ਸਮਝਿਆ ਜਾਵੇ ਅਤੇ ਆਪਣੇ ਵੱਡਿਆਂ ਅਤੇ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਭਰਿਆ ਵਿਵਹਾਰ ਕੀਤਾ ਜਾਵੇ।
ਪੂਜਾ ਸ਼ਰਮਾ
ਲੈਕਚਰਾਰ ਅੰਗਰੇਜ਼ੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033
ਇੰਡੋਨੇਸ਼ੀਆ 'ਚ ਲਾਕਡਾਊਨ ਤੋੜਨਾ ਪਵੇਗਾ ਭਾਰੀ, ਮਿਲੇਗੀ ਟਾਇਲਟ ਸਾਫ ਕਰਨ ਦੀ ਸਜ਼ਾ
NEXT STORY