ਇਟਲੀ (ਸਾਬੀ ਚੀਨੀਆ) - ਤਿੰਨ ਕੁ ਦਿਹਾਕੇ ਪਹਿਲਾਂ ਇਟਲੀ ’ਚ ਆਏ ਵੱਸੇ ਪੰਜਾਬੀਆਂ ਨੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀਆਂ ਆਉਣ ਵਾਲੀਆ ਪੀੜੀਆਂ ਦੇ ਵਾਰਸ ਇਕ ਦਿਨ ਪੜ੍ਹ-ਲਿਖ ਕੇ ਆਪਣੇ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਲਈ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ। ਅਜਿਹਾ ਕਰ ਵਿਖਾਇਆ ਹੈ ਪਟਿਆਲੇ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ ’ਚੋਂ ਉੱਠ ਕੇ ਇਟਲੀ ਆਏ ਹਰਵਿੰਦਰ ਸਿੰਘ ਪਟਵਾਰ ਨੇ।
ਉਨ੍ਹਾਂ ਨੇ ਐਕਸਟਰਾ ਜੂਡੀਸ਼ੀਅਲ ਵਕੀਲ ਬਣ ਕੇ ਆਪਣੇ ਭਾਰਤੀ ਭਾਈਚਾਰੇ ਨੂੰ ਰੋਡ ਐਕਸੀਡੈਂਟ ਦੇ ਕੇਸਾਂ ’ਚ ਹੋ ਰਹੀ ਅੰਨੀ ਲੁੱਟ ਤੋਂ ਬਚਾਉਣ ਤੇ ਇਨਸਾਫ ਦਿਵਾਉਣ ਲਈ ਇਸ ਖਿੱਤੇ ਨੂੰ ਚੁਣਿਆ ਸੀ। ਇਟਲੀ ਦੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰ ਕੇ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਹਰਵਿੰਦਰ ਸਿੰਘ ਪਟਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਭਾਰਤੀਆਂ ਨਾਲ ਗੋਰੇ ਵਕੀਲਾਂ ਨੇ ਕਦੇ ਇਨਸਾਫ ਨਹੀਂ ਕੀਤਾ ਸਗੋਂ ਰੱਜ ਕੇ ਲੁੱਟਿਆ ਤੇ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਰ ਕੇ ਸ਼ੋਸ਼ਣ ਵੀ ਕੀਤਾ। ਕਈ ਭਾਰਤੀਆਂ ਨਾਲ ਸੜਕ ਹਾਦਸਿਆਂ ਦੇ ਮਾਮਲਿਆਂ ’ਚ ਵੱਡੀਆਂ ਠੱਗੀਆਂ ਵੀ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਸੰਨ 2006 ’ਚ ਪਟਵਾਰ ਆਪਣੇ ਮਾਪਿਆਂ ਨਾਲ ਇਟਲੀ ਦੇ ਜ਼ਿਲਾ ਲਤੀਨਾਂ ’ਚ ਵੱਸਿਆ ਸੀ, ਜਿੱਥੇ ਸ਼ੁਰੂਆਤ ’ਚ ਉਸ ਨੇ ਖੇਤੀ ਫਾਰਮਾਂ ਤੇ ਸਮੁੰਦਰੀ ਕੰਢਿਆਂ ’ਤੇ ਬੱਚਿਆਂ ਦੇ ਖਿਡੌਣੇ ਵੇਚਣ ਦਾ ਕੰਮ ਵੀ ਕੀਤਾ ਸੀ ਪਰ ਉਸ ਨੇ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਦਿਆਂ ਬਿਜ਼ਨਸ ਨੂੰ ਅਹਿਮੀਅਤ ਦਿੱਤੀ ਅਤੇ ਐਕਸਟਰਾ ਯੂਡੀਸ਼ੀਅਲ ਜੱਜ ਦੀ ਡਿਗਰੀ ਲਈ। ਉਹ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇਥੋਂ ਦੀਆਂ ਅਦਾਲਤਾਂ ’ਚ ਕੇਸਾਂ ਦੀ ਪੈਰਵਾਈ ਕਰਦਾ ਨਜ਼ਰ ਆਵੇਗਾ।
ਵਕੀਲ ਐਲੀਨਾ ਹੱਬਾ ਟਰੰਪ ਦੀ ਸਲਾਹਕਾਰ ਨਿਯੁਕਤ
NEXT STORY