ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਕੋਰੋਨਾ ਮਹਾਮਾਰੀ ਅਤੇ ਬ੍ਰੈਕਜ਼ਿਟ ਤਬਦੀਲੀ ਕਾਰਨ ਜ਼ਿਆਦਾਤਰ ਕਾਰੋਬਾਰ ਪ੍ਰਭਾਵਿਤ ਹੋਣ ਦੇ ਨਾਲ ਵੱਡੇ ਪੱਧਰ 'ਤੇ ਟਰੱਕ ਡਰਾਈਵਰਾਂ ਦੀ ਘਾਟ ਵੀ ਪੈਦਾ ਹੋਈ ਹੈ, ਜੋ ਕਿ ਦੇਸ਼ ਵਿਚ ਗੁਆਂਢੀ ਮੁਲਕਾਂ ਵਿਚੋਂ ਵਸਤਾਂ ਦੇ ਆਯਾਤ- ਨਿਰਯਾਤ ਦਾ ਧੁਰਾ ਹਨ। ਪਰ ਇਸ ਪੈਦਾ ਹੋਈ ਡਰਾਈਵਰਾਂ ਦੀ ਘਾਟ ਅਤੇ ਸਪਲਾਈ ਲਾਈਨਾਂ ਵਿਚ ਪਏ ਵਿਘਨ ਕਾਰਨ ਰਾਜਧਾਨੀ ਲੰਡਨ ਅਤੇ ਦੇਸ਼ ਦੇ ਹੋਰ ਖੇਤਰਾਂ ਵਿਚ ਨਸ਼ੀਲੇ ਪਦਾਰਥਾਂ ਦੀ ਆਮਦ ਵੀ ਘਟੀ ਹੈ।
ਇਹਨਾਂ ਨਸ਼ੀਲੇ ਪਦਾਰਥਾਂ ਵਿਚ ਐੱਮ. ਡੀ. ਐੱਮ. ਏ. (ਨਸ਼ੀਲਾ ਪਾਊਡਰ ਤੇ ਗੋਲੀਆਂ) ਪ੍ਰਮੁੱਖ ਹੈ। ਕਿਉਂਕਿ ਜ਼ਿਆਦਾਤਰ ਤਸਕਰ ਯੂਰਪੀਅਨ ਦੇਸ਼ਾਂ ਤੋਂ ਆ ਰਹੇ ਹੋਰ ਸਮਾਨ ਦੇ ਟਰੱਕਾਂ ਵਿਚ ਨਸ਼ੀਲੇ ਪਦਾਰਥਾਂ ਨੂੰ ਲੁਕੋ ਕੇ ਯੂਕੇ ਵਿਚ ਇਹਨਾਂ ਦੀ ਤਸਕਰੀ ਕਰਦੇ ਹਨ। ਮਾਹਰਾਂ ਅਨੁਸਾਰ ਮੌਜੂਦਾ ਸਮੇਂ ਕੋਰੋਨਾ ਤੇ ਬ੍ਰੈਕਜ਼ਿਟ ਕਰਕੇ ਯੂਕੇ ਭਰ ਵਿਚ ਵਸਤੂਆਂ ਦੀ ਆਵਾਜਾਈ ਵਿਚ ਭਾਰੀ ਵਾਹਨਾਂ (ਐੱਚ. ਜੀ. ਵੀ.) ਵਿਚ ਆਈ ਕਮੀ ਨਾਲ ਗੈਰ-ਕਨੂੰਨੀ ਪਦਾਰਥਾਂ ਦੀ ਸਪਲਾਈ ਪ੍ਰਭਾਵਤ ਹੋਈ ਹੈ।
ਅਧਿਕਾਰੀਆਂ ਅਨੁਸਾਰ ਪਿਛਲੇ 18 ਮਹੀਨਿਆਂ ਵਿਚ ਲੰਡਨ ਦਾ ਕੋਕੀਨ ਬਾਜ਼ਾਰ ਖ਼ਾਸ ਤੌਰ 'ਤੇ ਪ੍ਰਭਾਵਿਤ ਹੋਇਆ ਹੈ, ਜਦੋਂ ਕਿ ਯੂਕੇ ਦੀ ਰਾਜਧਾਨੀ ਤੋਂ ਬਾਹਰ ਦੇ ਹੋਰ ਖੇਤਰਾਂ ਵਿਚ ਵੀ ਡਰੱਗਜ਼ ਦੀ ਕਮੀ ਵੇਖੀ ਗਈ ਹੈ। 'ਡਰੱਗਜ਼ ਚੈਰਿਟੀ ਰੀਲੀਜ਼' ਦੇ ਕਾਰਜਕਾਰੀ ਨਿਰਦੇਸ਼ਕ ਨਿਆਮ ਈਸਟਵੁੱਡ ਅਨੁਸਾਰ ਯੂਕੇ ਦੇ ਕੁੱਝ ਹਿੱਸਿਆਂ ਵਿਚ ਐੱਮ. ਡੀ. ਐੱਮ. ਏ. ਦੀ ਉਪਲਬਧਤਾ ਬੁਰੀ ਤਰ੍ਹਾਂ ਘੱਟ ਗਈ ਹੈ। ਨਿਆਮ ਅਨੁਸਾਰ ਇਹ ਯੂਰਪ ਤੋਂ ਸਮਾਨ ਲਿਆਉਣ ਵਾਲੇ ਐੱਚ. ਜੀ. ਵੀ. ਵਾਹਨਾਂ ਦੀ ਕਮੀ ਦਾ ਨਤੀਜਾ ਹੋ ਸਕਦਾ ਹੈ, ਜਿੱਥੇ ਗੈਰ-ਕਨੂੰਨੀ ਸਾਮਾਨ ਨੂੰ ਆਮ ਤੌਰ 'ਤੇ ਕਾਨੂੰਨੀ ਉਤਪਾਦਾਂ ਦੇ ਵਿਚ ਲੁਕਾਇਆ ਜਾਂਦਾ ਸੀ।
ਹਾਲਾਂਕਿ ਗਲੋਬਲ ਡਰੱਗਜ਼ ਸਰਵੇ ਦੇ ਪ੍ਰੋਫੈਸਰ ਵਿਨਸਟੌਕ ਦਾ ਕਹਿਣਾ ਹੈ ਕਿ ਸਪਲਾਈ ਲਾਈਨਾਂ ਕੁੱਝ ਹੱਦ ਤੱਕ ਕੋਵਿਡ ਅਤੇ ਬ੍ਰੈਕਜ਼ਿਟ ਨਾਲ ਪ੍ਰਭਾਵਿਤ ਹੋਈਆਂ ਹਨ, ਪਰੰਤੂ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਕਿ ਹਾਲ ਹੀ ਵਿਚ ਓਵਰਡੋਜ਼ ਜਾਂ ਦਵਾਈਆਂ ਵਿਚ ਬਦਲਾਅ ਲਈ ਇਹ ਮੁੱਦੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਨਸ਼ਿਆਂ ਦੀ ਮੰਗ ਵਿਚ ਕਮੀ ਆਈ ਹੈ ਪਰ ਸਪਲਾਈ ਦੇ ਭੰਡਾਰ ਹੋਣ ਦੀ ਸੰਭਾਵਨਾ ਹੈ।
ਜਾਪਾਨ ਦੇ PM ਦਾ ਅਹੁਦਾ ਛੱਡਣਗੇ ਯੋਸ਼ੀਹਿਦਾ ਸੁਗਾ
NEXT STORY