ਦੁਬਈ—ਈਰਾਨ ’ਚ ਪੁਲਸ ਹਿਰਾਸਤ ’ਚ ਔਰਤ ਦੀ ਮੌਤ ਮਗਰੋਂ ਪ੍ਰਦਰਸ਼ਨਾਂ ਕਾਰਨ ਪੂਰਾ ਦੇਸ਼ ਜਲ ਗਿਆ ਹੈ। 22 ਸਾਲਾ ਮਹਿਸਾ ਅਮੀਨੀ ਦੀ ਮੌਤ ਮਗਰੋਂ ਭੜਕੇ ਵਿਰੋਧ ਪ੍ਰਦਰਸ਼ਨਾਂ ’ਤੇ ਸੁਰੱਖਿਆ ਬਲਾਂ ਦੀ ਕਾਰਵਾਈ ’ਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਸਲੋ ਸਥਿਤ ਇਕ ਐੱਨ.ਜੀ.ਓ. ਨੇ ਵੀਰਵਾਰ ਨੂੰ ਇਹ ਦਾਅਵਾ ਕੀਤਾ। ਇਸ ਘਟਨਾ ਨੂੰ ਲੈ ਕੇ ਈਰਾਨ ’ਚ ਤਿੰਨ ਦਿਨਾਂ ਤੋਂ ਪ੍ਰਦਰਸ਼ਨ ਹੋ ਰਹੇ ਹਨ ਅਤੇ ਰਾਜਧਾਨੀ ਤਹਿਰਾਨ ’ਚ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋਈ ਹੈ। ਈਰਾਨ ਹਿਊਮਨ ਰਾਈਟਸ (ਆਈ. ਐੱਚ. ਆਰ.) ਦੇ ਨਿਰਦੇਸ਼ਕ ਮਹਿਮੂਦ ਏਮੀਰੀ-ਮੋਗਦਾਮ ਨੇ ਇਕ ਬਿਆਨ ’ਚ ਕਿਹਾ, ‘‘ਈਰਾਨ ਦੇ ਲੋਕ ਆਪਣੇ ਮੌਲਿਕ ਅਧਿਕਾਰਾਂ ਅਤੇ ਮਨੁੱਖੀ ਸਨਮਾਨ ਨੂੰ ਹਾਸਲ ਕਰਨ ਲਈ ਸੜਕਾਂ ’ਤੇ ਉੱਤਰੇ ਹਨ. ਸਰਕਾਰ ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਦਾ ਜਵਾਬ ਗੋਲ਼ੀਆਂ ਨਾਲ ਦੇ ਰਹੀ ਹੈ।’’ ਆਈ.ਐੱਚ.ਆਰ. ਨੇ ਦੇਸ਼ ਭਰ ਦੇ 30 ਤੋਂ ਵੱਧ ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨਾਂ ਦੀ ਪੁਸ਼ਟੀ ਕੀਤੀ ਹੈ। ਇਹ ਪ੍ਰਦਰਸ਼ਨ ਸਭ ਤੋਂ ਪਹਿਲਾਂ ਈਰਾਨ ਦੇ ਉੱਤਰੀ ਸੂਬੇ ਕੁਰਦਿਸਤਾਨ ਤੋਂ ਸ਼ੁਰੂ ਹੋਇਆ ਸੀ ਪਰ ਹੁਣ ਇਹ ਹੌਲੀ-ਹੌਲੀ ਪੂਰੇ ਦੇਸ਼ ’ਚ ਫੈਲ ਗਿਆ ਹੈ। ਕੁਰਦਿਸਤਾਨ ਜਿੱਥੇ ਅਮੀਨੀ ਦਾ ਜਨਮ ਹੋਇਆ ਸੀ।
ਆਈ.ਐੱਚ.ਆਰ. ਨੇ ਬੁੱਧਵਾਰ ਨੂੰ ਕਿਹਾ ਕਿ ਕੈਸਪੀਅਨ ਸਾਗਰ ਦੇ ਉੱਤਰੀ ਮਜ਼ਾਂਦਰਾਨ ਸੂਬੇ ਦੇ ਅਮੋਲ ਸ਼ਹਿਰ ’ਚ 11 ਲੋਕ ਅਤੇ ਉਸੇ ਸੂਬੇ ਦੇ ਬਾਬੋਲ ’ਚ ਛੇ ਲੋਕਾਂ ਦੀ ਮੌਤ ਹੋਈ ਸੀ, ਜਦਕਿ ਉੱਤਰ-ਪੂਰਬੀ ਸ਼ਹਿਰ ਤਬਰੀਜ਼ ’ਚ ਇੱਕ ਮੌਤ ਦੀ ਪੁਸ਼ਟੀ ਹੋਈ ਹੈ। ਐਮੀਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਕੀਤੀ ਗਈ ਨਿੰਦਾ ਹੁਣ ਕਾਫ਼ੀ ਨਹੀਂ ਹੈ। ਇਸ ਦੇ ਨਾਲ ਹੀ ਕੁਰਦਿਸ ਰਾਈਟ ਗਰੁੱਪ ਹੇਂਗਾ ਨੇ ਕਿਹਾ ਸੀ ਕਿ ਕੁਰਦਿਸਤਾਨ ਸੂਬੇ ਅਤੇ ਈਰਾਨ ਦੇ ਉੱਤਰ ਦੇ ਹੋਰ ਕੁਰਦ ਆਬਾਦੀ ਵਾਲੇ ਇਲਾਕਿਆਂ ਹੋਰ ਖੇਤਰਾਂ ’ਚ ਹੁਣ ਤੱਕ 15 ਲੋਕ ਮਾਰੇ ਗਏ ਹਨ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਪੂਰੇ ਘਟਨਾਚੱਕਰ ਦੀ ਜਾਂਚ ਦੀ ਮੰਗ ਕੀਤੀ ਹੈ। ਅਮਰੀਕਾ, ਜੋ ਸਾਲ 2015 ’ਚ ਈਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਮੁੜ ਤੋਂ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਨੇ ਇਸਲਾਮਿਕ ਗਣਰਾਜ ਤੋਂ ਔਰਤਾਂ ’ਤੇ ‘ਪ੍ਰਣਾਲੀਗਤ ਅੱਤਿਆਚਾਰ’ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਇਟਲੀ ਨੇ ਵੀ ਮੌਤ ਦੀ ਨਿੰਦਾ ਕੀਤੀ ਹੈ। ਦੂਜੇ ਪਾਸੇ ਈਰਾਨ ਨੇ ਆਲੋਚਨਾਵਾਂ ਨੂੰ ਖਾਰਿਜ ਕਰਦਿਆਂ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।
ਮੂਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਕੈਨੇਡਾ ’ਚ ਦਿਹਾਂਤ
NEXT STORY