ਪੈਰਿਸ (ਬਿਊਰੋ)— ਹਰ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਘਰ ਵਧੀਆ ਜਗ੍ਹਾ 'ਤੇ ਹੋਵੇ। ਕੀ ਤੁਸੀਂ ਕਦੇ ਸਮੁੰਦਰ ਵਿਚ ਤੈਰਦੇ ਘਰ ਦੀ ਕਲਪਨਾ ਕੀਤੀ ਹੈ। ਜੇ ਕੀਤੀ ਹੈ ਤਾਂ ਤੁਹਾਡੀ ਇਸ ਕਲਪਨਾ ਨੂੰ ਹੁਣ ਫਰਾਂਸ ਦੀ ਸਰਕਾਰ ਨੇ ਸੱਚ ਕਰ ਦਿੱਤਾ ਹੈ। ਅਸਲ ਵਿਚ ਫਰਾਂਸ ਦੀ ਸਰਕਾਰ ਦੱਖਣੀ ਪ੍ਰਸ਼ਾਂਤ ਸਾਗਰ ਵਿਚ ਇਕ-ਦੋ ਘਰ ਨਹੀਂ ਬਲਕਿ ਇਕ ਪੂਰਾ ਸ਼ਹਿਰ ਵਸਾਉਣ ਦੀ ਤਿਆਰੀ ਕਰ ਰਹੀ ਹੈ। ਫਰਾਂਸ ਸਰਕਾਰ ਨੇ ਨਵੇਂ ਸ਼ਹਿਰ ਵਸਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2020 ਤੱਕ ਇਸ ਸ਼ਹਿਰ ਵਿਚ ਢਾਈ ਤੋਂ ਤਿੰਨ ਸੌ ਲੋਕ ਰਹਿਣ ਲੱਗਣਗੇ।
1135 ਕਰੋੜ ਰੁਪਏ ਦਾ ਆਵੇਗਾ ਖਰਚ
ਦੁਨੀਆ ਦੇ ਪਹਿਲੇ ਤੈਰਦੇ ਹੋਏ ਸ਼ਹਿਰ ਨੂੰ ਵਸਾਉਣ ਲਈ ਫਰਾਂਸ ਦੀ ਪਾਲੀਨੇਸ਼ੀਆ ਸਰਕਾਰ ਅਤੇ ਸੈਸਟੇਡਿੰਗ ਇੰਸਟੀਚਿਊਟ ਦੇ ਵਿਚਕਾਰ ਸਮਝੌਤਾ ਹੋਇਆ ਹੈ। 1135 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਸ਼ਹਿਰ ਦਾ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ। ਸੈਸਟੇਡਿੰਗ ਇੰਸਟੀਚਿਊਟ ਦੇ ਪ੍ਰਧਾਨ ਜੋਅ ਕਵਾਰਕ ਮੁਤਾਬਕ ਜਲਦੀ ਹੀ ਅਸੀਂ ਇਸ ਡਿਜ਼ਾਈਨ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ। ਸਾਨੂੰ ਉਮੀਦ ਹੈ ਕਿ ਸਾਲ 2020 ਤੱਕ ਇੱਥੇ ਢਾਈ ਤੋਂ ਤਿੰਨ ਸੌ ਲੋਕ ਰਹਿਣ ਲੱਗਣਗੇ ਅਤੇ ਸਾਲ 2050 ਤੱਕ ਇਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੋਵੇਗੀ।
ਦੇਖਿਆ ਸੀ ਤੈਰਦੇ ਸ਼ਹਿਰ ਦਾ ਸੁਪਨਾ
ਸੈਸਟੇਡਿੰਗ ਇੰਸਟੀਚਿਊਟ ਦੇ ਮੋਢੀ ਪੇਟਰ ਥੇਲ ਨੇ ਸਮੁੰਦਰ ਵਿਚ ਇਕ ਸ਼ਹਿਰ ਵਸਾਉਣ ਦਾ ਸੁਪਨਾ ਦੇਖਿਆ ਸੀ। ਫਰਾਂਸ ਦੀ ਪਾਲੀਨੇਸ਼ੀਆ ਸਰਕਾਰ ਮੁਤਾਬਕ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ 118 ਟਾਪੂਆਂ ਦਾ ਇਕ ਸਮੂਹ ਹੈ। ਪਾਣੀ ਦਾ ਲੈਵਲ ਵਧਣ ਕਾਰਨ ਇਨ੍ਹਾਂ ਟਾਪੂਆਂ ਦੇ ਡੁੱਬਣ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਟਾਪੂਆਂ ਦੇ ਆਲੇ-ਦੁਆਲੇ ਅਜਿਹੇ ਸ਼ਹਿਰ ਵਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਸਮੁੰਦਰ ਵਿਚ ਤੈਰਦੇ ਰਹਿਣਗੇ।
ਇਹ ਗੱਲ ਖਾਸ ਹੋਵੇਗੀ ਇਸ ਸ਼ਹਿਰ ਵਿਚ
ਸਮੁੰਦਰ ਵਿਚ ਤੈਰਨ ਵਾਲਾ ਇਹ ਸ਼ਹਿਰ ਭਾਵੇਂ ਦੁਨੀਆ ਤੋਂ ਵੱਖ ਹੋਵੇਗਾ ਪਰ ਇਸ ਅੰਦਰ ਉਹ ਸਾਰੀਆਂ ਸਹੂਲਤਾਂ ਹੋਣਗੀਆਂ, ਜਿਹੜੀਆਂ ਆਮ ਸ਼ਹਿਰਾਂ ਵਿਚ ਹੁੰਦੀਆਂ ਹਨ। ਸੂਤਰਾਂ ਮੁਤਾਬਕ ਇਸ ਸ਼ਹਿਰ ਵਿਚ ਖੇਤੀ, ਹੈਲਥ ਕੇਅਰ , ਮੈਡੀਕਲ ਰਿਸਰਚ ਸੈਂਟਰ, ਟਿਕਾਊ ਊਰਜਾ ਦੇਣ ਵਾਲ ਪਾਵਰ ਹਾਊਸ ਵੀ ਮੌਜੂਦ ਹਣਗੇ। ਇਸ ਸ਼ਹਿਰ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਆਉਣ ਵਾਲੇ 100 ਸਾਲਾਂ ਤੱਕ ਇਸ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦਾ ਹੋਰ ਨਿਰਮਾਣ ਕੰਮ ਕੀਤਾ ਜਾ ਸਕੇ।
ਜਨਮ ਦਿਨ ਮਨਾ ਰਹੇ ਸਨ 50 ਰਿਸ਼ਤੇਦਾਰ, ਭੂਚਾਲ ਨੇ ਇਕੋ ਝਟਕੇ 'ਚ ਲੈ ਲਈ ਸਭ ਦੀ ਜਾਨ
NEXT STORY