ਮਿਲਾਨ, (ਸਾਬੀ ਚੀਨੀਆ)— ਸੈਂਟਰ ਇਟਲੀ ਦੇ ਜ਼ਿਲਾ ਆਰੈਸੋ ਦੇ ਕਸਬਾ ਵਾਲਦਾਰਨੋ ਦੇ ਇਕ ਸਕੂਲ ਵਿਚ ਉਸ ਵੇਲੇ ਭੱਜ ਦੌੜ ਮਚ ਗਈ ਜਦੋਂ ਤਿੰਨ ਸਾਲਾਂ ਬੱਚੇ ਨੂੰ ਸਕੂਲ ਤੋਂ ਘਰ ਲਈ ਲੈਣ ਆਈ ਮਾਂ ਨੂੰ ਉਸ ਦਾ ਬੱਚਾ ਕਲਾਸ ਵਿਚ ਨਾ ਮਿਲਿਆ। ਇਸ ਸਬੰਧੀ ਜਦ ਮਾਂ ਨੇ ਸਕੂਲ ਸਟਾਫ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਤੁਹਾਡਾ ਬੱਚਾ ਤਾਂ ਸਵੇਰ ਤੋਂ ਸਕੂਲ ਨਹੀਂ ਆਇਆ। ਮਾਂ ਰੋ-ਰੋ ਕੇ ਕਹਿ ਰਹੀ ਸੀ ਕਿ ਉਹ ਉਸ ਨੂੰ ਸਵੇਰ ਵੇਲੇ ਖੁਦ ਸਕੂਲ ਬੱਸ ਵਿਚ ਚੜ੍ਹਾ ਕੇ ਗਈ ਸੀ।

ਮਾਮਲਾ ਗਰਮਾਉਣ ਤੋਂ ਬਾਅਦ ਜਦ ਪਾਰਕਿੰਗ ਵਿਚ ਖੜ੍ਹੀ ਸਕੂਲ ਬੱਸ ਵਿਚ ਵੇਖਿਆ ਗਿਆ ਤਾਂ ਪਤਾ ਲੱਗਾ ਕਿ 3 ਸਾਲਾ ਮਾਸੂਮ ਪਿਛਲੇ 6 ਘੰਟਿਆਂ ਤੋਂ ਬੱਸ ਦੀ ਸੀਟ 'ਤੇ ਸੈਫਟੀ ਬੈਲਟ ਨਾਲ ਬੱਝਾ ਭੁੱਖ-ਪਿਆਸ ਨਾਲ ਤੜਫ ਰਿਹਾ ਸੀ। ਬੱਚਾ ਬਾਹਰ ਆਉਣ ਲਈ ਛੇ ਘੰਟਿਆਂ ਚੀਕਾਂ ਮਾਰ ਕੇ ਰੋ ਰਿਹਾ ਸੀ ਪਰ ਕਿਸੇ ਨੂੰ ਵੀ ਉਸ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਬੱਚੇ ਨੂੰ ਮੁਢੱਲੀ ਸਹਾਇਤਾ ਲਈ ਨੇੜਲੇ ਹਸਪਤਾਲ ਪਹੁੰਚਾਉਣ ਤੋਂ ਬਾਅਦ ਠੀਕ ਪਾਇਆ ਗਿਆ ਪਰ ਬੱਚਾ ਕਾਫੀ ਘਬਰਾ ਗਿਆ ਸੀ। ਬੱਸ ਡਰਾਈਵਰ ਵਲੋਂ ਕੀਤੀ ਗਈ ਲਾਪਰਵਾਹੀ ਲਈ ਉਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਘਟਨਾ ਦੀ ਸਥਾਨਕ ਅਤੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ।
ਸਮਾਰਟਫੋਨ ਕਾਰਨ ਇਕ ਅਰਬ ਤੋਂ ਵੱਧ ਲੋਕਾਂ ਨੂੰ ਘੱਟ ਸੁਣਨ ਦਾ ਖਤਰਾ
NEXT STORY