ਬੀਜਿੰਗ — ਪੂਰਬੀ ਚੀਨ ਦੇ ਜਿਆਂਗਸੂ ਸੂਬੇ 'ਚ ਸ਼ਨੀਵਾਰ ਨੂੰ ਇਕ ਵੋਕੇਸ਼ਨਲ ਸਕੂਲ 'ਚ ਚਾਕੂ ਨਾਲ ਕੀਤੇ ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਯਿਕਸਿੰਗ ਸ਼ਹਿਰ ਦੇ ਵੂਸੀ ਵੋਕੇਸ਼ਨਲ ਇੰਸਟੀਚਿਊਟ ਆਫ ਆਰਟਸ ਐਂਡ ਟੈਕਨਾਲੋਜੀ ਵਿੱਚ ਸ਼ਾਮ ਕਰੀਬ 6.30 ਵਜੇ ਹੋਇਆ। ਸੂਬੇ ਦੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਯਿਕਸਿੰਗ ਦੇ ਜਨਤਕ ਸੁਰੱਖਿਆ ਬਿਊਰੋ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਸ਼ੱਕੀ 21 ਸਾਲਾ ਜ਼ੂ, ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਉਸਨੇ ਜੁਰਮ ਕਬੂਲ ਕਰ ਲਿਆ ਹੈ।
ਪੁਲਸ ਦੇ ਅਨੁਸਾਰ, ਜੂ ਇੱਕ ਇਮਤਿਹਾਨ ਵਿੱਚ ਫੇਲ ਹੋਣ ਅਤੇ ਆਪਣੀ ਇੰਟਰਨਸ਼ਿਪ ਦੀ ਤਨਖਾਹ ਤੋਂ ਅਸੰਤੁਸ਼ਟ ਹੋਣ ਕਾਰਨ ਗ੍ਰੈਜੂਏਸ਼ਨ ਸਰਟੀਫਿਕੇਟ ਨਾ ਮਿਲਣ 'ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਸਕੂਲ ਪਰਤਿਆ ਸੀ। ਖਬਰਾਂ ਵਿੱਚ ਕਿਹਾ ਗਿਆ ਹੈ ਕਿ ਬਚਾਅ ਕਾਰਜ ਜਾਰੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਫ਼ਤੇ ਨਾਗਰਿਕਾਂ 'ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। 12 ਨਵੰਬਰ ਨੂੰ, ਜ਼ੂਹਾਈ ਸ਼ਹਿਰ ਦੇ ਇੱਕ ਖੇਡ ਕੇਂਦਰ ਵਿੱਚ ਇੱਕ ਵਿਅਕਤੀ ਨੇ ਆਪਣੀ ਕਾਰ ਲੋਕਾਂ ਦੀ ਭੀੜ 'ਤੇ ਚੜ੍ਹਾ ਦਿੱਤੀ ਸੀ, ਜਿਸ ਵਿੱਚ 35 ਲੋਕਾਂ ਦੀ ਮੌਤ ਅਤੇ 43 ਜ਼ਖਮੀ ਹੋ ਗਏ ਸਨ। ਮਾਮਲੇ 'ਚ ਫੈਨ ਨਾਂ ਦੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਪੁਲਸ ਨੇ ਕਿਹਾ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਤੋਂ ਅਸੰਤੁਸ਼ਟ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਘਟਨਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਜ਼ਖਮੀਆਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲ ਹੀ ਦੇ ਮਹੀਨਿਆਂ 'ਚ ਚੀਨ 'ਚ ਨਾਗਰਿਕਾਂ 'ਤੇ ਕਾਰ ਕੁਚਲਣ ਅਤੇ ਚਾਕੂ ਨਾਲ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸੁਰੱਖਿਆ ਅਧਿਕਾਰੀ ਅਕਸਰ ਇਨ੍ਹਾਂ ਘਟਨਾਵਾਂ ਲਈ ਅਸੰਤੁਸ਼ਟ ਤੱਤਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਪਾਕਿਸਤਾਨੀ ਫੌਜੀ ਕੈਂਪ 'ਤੇ ਹਮਲਾ, 7 ਜਵਾਨ ਸ਼ਹੀਦ
NEXT STORY