ਅਲਬਰਟਾ— ਕੈਨੇਡਾ 'ਚ 'ਯੂਨੀਵਰਸਿਟੀ ਆਫ ਅਲਬਰਟਾ' ਵੱਲੋਂ ਫੀਸ ਵਧਾਉਣ 'ਤੇ ਵਿਦਿਆਰਥੀ ਨਿਰਾਸ਼ ਹਨ। ਸਿਰਫ ਕੈਨੇਡੀਅਨ ਹੀ ਨਹੀਂ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਵਧੀਆਂ ਫੀਸਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅੱਗੇ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਯੂਨੀਵਰਸਿਟੀ ਦੇ ਕੈਮਪਸ 'ਅਡਮਿੰਟਨ ਕਲੀਨਕ ਹੈਲਥ ਅਕੈਡਮੀ' 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪ੍ਰਬੰਧ ਕੀਤਾ ਗਿਆ ਸੀ ਪਰ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 16 ਮਾਰਚ ਨੂੰ ਯੂਨੀਵਰਸਿਟੀ ਦਾ ਬਜਟ ਪੇਸ਼ ਹੋਣ ਤੋਂ ਬਾਅਦ ਵਿਦਿਆਰਥੀ ਵਿਰੋਧ ਕਰ ਰਹੇ ਹਨ। ਸਲਾਨਾ ਵਿੰਟਰ ਫੋਰਮ ਦੌਰਾਨ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਮੁਖੀ ਡੇਵਿਟ ਟਰਪਿਨ ਅੱਗੇ ਪ੍ਰਦਰਸ਼ਨ ਕਰਦਿਆਂ ਨਾਅਰੇ ਲਗਾਏ। 'ਲੈਟ ਅਜ਼ ਸਪੀਕ' ਦੇ ਨਾਅਰਿਆਂ ਨਾਲ ਹਾਲ ਗੂੰਜ ਰਿਹਾ ਸੀ। ਬਾਇਯਿਨਾਹ ਸਈਦ ਨਾਂ ਦੀ ਵਿਦਿਆਰਥਣ ਨੇ ਕਿਹਾ ਕਿ ਅਧਿਕਾਰੀ ਵਿਦਿਆਰਥੀਆਂ ਦੀ ਅਪੀਲ ਨੂੰ ਸੁਣ ਨਹੀਂ ਰਹੇ। ਜਦ ਟਰਪਿਨ ਵਿਦਿਆਰਥੀਆਂ ਕੋਲੋਂ ਲੰਘੇ ਤਾਂ ਉਹ ਮੁਸਕਰਾ ਰਹੇ ਸਨ। ਜਦ ਟਰਪਿਨ ਆਪਣੇ ਦਫਤਰ ਵੱਲ ਵਧੇ ਤਾਂ ਵਿਦਿਆਰਥੀ ਉਨ੍ਹਾਂ ਦੇ ਪਿੱਛੇ ਗਏ ਅਤੇ 'ਆਪਣੀ ਸੈਲਰੀ ਕਟਾਓ' ਦੇ ਨਾਅਰੇ ਲਗਾਉਣ ਲੱਗੇ।
ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਮੈਰੀਨਾ ਬੈਨੀਸਟਰ ਨੇ ਕਿਹਾ ਕਿ ਬੋਰਡ ਵੱਲੋਂ 3 ਏਰੀਏਜ਼ 'ਚ ਫੀਸ ਵਧਾਈ ਗਈ ਹੈ। ਕੌਮਾਂਤਰੀ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਲਈ 3.14 ਫੀਸਦੀ ਵਧੇਰੇ ਫੀਸ ਦੇਣੀ ਪਵੇਗੀ। ਜਿਹੜੇ ਵਿਦਿਆਰਥੀ ਹੋਸਟਲ 'ਚ ਰਹਿ ਰਹੇ ਹਨ, ਉਨ੍ਹਾਂ ਨੂੰ 4 ਫੀਸਦੀ ਵਧੇਰੇ ਕਿਰਾਇਆ ਖਰਚਣਾ ਪਵੇਗਾ ਅਤੇ ਖਾਣ-ਪੀਣ ਦਾ ਖਰਚਾ 15.8 ਫੀਸਦੀ ਹੋਵੇਗਾ। ਵਧੇਰੇ ਵਿਦੇਸ਼ੀ ਵਿਦਿਆਰਥੀ ਹੋਸਟਲ 'ਚ ਹੀ ਰਹਿੰਦੇ ਹਨ ਅਤੇ ਜੇਕਰ ਉਨ੍ਹਾਂ 'ਤੇ ਇਹ ਤਿੰਨੋਂ ਖਰਚੇ ਪੈਣੇ ਹਨ ਤਾਂ ਉਨ੍ਹਾਂ ਨੂੰ ਅਗਲੇ ਸਾਲ ਤਕ 1500 ਡਾਲਰ ਵਧੇਰੇ ਖਰਚਣੇ ਪੈਣਗੇ। ਯੂਨੀਵਰਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਤੇ ਗੱਲ-ਬਾਤ ਕਰ ਰਹੇ ਹਨ ਤਾਂ ਕਿ ਕੌਮਾਂਤਰੀ ਵਿਦਿਆਰਥੀਆਂ 'ਤੇ ਬੋਝ ਨਾ ਵਧੇ। ਸੈਂਕੜੇ ਵਿਦਿਆਰਥੀਆਂ ਨੇ ਕਿਹਾ ਕਿ ਮਹਿੰਗਾਈ ਦੇ ਸਮੇਂ ਉਨ੍ਹਾਂ 'ਤੇ ਬੋਝ ਹੋਰ ਵੀ ਵਧ ਗਿਆ ਹੈ।
6 ਸਾਲ ਬਾਅਦ ਪਾਕਿ ਪਰਤੀ ਮਲਾਲਾ, ਅੱਤਵਾਦੀ ਹਮਲੇ ਤੋਂ ਬਾਅਦ ਛੱਡਿਆ ਸੀ ਦੇਸ਼
NEXT STORY