ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲਾਂਗਲੀ 'ਚ ਰਹਿਣ ਵਾਲੀ ਇਕ ਔਰਤ ਨੂੰ ਉਸ ਦੇ ਸਬਰ ਦਾ ਫਲ ਮਿਲਿਆ ਹੈ। ਪਤੀ ਦੇ ਤਲਾਕ ਦੇਣ ਮਗਰੋਂ ਕਈ ਸਾਲਾਂ ਤਕ ਉਹ ਦਿਨ-ਰਾਤ ਮਿਹਨਤ ਕਰਕੇ ਦੋ ਧੀਆਂ ਨੂੰ ਪਾਲਦੀ ਰਹੀ। ਇਸ ਔਰਤ ਨੇ ਦੱਸਿਆ ਕਿ 1994 'ਚ ਉਨ੍ਹਾਂ ਦਾ ਵਿਆਹ ਹੋਇਆ ਤੇ ਦੋ ਧੀਆਂ ਦੇ ਜਨਮ ਮਗਰੋਂ 2001 'ਚ ਉਸ ਦਾ ਤਲਾਕ ਹੋ ਗਿਆ। ਅਦਾਲਤ ਨੇ ਕਿਹਾ ਸੀ ਕਿ ਇਸ ਵਿਅਕਤੀ ਨੂੰ ਬੱਚੀਆਂ ਦੀ ਪਰਵਰਿਸ਼ ਲਈ 1600 ਡਾਲਰ ਹਰ ਮਹੀਨੇ ਦੇਣੇ ਪੈਣਗੇ ਪਰ ਉਸ ਨੇ ਇਸ ਹੁਕਮ ਨੂੰ ਕਦੇ-ਕਦੇ ਹੀ ਮੰਨਿਆ। ਅਦਾਲਤ ਨੇ ਇਸ ਪਰਿਵਾਰ ਦਾ ਨਾਂ ਗੁਪਤ ਰੱਖਿਆ ਹੈ।
ਔਰਤ ਨੇ ਕਿਹਾ ਕਿ ਉਸ ਦੇ ਤਲਾਕਸ਼ੁਦਾ ਪਤੀ ਦੀ ਤਨਖਾਹ ਹੌਲੀ-ਹੌਲੀ ਇੰਨੀ ਵਧ ਗਈ ਕਿ ਉਹ ਲੱਖਾਂ 'ਚ ਖੇਡਣ ਲੱਗਾ ਪਰ ਉਸ ਨੂੰ ਕਦੇ ਖਿਆਲ ਨਾ ਆਇਆ ਕਿ ਉਸ ਦੀਆਂ ਧੀਆਂ ਤੇ ਪਤਨੀ ਕਿਸ ਹਾਲ 'ਚ ਹਨ। ਉਹ ਇਕ ਛੋਟੇ ਜਿਹੇ ਘਰ 'ਚ ਰਹਿੰਦੀ ਸੀ ਤੇ ਕਈ ਵਾਰ ਉਹ ਸੋਫੇ ਜਾਂ ਫਰਸ਼ 'ਤੇਂ ਸੌਂਦੀ ਰਹੀ। ਵੀਰਵਾਰ ਨੂੰ ਹੋਈ ਸੁਣਵਾਈ 'ਚ ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ ਕਈ ਮਹੀਨੇ ਤਕ ਬੱਚੀਆਂ ਨੂੰ ਪੈਸੇ ਭੇਜੇ ਹੀ ਨਹੀਂ। ਬੱਚੀਆਂ ਦੀ ਮਾਂ ਜੋ ਇਕ ਨਿੱਜੀ ਸਕੂਲ 'ਚ ਅਧਿਆਪਕਾ ਹੈ, ਦਿਨ-ਰਾਤ ਮਿਹਨਤ ਕਰਦੀ ਰਹੀ। ਸਕੂਲ ਮਗਰੋਂ ਉਹ ਇਕ ਹੋਟਲ 'ਚ ਵੇਟਰਸ ਲੱਗੀ। ਹੁਣ ਉਸ ਦੀ ਇਕ ਧੀ 19 ਸਾਲ ਦੀ ਹੋ ਗਈ ਹੈ ਤੇ ਉਸ ਦਾ ਪਤੀ ਕਦੇ-ਕਦੇ 800 ਡਾਲਰ ਪ੍ਰਤੀ ਮਹੀਨਾ ਭੇਜਦਾ ਹੈ ਤੇ ਕਦੇ ਭੇਜਦਾ ਹੀ ਨਹੀਂ। ਇਸ ਲਈ ਕੁੜੀਆਂ ਦੀ ਅਗਲੀ ਪੜ੍ਹਾਈ ਹੋਣੀ ਮੁਸ਼ਕਲ ਹੈ। ਇਸ ਔਰਤ ਨੇ ਕਾਨੂੰਨੀ ਮਦਦ ਮੰਗੀ ਅਤੇ ਕੇਸ ਚੱਲਿਆ। ਕੇਸ ਦੀ ਸੁਣਵਾਈ ਕਰਨ ਵਾਲੀ ਜੱਜ ਨੇ ਕਿਹਾ ਕਿ ਉਸ ਨੂੰ ਅਫਸੋਸ ਹੈ ਕਿ ਇਕ ਮਾਂ ਨੂੰ ਇੰਨਾ ਕੁੱਝ ਸਹਿਣ ਕਰਨਾ ਪਿਆ, ਜਦ ਕਿ ਇਨ੍ਹਾਂ ਧੀਆਂ ਦਾ ਪਿਤਾ ਲੱਖਾਂ 'ਚ ਖੇਡਦਾ ਰਿਹਾ। ਅਦਾਲਤ ਨੇ ਫੈਸਲਾ ਸੁਣਾਇਆ ਕਿ ਇਹ ਪਿਤਾ ਹੁਣ ਆਪਣੀਆਂ ਧੀਆਂ ਲਈ 500,000 ਡਾਲਰ ਦੇਵੇਗਾ। ਇਸ ਤੋਂ ਇਲਾਵਾ ਉਸ ਨੂੰ ਹਰ ਮਹੀਨੇ ਬੱਚੀਆਂ ਲਈ 1,041 ਡਾਲਰ ਵੀ ਭੇਜਣੇ ਪੈਣਗੇ। ਇਸ ਔਰਤ ਨੇ ਦੱਸਿਆ ਕਿ ਬੱਚੀਆਂ ਦੀ ਪੜ੍ਹਾਈ ਲਈ ਉਸ ਨੇ ਕਰਜ਼ੇ ਵੀ ਲਏ ਅਤੇ ਕਈ ਵਾਰ ਆਪਣੇ ਪਿਤਾ ਤੋਂ ਪੈਸੇ ਮੰਗ-ਮੰਗ ਕੇ ਗੁਜ਼ਾਰਾ ਵੀ ਕੀਤਾ ਤੇ ਹੁਣ ਪ੍ਰਮਾਤਮਾ ਨੇ ਉਸ ਨੂੰ ਉਸ ਦੇ ਸਬਰ ਦਾ ਫਲ ਦੇ ਦਿੱਤਾ ਹੈ।
50 ਸਾਲਾ ਕੈਥਰੀਨ ਦਾ ਗੋਤਾਖੋਰੀ ਕਰਨ ਦਾ ਸੁਪਨਾ ਇਸ ਤਰ੍ਹਾਂ ਹੋਇਆ ਪੂਰਾ
NEXT STORY